ਆਰਡੀਨੈਂਸ ਬਾਰੇ ਪਤਾ ਹੋਣ ਦੇ ਬਾਵਜੂਦ ਵੀ ਕੈਪਟਨ ਨੇ ਲੋਕਾਂ ਨੂੰ ਧੋਖੇ 'ਚ ਰੱਖਿਆ - ਬੀਬੀ ਬਾਦਲ 

ਏਜੰਸੀ

ਖ਼ਬਰਾਂ, ਪੰਜਾਬ

ਜਿਹਨਾਂ ਦੀ ਇਸ ਕਾਨੂੰਨ ਨੂੰ ਬਣਾਉਣ ਵਿਚ ਹਿੱਸੇਦਾਰੀ ਹੈ ਅੱਜ ਉਹਨਾਂ ਖਿਲਾਫ਼ ਕੋਈ ਨਹੀਂ ਬੋਲ ਰਿਹਾ ਅਤੇ ਸਾਰਿਆਂ ਦਾ ਨਿਸ਼ਾਨਾ ਅਕਾਲੀ ਦਲ ਬਣ ਕੇ ਰਹਿ ਗਿਆ

Harsimrat Kaur Badal

 ਮੁਕਤਸਰ ਸਾਹਿਬ - ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਖੇਤੀਬਾੜੀ ਸੰਬੰਧੀ ਨਵੇਂ ਬਣੇ ਕਾਨੂੰਨ ਨੂੰ ਲੈ ਕੇ 1 ਅਕਤੂਬਰ ਤੋਂ ਵੱਖ-ਵੱਖ ਥਾਵਾਂ ਤੋਂ ਚੰਡੀਗੜ੍ਹ ਨੂੰ ਕੱਢੇ ਜਾ ਰਹੇ ਕਿਸਾਨ ਮਾਰਚ ਦੀ ਤਿਆਰੀ ਸੰਬੰਧੀ ਮੀਟਿੰਗ 'ਚ ਸ਼ਾਮਲ ਹੋਣ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚੇ। ਉਨ੍ਹਾਂ ਦੀ ਆਮਦ ਨੂੰ ਲੈ ਕੇ ਵੱਡੀ ਗਿਣਤੀ 'ਚ ਅਕਾਲੀ ਵਰਕਰ ਵੀ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਪਹੁੰਚੇ।

ਇਸ ਤੋਂ ਪਹਿਲਾਂ ਬੀਬੀ ਹਰਸਿਮਰਤ ਕੌਰ ਬਾਦਲ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਮੱਥਾ ਟੇਕਿਆ, ਜਿੱਥੇ ਪ੍ਰਬੰਧਕਾਂ ਵਲੋਂ ਉਨ੍ਹਾਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਰਸਿਮਰਤ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਿਹਨਾਂ ਨੇ ਸਾਡੇ ਪੰਜਾਬ ਲਈ ਇਹ ਕਾਲਾ ਕਾਨੂੰਨ ਲਾਗੂ ਕੀਤਾ ਹੈ ਅਤੇ ਜਿਹਨਾਂ ਦੀ ਇਸ ਕਾਨੂੰਨ ਨੂੰ ਬਣਾਉਣ ਵਿਚ ਹਿੱਸੇਦਾਰੀ ਹੈ ਅੱਜ ਉਹਨਾਂ ਖਿਲਾਫ਼ ਕੋਈ ਨਹੀਂ ਬੋਲ ਰਿਹਾ ਅਤੇ ਸਾਰਿਆਂ ਦਾ ਨਿਸ਼ਾਨਾ ਅਕਾਲੀ ਦਲ ਬਣ ਕੇ ਰਹਿ ਗਿਆ ਇਸ ਪਿੱਛੇ ਵੀ ਇਕ ਕਾਰਨ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਜੋ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਉਹਨਾਂ ਦੀ ਇਸ ਬਿੱਲ ਦੇ ਪਾਸ ਹੋਣ ਬਾਰੇ ਕੋਈ ਰਾਇ ਨਹੀਂ ਲਈ ਉਹ ਬਿਲਕੁਲ ਗਲਤ ਹੈ। ਹਰਸਿਮਰਤ ਬਾਦਲ ਨੇ ਇਕ ਪੱਤਰ ਵੀ ਪੜ੍ਹ ਕੇ ਸੁਣਾਇਆ ਜਿਸ ਵਿਚ ਲਿਖਿਆ ਹੋਇਆ ਸੀ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇਸ ਬਿੱਲ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ ਹੈ।

ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੂੰ ਇਹਨਾਂ ਬਿੱਲਾਂ ਬਾਰੇ ਇਕ ਸਾਲ ਤੋਂ ਪਤਾ ਸੀ ਪਰ ਉਹਨਾਂ ਨੇ ਇਹ ਗੱਲ ਬਾਹਰ ਨਹੀਂ ਆਉਣ ਦਿੱਤੀ ਪਰ ਮੈਨੂੰ ਇਹਨਾਂ ਬਿੱਲਾਂ ਬਾਰੇ 24 ਮਈ ਨੂੰ ਪਤਾ ਲੱਗਾ ਜਦੋਂ ਉਹਨਾਂ ਕੋਲ ਖੇਤੀਬਾੜੀ ਮੰਤਰੀ ਦੀ ਫਾਈਲ ਆਈ ਤੇ ਉਸ ਫਾਈਲ ਵਿਚ ਮੇਰੇ ਕੋਲੋਂ ਇਹ ਪੁੱਛਿਆ ਗਿਆ ਸੀ ਕਿ ਇਹ ਬਿੱਲ ਪੰਜਾਬ ਲਈ ਸਹੀਂ ਹਨ ਜਾਂ ਨਹੀਂ। ਇਸ ਤੋਂ ਬਾਅਦ ਹਰਸਿਮਰਤ ਬਾਦਲ ਨੇ ਜਵਾਬ ਭੇਜਿਆ ਕਿ ਇਹ ਬਿੱਲ ਇੰਡਸਟਰੀ ਲਈ ਤਾਂ ਸਹੀ ਹੋ ਸਕਦੇ ਹਨ ਪਰ ਪੰਜਾਬ ਲਈ ਇਹ ਬਿੱਲ ਬਿਲਕੁਲ ਵੀ ਸਹੀ ਨਹੀਂ ਹਨ।