ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦਾ CM ਮਾਨ 'ਤੇ ਤੰਜ਼, AAP ਨੇ ਵੀ ਦਿੱਤਾ ਜਵਾਬ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੋਵੇਂ ਮੁੱਖ ਮੰਤਰੀ ਖ਼ਬਰਾਂ 'ਚ ਬਣੇ ਰਹਿਣ ਲਈ ਦੋਸ਼ ਲਗਾਉਂਦੇ ਹਨ
ਚੰਡੀਗੜ੍ਹ - ਪੰਜਾਬ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁੱਖ ਮੰਤਰੀਆਂ ਨੇ ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ ਤੇ ਝੂਠ ਬੋਲ ਕੇ ਪੰਜਾਬ ਅਤੇ ਦੇਸ਼ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੋਵੇਂ ਮੁੱਖ ਮੰਤਰੀ ਖ਼ਬਰਾਂ 'ਚ ਬਣੇ ਰਹਿਣ ਲਈ ਦੋਸ਼ ਲਗਾਉਂਦੇ ਹਨ। ਪੰਜਾਬ ਵਿਚ ਸੰਵਿਧਾਨਕ ਸੰਸਥਾਵਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ। ਦਿੱਲੀ 'ਚ LG ਅਤੇ ਪੰਜਾਬ 'ਚ ਰਾਜਪਾਲ 'ਤੇ ਸਵਾਲ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪਾਲ ਦੇ ਪੱਤਰ ਦਾ ਜਵਾਬ ਦੇਣ ਦੀ ਬਜਾਏ ਮੁੱਖ ਮੰਤਰੀ ਵੱਲੋਂ ਜਨਤਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਦੀ ਦੁਰਵਰਤੋਂ ਕਰਕੇ ਗਲਤ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਕੀ ਇਸੇ ਲਈ ਲੋਕਾਂ ਨੇ ਉਨ੍ਹਾਂ ਨੂੰ ਚੁਣਿਆ ਹੈ?
ਅਨੁਰਾਗ ਠਾਕੁਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਪਣਾ ਵਿਵਹਾਰ ਸੁਧਾਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਕਿ ਉਹ ਆਪਣਾ ਅਜਿਹਾ ਅਕਸ ਨਾ ਬਣਾਉਣ, ਜਿਸ ਨਾਲ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਪਾਰਟੀ ਦਾ ਹੀ ਨੁਕਸਾਨ ਹੋਵੇ। ਖੇਡਾਂ 'ਚ ਪੰਜਾਬ ਦੇ ਪਛੜਨ ਦੇ ਸਵਾਲ 'ਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਇਸ਼ਤਿਹਾਰਾਂ ਦਾ ਬਜਟ 600 ਕਰੋੜ ਦਾ ਹੋ ਰਿਹਾ ਹੈ, ਪਰ ਸਰਕਾਰਾਂ ਖਿਡਾਰੀਆਂ 'ਤੇ ਪੈਸਾ ਖਰਚ ਕਰਨ 'ਚ ਲਾਪਰਵਾਹੀ ਕਰ ਰਹੀਆਂ ਹਨ।
