ਜਲੰਧਰ ਸਥਿਤ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਲਈ ਡਾਇਰੈਕਟਰ ਲੈਂਡ ਰਿਕਾਰਡ ਨੋਡਲ ਅਧਿਕਾਰੀ ਤਾਇਨਾਤ
ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਸੁਚੱਜਾ ਤਾਲਮੇਲ ਅਤੇ ਸਮਾਂਬੱਧ ਤਰੀਕੇ ਨਾਲ ਰਾਹਤ ਕਾਰਜ ਯਕੀਨੀ ਬਣਾਉਣ ਦੇ ਨਿਰਦੇਸ਼
ਚੰਡੀਗੜ੍ਹ : ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਮਨਸ਼ੇ ਨਾਲ ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਵਿਭਾਗ ਵੱਲੋਂ ਜਲੰਧਰ ਸਥਿਤ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ ਲਈ ਡਾਇਰੈਕਟਰ ਲੈਂਡ ਰਿਕਾਰਡ ਗੁਲਪ੍ਰੀਤ ਸਿੰਘ ਔਲਖ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਹੜ੍ਹਾਂ ਦੀ ਰੋਕਥਾਮ ਲਈ ਇਹ ਕੰਟਰੋਲ ਰੂਮ ਡਿਪਟੀ ਕਮਿਸ਼ਨਰਾਂ, ਫ਼ੌਜ ਦੇ ਅਧਿਕਾਰੀਆਂ, ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਹਰ ਸਮੇਂ ਤਾਲਮੇਲ ਕਰਕੇ ਨਿਰਵਿਘਨ ਆਫ਼ਤ ਪ੍ਰਬੰਧਨ ਪ੍ਰਕਿਰਿਆ ਅਤੇ ਰਾਹਤ ਉਪਾਅ ਯਕੀਨੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਰਪਿਤ ਨੋਡਲ ਅਫ਼ਸਰ ਦੀ ਤੈਨਾਤੀ ਨਾਲ ਬਿਹਤਰ ਤਾਲਮੇਲ, ਨਿਗਰਾਨੀ, ਤੁਰੰਤ ਫ਼ੈਸਲਾ ਲੈਣਾ ਅਤੇ ਫੀਲਡ ਅਫ਼ਸਰਾਂ ਨਾਲ ਪ੍ਰਭਾਵੀ ਸੰਪਰਕ ਯਕੀਨੀ ਬਣਾਇਆ ਜਾ ਸਕੇਗਾ। ਡਾਇਰੈਕਟਰ ਲੈਂਡ ਰਿਕਾਰਡ ਇਸ ਕੰਟਰੋਲ ਰੂਮ ਦੀ ਅਹਿਮ ਕੜੀ ਦਾ ਕੰਮ ਕਰਨਗੇ, ਜੋ ਫੀਲਡ ਸਟਾਫ਼ ਅਤੇ ਸਬੰਧਤ ਅਧਿਕਾਰੀਆਂ ਨਾਲ ਨਿਰੰਤਰ ਸੰਚਾਰ ਬਣਾਈ ਰੱਖਣ ਸਣੇ ਸਮਾਂਬੱਧ ਢੰਗ ਨਾਲ ਕਾਰਵਾਈ ਅਮਲ ਵਿੱਚ ਲਿਆਉਣ ਲਈ ਸੂਬਾ ਸਰਕਾਰ ਨੂੰ ਨਿਯਮਤ ਅਪਡੇਟ ਦੇਣਗੇ। ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨੋਡਲ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਸੁਚੱਜਾ ਤਾਲਮੇਲ ਅਤੇ ਸਮਾਂਬੱਧ ਤਰੀਕੇ ਨਾਲ ਰਾਹਤ ਕਾਰਜ ਯਕੀਨੀ ਬਣਾਉਣ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਸਰਕਟ ਹਾਊਸ, ਜਲੰਧਰ ਵਿਖੇ ਸੂਬਾ ਪੱਧਰੀ ਹੜ੍ਹ ਕੰਟਰੋਲ ਰੂਮ (ਫੋਨ ਨੰਬਰ: 0181-2240064) ਸਥਾਪਤ ਕੀਤਾ ਗਿਆ ਸੀ, ਜੋ ਹੜ੍ਹ ਨਾਲ ਸਬੰਧਤ ਐਮਰਜੈਂਸੀ ਦੌਰਾਨ ਤੁਰੰਤ ਪ੍ਰਤੀਕਿਰਿਆ ਅਤੇ ਤਾਲਮੇਲ ਯਕੀਨੀ ਬਣਾਉਣ ਲਈ ਦਿਨ-ਰਾਤ ਕਾਰਜਸ਼ੀਲ ਹੈ।
ਇਹ ਕੰਟਰੋਲ ਰੂਮ ਸੁਚੱਜਾ ਪ੍ਰਸ਼ਾਸਨ ਅਤੇ ਸੂਚਨਾ ਤਕਨਾਲੌਜੀ ਵਿਭਾਗ ਦੇ ਮੰਤਰੀ ਅਮਨ ਅਰੋੜਾ ਦੀ ਸਿੱਧੀ ਨਿਗਰਾਨੀ ਹੇਠ ਕਾਰਜਸ਼ੀਲ ਹੈ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਇਸ ਕੰਟਰੋਲ ਰੂਮ ਦੇ ਕੰਮਕਾਜ ਨੂੰ ਪ੍ਰਭਾਵੀ ਢੰਗ ਨਾਲ ਯਕੀਨੀ ਬਣਾਉਣ ਲਈ ਪੂਰਨ ਸਹਿਯੋਗ ਕਰ ਰਹੇ ਹਨ।