ਬਿਹਾਰ ਦੇ ਮੰਤਰੀ ਸ਼ਰਵਣ ਕੁਮਾਰ ਤੇ ਵਿਧਾਇਕ ਕ੍ਰਿਸ਼ਨਾ ਮੁਰਾਰੀ ਨੇ ਭੱਜ ਕੇ ਬਚਾਈ ਜਾਨ
ਹਾਦਸੇ ’ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਸਨ ਮੰਤਰੀ ਤੇ ਵਿਧਾਇਕ
ਪਟਨਾ : ਬਿਹਾਰ ਦੇ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ ਅਤੇ ਹਿਲਸਾ ਦੇ ਵਿਧਾਇਕ ਕ੍ਰਿਸ਼ਨਾ ਮੁਰਾਰੀ ਉਰਫ ਪ੍ਰੇਮ ਮੁਖੀਆ ਉਤੇ ਮਾਲਵਾਨ ਪਿੰਡ ਦੇ ਲੋਕਾਂ ਨੇ ਹਮਲਾ ਕਰ ਦਿਤਾ। ਹਮਲੇ ’ਚ ਇਕ ਸੁਰੱਖਿਆ ਕਰਮਚਾਰੀ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਿਲਸਾ ਸਬ-ਡਵੀਜ਼ਨਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਦਰਅਸਲ ਪਟਨਾ ਦੇ ਸ਼ਾਹਜਹਾਂਪੁਰ ਥਾਣਾ ਖੇਤਰ ਦੇ ਸਿਕਰੀਆਵਾਂ ਹਾਲਟ ਨੇੜੇ ਸਨਿਚਰਵਾਰ ਸਵੇਰੇ ਇਕ ਟਰੱਕ ਅਤੇ ਆਟੋ ਦੀ ਟੱਕਰ ਵਿਚ ਨੌਂ ਲੋਕਾਂ ਦੀ ਮੌਤ ਹੋ ਗਈ ਸੀ। ਸਾਰੇ ਮ੍ਰਿਤਕ ਮਲਾਵਾਂ ਪਿੰਡ ਦੇ ਰਹਿਣ ਵਾਲੇ ਸਨ। ਬੁਧਵਾਰ ਨੂੰ ਪੇਂਡੂ ਵਿਕਾਸ ਮੰਤਰੀ ਸ਼ਰਵਣ ਕੁਮਾਰ ਅਤੇ ਹਿਲਸਾ ਦੇ ਵਿਧਾਇਕ ਕ੍ਰਿਸ਼ਨਾ ਮੁਰਾਰੀ ਉਰਫ ਪ੍ਰੇਮ ਮੁਖੀਆ ਨੇ ਪੀੜਤ ਪਰਵਾਰਾਂ ਨਾਲ ਮੁਲਾਕਾਤ ਕਰਨ ਲਈ ਪਿੰਡ ਦਾ ਦੌਰਾ ਕੀਤਾ। ਦੋਵੇਂ ਆਗੂ ਮ੍ਰਿਤਕਾਂ ਦੇ ਪਰਵਾਰਾਂ ਨੂੰ ਮਿਲੇ ਅਤੇ ਵਾਪਸ ਪਰਤਣਾ ਸ਼ੁਰੂ ਕਰ ਦਿਤਾ।
ਇਸ ਦੌਰਾਨ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਕੁੱਝ ਸਮੇਂ ਲਈ ਪਿੰਡ ’ਚ ਰਹਿਣ ਦੀ ਅਪੀਲ ਕੀਤੀ। ਪਰ ਮੰਤਰੀ ਨੇ ਕਿਹਾ ਕਿ ਉਹ ਸਾਰੇ ਪਰਿਵਾਰਾਂ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਅਗਲੇ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਸੀ। ਇਸ ਉਤੇ ਭੀੜ ਗੁੱਸੇ ਹੋ ਗਈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਹਾਦਸੇ ਵਾਲੇ ਦਿਨ ਉਨ੍ਹਾਂ ਨੇ ਵਿਧਾਇਕ ਦੇ ਕਹਿਣ ਉਤੇ ਸੜਕ ਜਾਮ ਹਟਾ ਦਿਤੀ ਸੀ ਪਰ ਅੱਜ ਤਕ ਉਨ੍ਹਾਂ ਨੂੰ ਸਹੀ ਮੁਆਵਜ਼ਾ ਨਹੀਂ ਮਿਲਿਆ। ਗੁੱਸੇ ਵਿਚ ਆਏ ਲੋਕਾਂ ਨੇ ਅਚਾਨਕ ਡੰਡੇ ਕੱਢੇ ਅਤੇ ਮੰਤਰੀ ਅਤੇ ਵਿਧਾਇਕ ਉਤੇ ਹਮਲਾ ਕਰ ਦਿੱਤਾ।
ਹਾਲਾਤ ਵਿਗੜਨ ਉਤੇ ਦੋਵੇਂ ਨੇਤਾ ਪਿੰਡ ਤੋਂ ਕਰੀਬ ਇਕ ਕਿਲੋਮੀਟਰ ਦੂਰ ਭੱਜ ਕੇ ਅਪਣੀ ਜਾਨ ਬਚਾਉਣ ’ਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ’ਚ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਗੁੱਸੇ ’ਚ ਆਏ ਪਿੰਡ ਵਾਸੀਆਂ ਨੂੰ ਸ਼ਾਂਤ ਕਰਨਾ ਸ਼ੁਰੂ ਕਰ ਦਿਤਾ। ਸਥਾਨਕ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਉਥੇ ਹੀ ਜ਼ਖਮੀ ਜਵਾਨ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿਤੇ ਗਏ ਹਨ। ਜਨਤਾ ਦਲ (ਯੂ) ਦੇ ਬੁਲਾਰੇ ਧਨੰਜੇ ਦੇਵ ਨੇ ਕਿਹਾ ਕਿ ਸਥਾਨਕ ਲੋਕ ਵਿਧਾਇਕ ਦੀ ਕਾਰਜਸ਼ੈਲੀ ਤੋਂ ਨਾਖੁਸ਼ ਹਨ। ਇਹ ਹਮਲਾ ਵਿਧਾਇਕ ਉਤੇ ਕੀਤਾ ਗਿਆ ਹੈ। ਫਿਲਹਾਲ ਵੱਡੀ ਗਿਣਤੀ ’ਚ ਪੁਲਿਸ ਫੋਰਸ ਮੌਕੇ ਉਤੇ ਪਹੁੰਚ ਗਈ ਹੈ ਅਤੇ ਡੇਰਾ ਲਾ ਰਹੀ ਹੈ।