Punjab News : ਕੰਗਨਾ ਰਣੌਤ ਦੇ ਬਿਆਨ ਉਸ ਦੇ ਮਾਨਸਿਕ ਅਸੰਤੁਲਨ ਨੂੰ ਦਰਸਾਉਂਦੇ ਹਨ : ਹਰਚੰਦ ਬਰਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਕੰਗਨਾ ਰਣੌਤ 'ਤੇ ਕਾਰਵਾਈ ਨਾ ਕਰਨਾ ਭਾਜਪਾ ਦੇ ਕਿਸਾਨ ਵਿਰੋਧੀ ਹੋਣ ਦਾ ਸਬੂਤ

Harchand Singh Burst

Punjab News : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਸਾਨ ਅੰਦੋਲਨ ਨੂੰ ਪਵਿੱਤਰ ਦੱਸਦਿਆਂ ਭਾਜਪਾ ਸੰਸਦ ਕੰਗਨਾ ਰਣੌਤ ਵੱਲੋਂ ਦਿੱਤੇ ਬਿਆਨਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਕੰਗਨਾ ਰਣੋਤ ਵੱਲੋਂ ਲਗਾਤਾਰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਲਈ ਦਿੱਤੇ ਜਾਂਦੇ ਬਿਆਨ ਅਸਲ ਵਿੱਚ ਪੰਜਾਬ ਦੇ ਪ੍ਰਤੀ ਭਾਜਪਾ ਦੀ ਸੋਚ ਨੂੰ ਦਰਸਾਉਂਦੇ ਹਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੁਨੀਆ ਦੇ ਇਤਿਹਾਸ ਦਾ ਪਹਿਲਾ ਅਜਿਹਾ ਅੰਦੋਲਨ ਹੈ, ਜੋ ਇਨ੍ਹੇ ਲੰਬੇ ਸਮੇਂ ਤੱਕ ਸ਼ਾਤਮਈ ਢੰਗ ਨਾਲ ਚੱਲਿਆ ਸੀ। ਇਹ ਅੰਦੋਲਨ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ ਅਤੇ ਪੰਜਾਬ ਦੇ ਹਰ ਵਰਗ ਦੇ ਲੋਕਾਂ ਦਾ ਪਵਿੱਤਰ ਅੰਦਲੋਨ ਸੀ, ਜਿਸ ਨੂੰ ਭਾਜਪਾ ਦੀ ਸ਼ਹਿ ਤੇ ਅੰਦੋਲਨ ਦੌਰਾਨ ਅਤੇ ਅੰਦਲੋਨ ਤੋਂ ਬਾਅਦ ਵੀ ਬਦਨਾਮ ਕਰਨ ਦੀਆਂ ਕੋਸ਼ਿਸ਼ਾ ਲਗਾਤਾਰ ਜਾਰੀ ਹਨ। 

ਇਸ ਨੂੰ ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਦਾ ਸਮਰਥਣ ਮਿਲਿਆ। ਲੱਖਾਂ ਲੋਕਾਂ ਵਾਸਤੇ ਹਰ ਰੋਜ਼ ਲੰਗਰ ਵਰਤਦਾ ਰਿਹਾ ਪਰ ਫਿਰ ਕੰਗਨਾ ਰਣੋਤ ਵੱਲੋਂ ਅਜਿਹੇ ਬਿਆਨ ਦੇਣਾ ਬੜੀ ਮੰਦਭਾਗੀ ਗੱਲ ਹੈ ਅਤੇ ਇਸ ਤੋਂ ਭਾਜਪਾ ਦੀ ਲੋਕਾਂ ਦੇ ਦਿੱਲਾਂ ਵਿੱਚ ਪੰਜਾਬ ਪ੍ਰਤੀ ਨਫਰਤ ਪੈਦਾ ਕਰਨ ਦੀ ਨੀਤੀ ਦਾ ਪਤਾ ਚੱਲਦਾ ਹੈ। 

ਭਾਜਪਾ ਕੰਗਨਾ ਰਣੋਤ ਵੱਲੋਂ ਦਿੱਤੇ ਬਿਆਨਾਂ ਤੋਂ ਆਪਣਾ ਪੱਲਾ ਝਾੜ ਕੇ ਫਟਕਾਰ ਲਗਾ ਰਹੀ ਹੈ, ਜੋ ਕਿ ਸਿਰਫ਼ ਇਕ ਦਿਖਾਵਾ ਹੈ। ਭਾਜਪਾ ਨੇਤਾ ਪਹਿਲੇ ਵੀ ਕਿਸਾਨਾਂ ਨੂੰ ਅੱਤਵਾਦੀ ਅਤੇ ਵੱਖਵਾਦੀ ਕਰਾਰ ਦਿੰਦੇ ਆਏ ਹਨ, ਪਰ ਭਾਜਪਾ ਨੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਭਾਜਪਾ ਨੂੰ ਚਾਹੀਦਾ ਹੈ ਕਿ ਉਹ ਇਸ ਬਿਆਨ ਦੀ ਜਿੰਮੇਵਾਰੀ ਲਵੇ, ਨਹੀਂ ਤਾਂ ਕੰਗਨਾ ਰਣੋਤ ਦੇ ਖਿਲਾਫ਼ ਸਖ਼ਤ ਕਾਰਵਾਈ ਕਰੇ।

ਆਪ ਦੇ ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਕੰਗਨਾ ਰਣੋਤ ਨੂੰ ਕਿਸਾਨਾਂ-ਮਜ਼ਦੂਰਾਂ ਦੇ ਅੰਦੋਲਨਾਂ ਬਾਰੇ ਪੜਨ ਦੀ ਬਹੁਤ ਲੋੜ ਹੈ ਅਤੇ ਉਸਦੇ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਬਚਪਨ ਤੋਂ ਹੀ ਫਰਸਟ੍ਰੇਸ਼ਨ ਦਾ ਸ਼ਿਕਾਰ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਰਣੋਤ ਨੂੰ ਆਪਣੀ ਫਰਸਟ੍ਰੇਸ਼ਨ ਤੋਂ ਰਾਹਤ ਪਾਉਣ ਲਈ ਪੱਕੇ ਤੌਰ ਤੇ ਆਪਣਾ ਜੀਵਨ ਸਾਥੀ ਲੱਭਣਾ ਚਾਹੀਦਾ ਹੈ, ਤਾਂਕਿ ਉਹ ਲੋਕਾਂ ਤੇ ਬੇਬੁਨਿਆਦ ਚਿੱਕੜ ਉਛਾਲਣਾ ਬੰਦ ਕਰ ਸਕੇ।