ਹੰਸ ਰਾਜ ਹੰਸ ਤੇ ਸੰਨੀ ਦਿਓਲ ਨੇ ਪੰਜਾਬ ਦੀ ਧਰਤੀ ਤੇ ਪੰਜਾਬੀਆਂ ਨਾਲ ਗੱਦਾਰੀ ਕੀਤੀ ਹੈ : ਯੋਗਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਬਿੱਲਾਂ ਦੇ ਵਿਰੋਧ 'ਚ ਧਰਨਿਆਂ 'ਤੇ ਜਾਣ ਵਾਲੇ ਕਲਾਕਾਰਾਂ ਦਸਿਆ ਸਿਰਫ਼ ਡਰਾਮਾ

Yograj Singh

ਜਲੰਧਰ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਵਿਰੋਧ ਪ੍ਰਦਰਸ਼ਨ ਅਪਣੀ ਚਰਮ-ਸੀਮਾਂ 'ਤੇ ਪਹੁੰਚ ਚੁੱਕਾ ਹੈ। ਇਸੇ ਦੌਰਾਨ ਸਿਆਸੀ ਦਲਾਂ ਤੋਂ ਇਲਾਵਾ ਕਲਾਕਾਰਾਂ ਸਮੇਤ ਹਰ ਵਰਗ ਕਿਸਾਨੀ ਘੋਲ 'ਚ ਸ਼ਾਮਲ ਹੋ ਗਿਆ ਹੈ। ਦੂਜੇ ਪਾਸੇ ਪੰਜਾਬੀ ਫ਼ਿਲਮ ਦੇ ਪ੍ਰਸਿੱਧ ਅਦਾਕਾਰ ਯੋਗਰਾਜ ਸਿੰਘ ਨੇ ਟੀਵੀ ਚੈਨਲ ਨੂੰ ਦਿਤੀ ਇੰਟਰਵਿਊ ਦੌਰਾਨ ਕਿਹਾ ਕਿ ਕਿਸਾਨਾਂ ਨੂੰ ਨਵਜੋਤ ਸਿੰਘ ਸਿੱਧੂ ਨੂੰ ਸਰਕਾਰ ਨਾਲ ਗੱਲਬਾਤ ਕਰਨ ਲਈ ਭੇਜਣਾ ਚਾਹੀਦਾ ਹੈ, ਜੋ ਸਰਕਾਰ ਸਾਹਮਣੇ ਕਿਸਾਨਾਂ ਦਾ ਪੱਖ ਮਜ਼ਬੂਤੀ ਨਾਲ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਜੇਕਰ ਮੈਨੂੰ ਕਹਿਣਗੇ ਤਾਂ ਮੈਂ ਕੇਂਦਰ ਸਰਕਾਰ ਨਾਲ ਗੱਲ ਕਰਨ ਨੂੰ ਤਿਆਰ ਹਾਂ।

ਧਰਨਿਆਂ 'ਤੇ ਕਲਾਕਾਰਾਂ ਦੀ ਸ਼ਮੂਲੀਅਤ ਨੂੰ ਡਰਾਮਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਗਾਇਕ ਸਿਰਫ਼ ਤਸਵੀਰਾਂ ਖਿਚਾਉਣ ਅਤੇ ਲੋਕਾਂ ਵਿਚ ਸ਼ੌਹਰਤ ਪਾਉਣ ਲਈ ਧਰਨੇ 'ਤੇ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਅਪਣਾ ਸਮਰਥਨ ਦਿੰਦਿਆਂ ਕਿਹਾ ਕਿ ਜੇਕਰ ਅੰਨਦਾਤਾ ਹੀ ਨਹੀਂ ਬਚੇਗਾ ਤਾਂ ਦੇਸ਼ ਕਿਵੇਂ ਚੱਲੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਕਿਸਾਨਾਂ ਦੀ ਗੱਲ ਨੂੰ ਹਰ ਹਾਲਤ ਸੁਣਨਾ ਚਾਹੀਦਾ ਹੈ। ਯੋਗਰਾਜ ਸਿੰਘ ਨੇ ਕਿਹਾ ਬਾਲੀਵੁੱਡ ਅਦਾਕਾਰ ਸਨੀ ਦਿਓਲ ਅਤੇ ਹੰਸ ਰਾਜ ਹੰਸ ਵਲੋਂ ਖੇਤੀ ਬਿੱਲਾਂ ਦੇ ਹੱਕ 'ਚ ਲਏ ਸਟੈਂਡ 'ਤੇ ਤੰਜ ਕਸਦਿਆਂ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਧਰਤੀ ਨਾਲ ਗੱਦਾਰੀ ਕੀਤੀ ਹੈ।

ਯੋਗਰਾਜ ਨੇ ਕਿਹਾ ਕਿ ਸਨੀ ਦਿਓਲ ਅਤੇ ਹੰਸ ਰਾਜ ਹੰਸ ਯੈਸ ਮੈਨ ਬਣੇ ਹੋਏ ਹਨ ਅਤੇ ਸਰਕਾਰ ਦੀ ਚਮਚਾਗਿਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਸਰਕਾਰ ਦਾ ਹਾਂ 'ਚ ਹਾਂ ਮਿਲਾਉਣ ਦੀ ਥਾਂ ਸਰਕਾਰ ਨਾਲ ਖੇਤੀ ਬਿੱਲਾਂ ਸਬੰਧੀ ਕਿਸਾਨਾਂ ਦੇ ਸ਼ੰਕਿਆਂ ਬਾਰੇ ਗੱਲ ਕਰਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਦਲੇਰ ਮਹਿੰਦੀ, ਸਨੀ ਦਿਓਲ ਅਤੇ ਹੰਸ ਰਾਜ ਹੰਸ ਨੇ ਕਦੇ ਖੇਤੀ ਨਹੀਂ ਕੀਤੀ ਪਰ ਅੱਜ ਉਹ ਖੇਤੀ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਸ਼ੰਕਿਆਂ ਦੀ ਨਵਿਰਤੀ ਲਈ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

