ਸੰਘਰਸ਼ੀ ਕਿਸਾਨਾਂ ਨੇ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਭਾਰਤ ਵਿਚ ਪੈਰ ਪਸਾਰੇ

ਏਜੰਸੀ

ਖ਼ਬਰਾਂ, ਪੰਜਾਬ

ਸੰਘਰਸ਼ੀ ਕਿਸਾਨਾਂ ਨੇ ਪੰਜਾਬ ਤੋਂ ਸ਼ੁਰੂ ਹੋ ਕੇ ਸਾਰੇ ਭਾਰਤ ਵਿਚ ਪੈਰ ਪਸਾਰੇ

image


ਭਾਰਤ ਬੰਦ ਵਿਚ ਕਈ ਸੂਬੇ ਰਹੇ ਪੂਰਨ ਤੌਰ 'ਤੇ ਬੰਦ


ਨਵੀਂ ਦਿੱਲੀ, 27 ਸਤੰਬਰ : ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁਧ ਵੱਖ ਵੱਖ ਕਿਸਾਨ ਯੂਨੀਅਨਾਂ ਦੇ ਭਾਰਤ ਬੰਦ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਖ਼ਾਸ ਕਰ ਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਉਤਰ ਪ੍ਰਦੇਸ਼ ਵਿਚ ਜਨ-ਜੀਵਨ ਸੋਮਵਾਰ ਨੂੰ  ਪ੍ਰਭਾਵਤ ਹੋਇਆ | ਵੱਖ ਵੱਖ ਥਾਵਾਂ 'ਤੇ ਅੰਦੋਲਨਕਾਰੀ ਕਿਸਾਨਾਂ ਨੇ ਰਾਜਮਾਰਗਾਂ ਅਤੇ ਪ੍ਰਮੁਖ ਸੜਕਾਂ ਨੂੰ  ਜਾਮ ਕਰ ਦਿਤਾ | ਕਈ ਸਥਾਨਾਂ 'ਤੇ ਉਹ ਰੇਲ ਦੀਆਂ ਪਟੜੀਆਂ 'ਤੇ ਵੀ ਬੈਠ ਗਏ, ਜਿਸ ਨਾਲ ਰੇਲ ਆਵਾਜਾਈ ਪ੍ਰਭਾਵਤ ਹੋਈ | ਬੰਦ ਵਿਚ ਸ਼ਾਮਲ 40 ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਮੰਚ 'ਸੰਯੁਕਤ ਕਿਸਾਨ ਮੋਰਚਾ' (ਐਸਕੇਐਮ) ਨੇ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ ਅਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਤਿੰਨ ਖੇਤੀ ਕਾਨੂੰਨਾਂ 'ਤੇ ਮੋਹਰ ਲਗਾਉਣ ਦੇ ਇਕ ਸਾਲ ਪੂਰਾ ਹੋਣ ਮੌਕੇ ਸੋਮਵਾਰ ਨੂੰ  ਬੰਦ ਦਾ ਸੱਦਾ ਦਿਤਾ ਸੀ | ਬੰਦ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤਕ ਜਾਰੀ ਰਿਹਾ |
  ਉਤਰ ਪ੍ਰਦੇਸ਼ ਵਿਚ ਰੇਲਾਂ ਦੇ ਰੱਦ ਹੋਣ ਜਾਂ ਦੇਰੀ ਨਾਲ ਚੱਲਣ ਅਤੇ ਸੜਕੀ ਆਵਜਾਈ ਰੁਕਣ ਕਰ ਕੇ ਵੱਡੇ ਪੱਧਰ 'ਤੇ ਲੋਕਾਂ ਨੂੰ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਬੰਦ ਦਾ ਅਸਰ ਜ਼ਿਆਦਤਰ ਗੁਰੂਗ੍ਰਾਮ, ਗਾਜ਼ੀਆਬਾਦ, ਨੋਇਡਾ ਸਹਿਤ ਦਿੱਲੀ-ਐਨਸੀਆਰ ਵਰਗੇ ਸਰਹੱਦੀ ਖੇਤਰਾਂ 'ਚ ਦਿਖਿਆ, ਜਿਥੇ ਰੋਜ਼ਾਨਾ ਹਜ਼ਾਰਾਂ ਲੋਕ ਕੰਮਕਾਜ ਦੇ ਸਿਲਸਲੇ ਵਿਚ ਸਰਹੱਦਾਂ ਪਾਰ ਕਰਦੇ ਹਨ | ਕੇਰਲ ਵਿਚ ਜਨਤਕ ਆਵਾਜਾਈ ਪ੍ਰਭਾਵਤ ਹੋਈ | ਸੂਬੇ ਦੇ ਸਾਰੀਆਂ ਵਪਾਰਕ ਯੂਨੀਅਨਾਂ ਨੇ ਬੰਦ ਦਾ ਸਮਰਥਨ ਕੀਤਾ | ਪਛਮੀ ਬੰਗਾਲ ਵਿਚ ਬੰਦ ਦਾ ਵਿਆਪਕ ਅਸਰ ਰਿਹਾ ਜਿਥੇ ਵਾਮ ਮੋਰਚੇ ਨੇ ਬੰਦ ਦਾ ਸਮਰਥਨ ਕੀਤਾ | ਕੋਲਕਾਤਾ ਤੋਂ ਆਈਆਂ ਤਸਵੀਰਾਂ ਵਿਚ ਕਿਸਾਨ ਰੇਲ ਪਟੜੀਆਂ 'ਤੇ ਬੈਠੇ ਦਿਖਾਈ ਦੇ ਰਹੇ ਹਨ | ਪਛਮੀ ਉਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ਸਹਿਤ ਸ਼ਹਿਰ ਦੀਆਂ ਸਰਹੱਦਾਂ 'ਤੇ ਹਫੜਾ-ਦਫੜੀ ਮਚੀ ਰਹੀ | ਹਰਿਆਣਾ ਵਿਚ ਭਾਰਤ ਬੰਦ ਦੇ ਸੱਦੇ ਨੂੰ  ਪੂਰਨ ਸਮਰਥਨ ਮਿਲਿਆ, ਜਿਥੇ ਕਿਸਾਨਾਂ ਨੇ ਸੜਕਾਂ ਜਾਮ ਕਰ ਕੇ ਆਵਾਜਾਈ ਰੋਕੀ ਰੱਖੀ |
  ਤੇਲੰਗਾਨਾ ਵਿਚ ਕਾਂਗਰਸ, ਵਾਮ ਦਲਾਂ, ਤੇਲਗੁ ਦੇਸਮ ਪਾਰਟੀ ਅਤੇ ਹੋਰ ਨੇ ਸੂਬੇ ਵਿਚ ਵੱਖ ਵੱਖ ਥਾਵਾਂ 'ਤੇ ਪ੍ਰਦਰਸ਼ਨ ਕੀਤੇ | ਰਾਜਸਥਾਨ ਵਿਚ ਕਿਸਾਨਾਂ ਦੇ ਦੇਸ਼ ਬੰਦ ਦਾ ਅਸਰ ਖੇਤੀ ਪ੍ਰਧਾਨ ਖੇਤਰਾਂ ਗੰਗਾਨਗਰ, ਹਨੁਮਾਨਗੜ੍ਹ ਤੇ ਹੋਰ ਜ਼ਿਲਿ੍ਹਆਂ ਵਿਚ ਦਿਖਿਆ, ਜਿਥੇ ਪ੍ਰਮੁਖ ਮੰਡੀਆਂ ਅਤੇ ਬਾਜ਼ਾਰ ਬੰਦ ਰਹੇ | ਕਿਸਾਨਾਂ ਨੇ ਪ੍ਰਮੁਖ ਮਾਰਗਾਂ 'ਤੇ ਚੱਕਾਜਾਮ ਕੀਤਾ ਅਤੇ ਬੈਠਕਾਂ ਕੀਤੀਆਂ | ਜੰਮੂ 'ਚ ਕਿਸਾਨ ਸੰਗਠਨਾਂ ਦੇ ਹੱਕ ਵਿਚ ਪ੍ਰਦਸ਼ਨ ਅਤੇ ਰੈਲੀਆਂ ਕੀਤੀਆਂ ਗਈਆਂ | ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂ ਐਮ ਵਾਈ ਤਾਰਿਗਾਮੀ ਦੀ ਅਗਵਾਈ ਵਿਚ ਸੈਂਕੜੇ ਕਾਰਕੁੰਨਾਂ ਅਤੇ ਕਿਸਾਨ ਰੈਲੀ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਮੁੱਖ ਸੜਕ 'ਤੇ ਧਰਨਾ ਦਿਤਾ, ਜਿਸ ਨਾਲ ਆਵਾਜਾਈ ਰੁਕੀ ਰਹੀ | ਦੇਸ਼ ਦੇ ਕਰੀਬ ਸਾਰੇ ਸੂਬਿਆਂ 'ਚ ਕਿਸਾਨਾਂ ਦੇ ਦੇਸ਼ ਬੰਦ ਦੇ ਸੱਦਾ 'ਤੇ ਪ੍ਰਦਰਸ਼ਨ ਤੇ ਰੈਲੀਆਂ ਕੀਤੀਆਂ  ਗਈਆਂ ਤੇ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਗਿਆ | (ਪੀਟੀਆਈ)