ਕੇਂਦਰੀ ਮੰਤਰੀ ਨੇ ਰਾਜ ਸਰਕਾਰਾਂ ਨੂੰ ਖੇਡਾਂ ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਖੇਡਾਂ ਵਿਚ ਪਛੜਿਆ ਪੰਜਾਬ ਚਿੰਤਾ ਦਾ ਵਿਸ਼ਾ ਹੈ। ਕੇਂਦਰੀ ਮੰਤਰੀ ਅੁਰਾਗ ਠਾਕੁਰ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਵਿਚ ਕਿਸੇ ਵੀ ਰਾਜਨੀਤਿਕ ਦਲ ਕੋਲ ਇੰਨੀ ਸੰਖਿਆ ਨਹੀਂ ਹੈ ਕਿ ਸਰਕਾਰ ਤੋੜ ਸਕੇ। ਉਹਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਤੋੜਨ ਵਿਚ ਵਿਸ਼ਵਾਸ ਨਹੀਂ ਰੱਖਦੀ ਪਰ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਓਧਰ ਕੇਂਦਰੀ ਮੰਤਰ ਅਨੁਰਾਗ ਠਾਕੁਰ ਦੇ ਇਸ ਬਿਆਨ ਤੋਂ ਬਾਅਦ ਆਪ ਬੁਲਾਰੇ ਮਾਲਵਿੰਦਰ ਕੰਗ ਨੇ ਜਵਾਬ ਦਿੱਤਾ ਹੈ।
ਮਾਲਵਿੰਦਰ ਕੰਗ ਨੇ ਅਨੁਰਾਗ ਠਾਕੁਰ ਦੇ ਚੰਦਰਯਾਨ ਅਤੇ 'ਗੋਲੀ ਮਾਰੋ ਸਾਲੋ ਕੋ' ਤੋਂ ਬਾਅਦ ਸੂਰਜ ਵੱਲ ਜਾਣ ਦੇ ਬਿਆਨ ਨੂੰ ਯਾਦ ਕਰਵਾਇਆ। ਉਹਨਾਂ ਨੇ ਮਹਾਰਾਸ਼ਟਰ ਵਿਚ ਕੀ ਕੀਤਾ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਪਹਿਲਾਂ 70 ਹਜ਼ਾਰ ਕਰੋੜ ਦਾ ਘੋਟਾਲਾ ਕੀਤਾ ਅਤੇ ਦੋ ਦਿਨ ਬਾਅਦ ਉਸੇ ਨੇਤਾ ਨੂੰ ਡਿਪਟੀ ਸੀ.ਐਮ. ਬਣਾ ਦਿੱਤਾ, ਤੁਸੀਂ ਮੱਧ ਪ੍ਰਦੇਸ਼ ਵਿਚ ਕੀ ਕੀਤਾ, ਤੁਸੀਂ ਗੋਆ ਵਿੱਚ ਕੀ ਕੀਤਾ।
ਉਨ੍ਹਾਂ ਕਿਹਾ ਕਿ ਹਰ ਪਾਸੇ ਸਰਕਾਰਾਂ ਟੁੱਟ ਚੁੱਕੀਆਂ ਹਨ। ਮਲਵਿੰਦਰ ਕੰਗ ਨੇ ਕਿਹਾ ਕਿ ਉਹ ਇਕ ਮਹੀਨੇ ਤੱਕ ਧਰਨੇ 'ਤੇ ਬੈਠੇ ਰਹੇ ਪਰ ਅਨੁਰਾਗ ਠਾਕੁਰ ਚੁੱਪ ਰਹੇ। ਉਨ੍ਹਾਂ ਕਿਹਾ ਕਿ ਮਨੀਪੁਰ 'ਚ ਲੋਕ ਥਾਣਿਆਂ 'ਚੋਂ ਹਥਿਆਰ ਲੈ ਕੇ ਖੁੱਲ੍ਹੇਆਮ ਲੜਕੀਆਂ ਨਾਲ ਬਲਾਤਕਾਰ ਕਰ ਰਹੇ ਹਨ। ਜਦਕਿ ਹਰਿਆਣਾ ਦੇ ਨੂਹ 'ਚ ਕੀ ਹੋ ਰਿਹਾ ਹੈ। ਮੁੱਖ ਮੰਤਰੀ ਇਜਾਜ਼ਤ ਨਾ ਦੇਣ ਦੀ ਗੱਲ ਕਰ ਰਹੇ ਹਨ। ਪਰ ਵੀਐਚਪੀ ਅਤੇ ਬਜਰੰਗ ਦਲ ਰੈਲੀਆਂ ਕਰਨ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਅਨੁਰਾਗ ਠਾਕੁਰ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ।