ਸੁਖਬੀਰ ਨੇ ਗਠਜੋੜ ਤੋੜ ਕੇ ਬਚਕਾਨਾ ਹਰਕਤ ਕੀਤੀ: ਮਦਨ ਮੋਹਨ ਮਿੱਤਲ

ਏਜੰਸੀ

ਖ਼ਬਰਾਂ, ਪੰਜਾਬ

ਸੁਖਬੀਰ ਨੇ ਗਠਜੋੜ ਤੋੜ ਕੇ ਬਚਕਾਨਾ ਹਰਕਤ ਕੀਤੀ: ਮਦਨ ਮੋਹਨ ਮਿੱਤਲ

image

2022 ਚੋਣਾਂ ਲਈ ਕਾਂਗਰਸ, 'ਆਪ' ਤੇ ਅਕਾਲੀ ਲੀਡਰ, ਬੀਜੇਪੀ ਵਿਚ ਰਲਣ ਨੂੰ ਤਿਆਰ ਬੈਠੇ

ਚੰਡੀਗੜ੍ਹ, 27 ਸਤੰਬਰ (ਜੀ.ਸੀ. ਭਾਰਦਵਾਜ): ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਵਲੋਂ ਬੀਜੇਪੀ ਨਾਲ 53 ਸਾਲ ਪੁਰਾਣਾ ਪਤੀ-ਪਤਨੀ ਅਤੇ ਨਹੁੰ ਮਾਸ ਦਾ ਰਿਸ਼ਤਾ ਤੋੜੇ ਜਾਣ ਉਪਰੰਤ ਪੈਦਾ ਹੋਈ ਪੰਜਾਬ ਦੀ ਸਿਆਸੀ ਹਾਲਤ 'ਤੇ ਵਿਚਾਰ ਕਰਨ ਲਈ ਅੱਜ ਦੁਪਹਿਰੇ ਬੀਜੇਪੀ ਕੋਰ ਗਰੁਪ ਦੀ ਬੈਠਕ ਹੋਈ ਜਿਸ ਵਿਚ ਤਾਜ਼ਾ ਸਥਿਤੀ 'ਤੇ ਘੰਟਿਆਂਬੱਧੀ ਵਿਚਾਰ ਕੀਤਾ ਗਿਆ।
ਮੀਟਿੰਗ ਮਗਰੋਂ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਤਾਂ ਮੀਡੀਆ ਨੂੰ ਦਸਿਆ ਕਿ ਪਾਰਟੀ ਹਮੇਸ਼ਾ ਕਿਸਾਨੀ ਹਿਤੈਸ਼ੀ ਕਦਮ ਉਠਾਏਗੀ ਅਤੇ 3 ਖੇਤੀ ਬਿਲ, ਕਿਸਾਨਾਂ ਦੀ ਆਰਥਕ ਹਾਲਤ ਵਧੀਆ ਬਣਾਉਣ ਲਈ ਹਨ ਤੇ ਜੇ ਫਿਰ ਵੀ ਕਿਸਾਨਾਂ ਨੂੰ ਕੋਈ ਸ਼ਿਕਾਇਤ ਹੈ ਤਾਂ ਪਾਰਟੀ ਗੱਲਬਾਤ ਲਈ ਤਿਆਰ ਹੈ। ਬਾਅਦ ਵਿਚ ਅਪਣੀ ਰਿਹਾਇਸ਼ 'ਤੇ ਬੀਜੇਪੀ ਦੇ ਸੱਭ ਤੋਂ ਸੀਨੀਅਰ ਨੇਤਾ ਤੇ ਸਾਬਕਾ ਪ੍ਰਧਾਨ ਅਤੇ 2 ਵਾਰ ਮੰਤਰੀ ਰਹੇ ਮਦਨ ਮੋਹਨ ਮਿੱਤਲ ਨੇ ਧੜੱਲੇ ਨਾਲ ਕਿਹਾ ਕਿ ਸੁਖਬੀਰ ਬਾਦਲ ਨੇ ਬੀਜੇਪੀ ਨਾਲੋਂ ਨਾਤਾ ਤੋੜ ਕੇ ਬਚਕਾਨਾ ਫ਼ੈਸਲਾ ਲਿਆ ਹੈ, ਜਿਸ 'ਤੇ ਉਸ ਨੂੰ ਪਛਤਾਉਣਾ ਪਵੇਗਾ। ਮਿੱਤਲ ਨੇ ਕਿਹਾ ਕਿ ਪਾਰਟੀ ਦੇ ਸਾਰੇ ਨੇਤਾ ਕੇਂਦਰ ਵਿਚ ਸਾਰੇ ਬੀਜੇਪੀ ਲੀਡਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਵੱਡੇ ਬਾਦਲ ਸ. ਪ੍ਰਕਾਸ਼ ਸਿੰਘ ਬਾਦਲ ਦੀ ਦਿਲੋਂ ਇੱਜ਼ਤ ਕਰਦੇ ਹਨ ਪਰ ਮੌਜੂਦਾ ਅਕਾਲੀ ਦਲ ਪ੍ਰਧਾਨ ਸੁਖਬੀਰ ਨੇ ਇਸ ਨਾਤਾ ਤੋੜਨ ਦੇ ਨਤੀਜਿਆਂ ਨੂੰ ਅਜੇ ਨਹੀਂ ਭਾਂਪਿਆ।
ਮਦਨ ਮੋਹਨ ਮਿੱਤਲ ਨੇ ਕਿਹਾ ਕਿ ਬੀਜੇਪੀ ਨੇ ਕਦੀ ਵੀ ਅਕਾਲੀ ਦਲ ਨਾਲ ਧੱਕਾ
ਨਹੀਂ ਕੀਤਾ ਨਾ ਹੀ ਧੋਖਾ ਕੀਤਾ ਹੈ ਪਰ ਲਗਦਾ ਹੈ ਕਿ ਸੁਖਬੀਰ, ਕਾਂਗਰਸ, 'ਆਪ' ਅਤੇ ਹੋਰ ਪਾਰਟੀਆਂ ਵਲੋਂ ਇਨ੍ਹਾਂ ਖੇਤੀ ਬਿਲਾਂ ਬਾਰੇ ਕੀਤੇ ਜਾ ਰਹੇ ਝੂਠੇ ਪ੍ਰਚਾਰ ਤੇ ਵੋਟ ਬੈਂਕ ਦੀ ਨੀਤੀ ਨੂੰ ਸਮਝ ਨਹੀਂ ਸਕਿਆ ਅਤੇ 53 ਸਾਲ ਪੁਰਾਣਾ, 1967 ਤੋਂ ਚਲਿਆ ਆ ਰਿਹਾ ਸਿਆਸੀ ਗਠਜੋੜ ਝੱਟ ਤੋੜ ਦਿਤਾ। ਉਨ੍ਹਾਂ ਕਿਹਾ ਕਿ ਸੁਖਬੀਰ ਵਿਚ ਸਮਝ ਦੀ ਕਮੀ ਹੈ। ਮਿੱਤਲ ਨੇ ਇਹ ਵੀ ਕਿਹਾ ਕਿ ਜੇ ਕਿਸਾਨਾਂ ਨੂੰ ਕੋਈ ਸ਼ਿਕਾਇਤ ਹੈ ਰੰਜਸ਼ ਹੈ ਤਾਂ ਕੇਂਦਰ ਵਿਚ ਇਕ ਵਫ਼ਦ ਲੈ ਕੇ ਉਹ ਖ਼ੁਦ ਕੇਂਦਰੀ ਮੰਤਰੀ ਅਤੇ ਪ੍ਰਧਾਨ ਮੰਤਰੀ ਨਾਲ ਵਿਚਾਰ ਵਟਾਂਦਰਾ ਕਰਨ ਨੂੰ ਤਿਆਰ ਹਨ, ਅੰਨ੍ਹੇਵਾਹ ਧਰਨਾ ਅਤੇ ਰੇਲਾਂ ਰੋਕਣ ਦਾ ਪ੍ਰੋਗਰਾਮ ਕਰਨਾ ਨਹੀਂ ਬਣਦਾ। ਮਿੱਤਲ ਨੇ ਕਿਹਾ ਕਿ ਕੋਰ ਗਰੁਪ ਦੀ ਬੈਠਕ ਵਿਚ ਕਿਸਾਨੀ ਮੁੱਦਿਆਂ ਤੋਂ ਇਲਾਵਾ ਹੋਰ ਸਿਆਸੀ ਵਿਚਾਰ ਵੀ ਕੀਤੇ ਗਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੱਜ ਤੋਂ ਹੀ ਝੋਨੇ ਦੀ ਖ਼ਰੀਦ ਦੇ ਨਿਰਦੇਸ਼ ਦੇ ਦਿਤੇ ਹਨ, ਅਗਲੇ ਅਪ੍ਰੈਲ ਵਿਚ ਕਣਕ ਦੀ ਖ਼ਰੀਦ ਵੀ ਐਮ.ਐਸ.ਪੀ. 'ਤੇ ਹੋਵੇਗੀ ਅਤੇ ਫਿਰ 2021 ਦੇ ਸਤੰਬਰ ਅਕਤੂਬਰ ਵਿਚ ਝੋਨੇ ਦੀ ਖ਼ਰੀਦ ਵੀ ਕੀਤੀ ਜਾਵੇਗੀ।
2022 ਅਸੈਂਬਲੀ ਚੋਣਾਂ ਸਬੰਧੀ ਪੁਛੇ ਅਨੇਕਾਂ ਸਵਾਲਾਂ ਦਾ ਜਵਾਬ ਦਿੰਦਿਆਂ ਮਦਨ ਮੋਹਨ ਮਿੱਤਲ ਨੇ ਸਪਸ਼ਟ ਕਿਹਾ ਕਿ ਬੀਜੇਪੀ ਵਿਚ ਰਲਣ ਲਈ ਕਾਂਗਰਸ, 'ਆਪ', ਅਕਾਲੀ ਦਲ ਵਿਚੋਂ ਆਉਣ ਲਈ ਕਈ ਨੇਤਾ, ਵਿਧਾਇਕ ਤਿਆਰ ਬੈਠੇ ਹਨ। ਉਨ੍ਹਾਂ ਕਿਹਾ ਬੀਜੇਪੀ ਇਕੱਲਿਆਂ ਵਿਧਾਨ ਸਭਾ ਚੋਣਾਂ ਲੜਨ ਲਈ ਤਿਆਰ ਹੈ ਅਤੇ ਹਰਿਆਣੇ ਦੀ ਤਰ੍ਹਾਂ ਸਰਕਾਰ ਵੀ ਪੰਜਾਬ ਵਿਚ ਜ਼ਰੂਰ ਬਣਾਏਗੀ ਅਤੇ ਮਜ਼ਬੂਤੀ ਨਾਲ ਕਿਸਾਨਾਂ ਤੇ ਆਮ ਲੋਕਾਂ ਦੇ ਹਿਤ ਵਿਚ ਕੰਮ ਕਰੇਗੀ। ਅੱਜ ਦੇ ਕੋਰ ਗਰੁਪ ਦੀ ਬੈਠਕ ਵਿਚ ਪ੍ਰਧਾਨ ਅਸ਼ਵਨੀ ਸ਼ਰਮਾ, ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਮਲਵਿੰਦ ਸਿੰਘ ਕੰਗ, ਸੁਭਾਸ਼ ਸ਼ਰਮਾ, ਜੀਵਨ ਗੁਪਤਾ ਅਤੇ ਹੋਰ ਚੋਟੀ ਦੇ ਨੇਤਾਵਾਂ ਨੇ ਹਿੱਸਾ ਲਿਆ।