ਤਰਨਤਾਰਨ/ਫ਼ਤਿਆਬਾਦ, 27 ਸਤੰਬਰ (ਅਜੀਤ ਘਰਿਆਲਾ, ਸੁਖਵਿੰਦਰ ਸਿੰਘ ਸਹੋਤਾ) : ਅੰਮ੍ਰਿਤਸਰ-ਤਰਨਤਾਰਨ ਮਾਰਗ ’ਤੇ ਪੈਂਦੇ ਪਿੰਡ ਬਾਲੇਚੱਕ ਦੇ ਨਜ਼ਦੀਕ ਤੇਜ਼ ਰਫ਼ਤਾਰ ਬੱਸ ਅਤੇ ਕਾਰ ਦਰਮਿਆਨ ਹੋਈ ਜ਼ਬਰਦਸਤ ਟੱਕਰ ਵਿਚ ਕਾਰ ਸਵਾਰ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਅਣਪਛਾਤੇ ਬੱਸ ਡਰਾਈਵਰ ਵਿਰੁਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਪੁਲਿਸ ਨੂੰ ਦਰਜ ਕਰਵਾਏ ਬਿਆਨ ’ਚ ਜਸਵਿੰਦਰ ਕੌਰ ਪਤਨੀ ਸਰਵਨ ਕੁਮਾਰ ਵਾਸੀ ਫਤਿਆਬਾਦ ਹਾਲ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੇ ਦਸਿਆ ਕਿ ਉਸ ਦਾ ਪਤੀ ਸਰਵਣ ਕੁਮਾਰ ਥਾਣਾ ਸਰਹਾਲੀ ਵਿਖੇ ਤਾਇਨਾਤ ਸੀ ਜੋ ਅੱਜ ਅਪਣੀ ਕਾਰ ਵਿਚ ਸਵਾਰ ਹੋ ਕੇ ਫਤਿਆਬਾਦ ਤੋਂ ਵਾਪਸ ਅੰਮ੍ਰਿਤਸਰ ਨੂੰ ਆ ਰਿਹਾ ਸੀ।
ਉਕਤ ਨੇ ਦਸਿਆ ਕਿ ਇਸ ਦੌਰਾਨ ਜਦੋਂ ਉਹ ਪਿੰਡ ਬਾਲੇਚੱਕ ਤੋਂ ਥੋੜਾ ਪਿੱਛੇ ਸੀ ਤਾਂ ਅੰਮ੍ਰਿਤਸਰ ਵਲੋਂ ਆ ਰਹੀ ਤੇਜ਼ ਰਫ਼ਤਾਰ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਉਸ ਦੇ ਪਤੀ ਦੀ ਕਾਰ ਨੂੰ ਟੱਕਰ ਮਾਰ ਦਿਤੀ, ਜਿਸ ਕਰ ਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਸਿਵਲ ਹਸਪਤਾਲ ਤਰਨਤਾਰਨ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਏ.ਐਸ.ਆਈ. ਸਚਦੇਵ ਸਿੰਘ ਨੇ ਦਸਿਆ ਕਿ ਅਣਪਛਾਤੇ ਬੱਸ ਡਰਾਈਵਰ ਵਿਰੁਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।
ਫ਼ੋਟੋ : ਪੱਟੀ 27-02
image