ਕਾਬਲੇਗੌਰ ਹੈ ਕਿ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਦੌਰਾਨ ਵੱਡੀ ਗਿਣਤੀ ਕਲਾਕਾਰਾਂ ਸਮੇਤ ਹਰ ਵਰਗ ਦੇ ਲੋਕ ਕਿਸਾਨਾਂ ਦੇ ਹੱਕ 'ਚ ਸੜਕਾਂ 'ਤੇ ਉਤਰ ਆਏ ਸਨ। ਕਿਸਾਨਾਂ ਦਾ ਸੰਘਰਸ਼ ਅਜੇ ਵੀ ਜਾਰੀ ਹੈ ਜਿਸ 'ਚ ਖੇਤੀ ਕਾਨੂੰਨਾਂ 'ਤੇ ਰਾਸ਼ਟਰਪਤੀ ਦੀ ਮੋਹਰ ਬਾਅਦ ਹੋਰ ਗਰਮਾਹਟ ਆ ਗਈ ਹੈ। ਪੰਜਾਬ ਦੇ ਪ੍ਰਸਿੱਧ ਕਲਾਕਾਰ ਕਿਸਾਨਾਂ ਨਾਲ ਇਕਜੁਟਤਾ ਦਾ ਇਜ਼ਹਾਰ ਕਰਦਿਆਂ ਧਰਨਿਆਂ 'ਚ ਸ਼ਮੂਲੀਅਤ ਕਰ ਰਹੇ ਹਨ। ਦੂਜੇ ਪਾਸੇ ਹੰਸ ਰਾਜ ਹੰਸ ਸਮੇਤ ਦਲੇਰ ਮਹਿੰਦੀ ਵਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਕਿਸਾਨ ਪੱਖੀ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਫ਼ਿਲਮੀ ਅਦਾਕਾਰ ਸੰਨੀ ਦਿਓਲ ਵੀ ਕੇਂਦਰ ਸਰਕਾਰ ਦੀ ਹਾਂ 'ਚ ਹਾਂ ਮਿਲਾ ਰਹੇ ਹਨ ਜਦਕਿ ਜਿਹੜੇ ਹਲਕੇ 'ਚੋਂ ਉਹ ਲੋਕ ਸਭਾ ਸੀਟ ਜਿੱਤ ਕੇ ਸੰਸਦ 'ਚ ਪਹੁੰਚੇ ਹਨ, ਉਥੇ ਦੇ ਕਿਸਾਨਾਂ ਸਮੇਤ ਹਰ ਵਰਗ ਖੇਤੀ ਬਿੱਲਾਂ ਦੇ ਵਿਰੋਧ 'ਚ ਡਟਿਆ ਹੋਇਆ ਹੈ।

ਸੰਨੀ ਦਿਓਲ ਅਪਣੇ ਹਲਕੇ ਦੇ ਲੋਕਾਂ ਦਾ ਪੱਖ ਸਰਕਾਰ ਤਕ ਪਹੁੰਚਾਉਣ ਦੀ ਥਾਂ ਸਰਕਾਰ ਦੇ ਫ਼ੈਸਲੇ ਨੂੰ ਸਹੀ ਦੱਸ ਰਹੇ ਹਨ। ਜਿਸ ਤੋਂ ਬਾਅਦ ਲੋਕਾਂ ਦਾ ਸੰਨੀ ਦਿਓਲ ਖਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਅੰਦਰ ਭਾਜਪਾ ਦੇ ਕਈ ਆਗੂਆਂ ਵਲੋਂ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਕਿਸਾਨਾਂ ਦੇ ਹੱਕ 'ਚ ਨਿਤਰਣ ਦਾ ਫ਼ੈਸਲਾ ਕੀਤਾ ਗਿਆ ਹੈ। ਪੰਜਾਬ ਅੰਦਰ ਕਿਸਾਨਾਂ ਦਾ ਰੋਹ ਹੁਣ ਸਥਾਨਕ ਭਾਜਪਾ ਆਗੂਆਂ ਦੇ ਦਰਾਂ ਤਕ ਪਹੁੰਚਣ ਲੱਗਾ ਹੈ, ਜਿਸ ਤੋਂ ਬਾਅਦ ਭਾਜਪਾ ਦੀਆਂ ਪੰਜਾਬ  ਅੰਦਰ ਸਰਗਰਮੀਆਂ ਨੂੰ ਆਉਂਦੇ ਦਿਨਾਂ ਦੌਰਾਨ ਬਰੇਕਾਂ ਲੱਗਣ ਦੇ ਅਸਾਰ ਹਨ। ਦੂਜੇ ਪਾਸੇ ਕਈ ਭਾਜਪਾ ਆਗੂਆਂ ਸਮੇਤ ਬਹੁਤੇ ਵਰਕਰ ਹੁਣ ਭਾਜਪਾ ਤੋਂ ਕਿਨਾਰਾ ਕਰਨ ਦੀ ਤਾਕ 'ਚ ਹਨ, ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ।