ਹੜ੍ਹ ਕਾਰਨ ਤਰਨਤਾਰਨ ਦੇ ਪਿੰਡਾਂ 'ਚ ਕਿਸਾਨਾਂ ਦਾ ਨਹੀਂ ਦੇਖਿਆ ਜਾਂਦਾ ਬੁਰਾ ਹਾਲ
'ਸਾਡੀ ਝੋਨੇ ਦੀ ਫ਼ਸਲ ਡੁੱਬ ਗਈ, ਗੋਭੀ ਤਾਂ ਬਿਲਕੁਲ ਹੀ ਬਰਬਾਦ ਹੋ ਗਈ'
ਤਰਨਤਾਰਨ: ਉੱਤਰੀ ਭਾਰਤ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧਣ ਕਰਕੇ ਦਰਿਆਵਾਂ ਵਿੱਚ ਛੱਡਣਾ ਪਿਆ। ਕਈ ਇਲਾਕਿਆ ਵਿੱਚ ਹੜ੍ਹ ਆਉਣ ਕਰਕੇ ਫ਼ਸਲਾਂ ਖਰਾਬ ਹੋ ਗਈਆ ਹਨ ਪਰ ਤਰਨਤਾਰਨ ਦੇ ਪਿੰਡਾਂ ਵਿੱਚ ਰੋਹੀ ਵਿੱਚ ਪਾਣੀ ਜਿਆਦਾ ਆਉਣ ਕਰਕੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋ ਗਈਆਂ ਹਨ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕਿਸਾਨਾਂ ਨੇ ਦੱਸਿਆ ਹੈ ਕਿ ਰੋਹੀ ਵਿੱਚ ਪਾਣੀ ਜਿਆਦਾ ਆਉਣ ਕਰਕੇ ਸਾਡੀ ਝੋਨੇ ਦੀ ਫ਼ਸਲ ਬਿਲਕੁਲ ਡੁੱਬ ਚੁੱਕੀ ਜਿਸ ਕਰਕੇ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ। ਉਥੇ ਇਕ ਕਿਸਾਨ ਨੇ ਦੱਸਿਆ ਹੈ ਕਿ ਉਸ ਨੇ ਗੋਭੀ ਲਗਾਈ ਸੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੁਝ ਮੁਨਾਫ਼ਾ ਹੋ ਸਕੇ ਪਰ ਰੋਹੀ ਦਾ ਪਾਣੀ ਖੇਤਾਂ ਵਿੱਚ ਆਉਣ ਕਰਕੇ ਗੋਭੀ ਬਿਲਕੁਲ ਖ਼ਤਮ ਹੋ ਚੁੱਕੀ ਹੈ। ਕਿਸਾਨ ਦਾ ਕਹਿਣਾ ਹੈ ਕਿ ਗੋਭੀ ਖ਼ਰਾਬ ਹੋਣ ਕਰਕੇ 35-40 ਹਜ਼ਾਰ ਰੁਪਏ ਦਾ ਨੁਕਸਾਨ ਹੋ ਚੁੱਕਿਐ ਹੈ।
ਸਥਾਨਕ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਡੀ ਫ਼ਸਲ ਖ਼ਰਾਬ ਹੋ ਚੁੱਕੀ ਹੈ ਇਸ ਲਈ ਸਾਡੀ ਆਰਥਿਕ ਸਹਾਇਤਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਹੈ ਕਿ ਰੋਹੀ ਨੂੰ ਮੁੱਢ ਤੋਂ ਬੰਨ੍ਹ ਲਗਾਉਣੇ ਚਾਹੀਦੇ ਹਨ ਅਸੀਂ ਸਾਰੇ ਕਿਸਾਨ ਆਪਣੇ ਟਰੈਕਟਰ ਲਿਜਾ ਕੇ ਸਰਕਾਰ ਦਾ ਸਾਥ ਦੇਵਾਂਗੇ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਵਧਣ ਕਰਕੇ ਚਾਰਾ ਤੇ ਤੂੜੀ ਬਿਲਕੁਲ ਖਰਾਬ ਹੋ ਚੁੱਕੀ ਹੈ ਸਾਡੇ ਪਸ਼ੂ ਭੁੱਖ ਨਾਲ ਬੇਹਾਲ ਹੋ ਰਹੇ ਹਨ ਪਰ ਕੋਈ ਵੀ ਮਦਦ ਨਹੀਂ ਆਇਆ। ਉਥੇ ਹੀ ਇਕ ਕਿਸਾਨ ਦਾ ਕਹਿਣਾ ਹੈ ਕਿ ਪਿੰਡ ਦੇ ਸਰਪੰਚ ਨੇ ਵੀ ਨੁਕਸਾਨ ਬਾਰੇ ਕੋਈ ਸਾਰ ਨਹੀਂ ਲਈ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੌਕੇ ਦਾ ਜਾਇਜ਼ਾ ਲਿਆ ਜਾਵੇ ਤਾਂ ਕਿ ਨੁਕਸਾਨ ਲਈ ਸਰਕਾਰ ਆਰਥਿਕ ਮਦਦ ਕਰ ਸਕੇ।