Faridkot News : ਸਹਾਇਕ ਇੰਜੀਨੀਅਰ ਨੂੰ ਬਲੈਕਮੇਲ ਕਰਨ ਅਤੇ ਰਿਸ਼ਵਤ ਮੰਗਣ ਦੇ ਦੋਸ਼ ਹੇਠ PSPCL ਦਾ ਏ.ਓ. ਮੁਅੱਤਲ : ਹਰਭਜਨ ਸਿੰਘ ETO

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਰੋਪੀ ਉਪ ਮੰਡਲ ਅਧਿਕਾਰੀ ਨੂੰ ਬਲੈਕਮੇਲ ਕਰਕੇ ਮੰਗ ਰਿਹਾ ਸੀ ਰਿਸ਼ਵਤ

Harbhajan Singh ETO

Faridkot News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਤਹਿਤ ਪੀ.ਐਸ.ਪੀ.ਸੀ.ਐਲ. ਦੇ ਸਹਾਇਕ ਇੰਜੀਨੀਅਰ ਨੂੰ ਬਲੈਕਮੇਲ ਕਰਨ ਅਤੇ ਉਸ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਫ਼ਰੀਦਕੋਟ ਵਿਖੇ ਤਾਇਨਾਤ ਪੀ.ਐਸ.ਪੀ.ਸੀ.ਐਲ. ਦੇ ਲੇਖਾ ਅਧਿਕਾਰੀ (ਏ.ਓ.) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਪ੍ਰਗਟਾਵਾ ਕਰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਕਰਮਚਾਰੀ ਅਮਿਤ ਸੇਤੀਆ, ਜੋ ਕਿ ਲੇਖਾ ਅਧਿਕਾਰੀ ਫ਼ੀਲਡ, ਪੀ.ਐਸ.ਪੀ.ਸੀ.ਐਲ., ਫ਼ਰੀਦਕੋਟ ਵਜੋਂ ਤਾਇਨਾਤ ਸੀ, ਪੀ.ਐਸ.ਪੀ.ਸੀ.ਐਲ. ਦੇ ਏ.ਈ./ਉਪ ਮੰਡਲ ਅਧਿਕਾਰੀ ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਉਸ ਤੋਂ ਰਿਸ਼ਵਤ ਮੰਗ ਰਿਹਾ ਸੀ।

ਮੰਤਰੀ ਨੇ ਅੱਗੇ ਕਿਹਾ ਕਿ ਉਪ ਮੰਡਲ ਅਧਿਕਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਅਤੇ ਇਸ ਦੇ ਨਾਲ ਭੇਜੀ ਗਈ ਵੀਡੀਓ ਕਲਿੱਪ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਪਾਇਆ ਗਿਆ ਹੈ ਕਿ ਕਥਿਤ ਦੋਸ਼ੀ ਕਰਮਚਾਰੀ ਅਮਿਤ ਸੇਤੀਆ ਉਕਤ ਐਸ.ਡੀ.ਓ. ਨੂੰ ਬਲੈਕਮੇਲ ਕਰ ਰਿਹਾ ਸੀ ਅਤੇ ਬਿਜਲੀ ਦੀ ਅਣ-ਅਧਿਕਾਰਤ ਵਰਤੋਂ ਸਬੰਧੀ ਕੇਸ ਤੋਂ ਉਸ ਨੂੰ ਬਾਹਰ ਰੱਖਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਮੰਤਰੀ ਨੇ ਅੱਗੇ ਦੱਸਿਆ ਕਿ ਮੁੱਢਲੀ ਜਾਂਚ ਕਰਨ ਉਪਰੰਤ ਉਕਤ ਬੇਨਿਯਮੀਆਂ ਲਈ ਸਬੰਧਤ ਲੇਖਾ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਮੁਕੰਮਲ ਜਾਂਚ ਕਰਨ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕੋਈ ਵੀ ਸਰਕਾਰੀ ਅਧਿਕਾਰੀ/ਕਰਮਚਾਰੀ, ਭਾਵੇਂ ਉਹ ਕਿਸੇ ਵੀ ਉੱਚ ਅਹੁਦੇ 'ਤੇ ਤਾਇਨਾਤ ਹੋਵੇ, ਨੂੰ ਕਿਸੇ ਵੀ ਭ੍ਰਿਸ਼ਟ ਅਮਲ ਵਿੱਚ ਸ਼ਾਮਲ ਪਾਏ ਜਾਣ ‘ਤੇ ਬਖਸ਼ਿਆ ਨਹੀਂ ਜਾਵੇਗਾ।