ਘੁਡਾਣੀ ਕਲਾਂ ਵਿਖੇ 52 ਕਲੀਆਂ ਵਾਲਾ ਚੋਲਾ ਸਾਹਿਬ ਦੇਣ ਤੋਂ ਸਿੱਖ ਸੰਗਤਾਂ ਨੇ ਕੀਤੀ ਨਾਂਹ

ਏਜੰਸੀ

ਖ਼ਬਰਾਂ, ਪੰਜਾਬ

ਘੁਡਾਣੀ ਕਲਾਂ ਵਿਖੇ 52 ਕਲੀਆਂ ਵਾਲਾ ਚੋਲਾ ਸਾਹਿਬ ਦੇਣ ਤੋਂ ਸਿੱਖ ਸੰਗਤਾਂ ਨੇ ਕੀਤੀ ਨਾਂਹ

image

ਰਾੜਾ ਸਾਹਿਬ, 27 ਸਤੰਬਰ (ਬਲਜੀਤ ਸਿੰਘ ਜੀਰਖ) : ਅੱਜ ਇਥੋਂ ਨਜ਼ਦੀਕੀ ਇਤਿਹਾਸਕ ਪਿੰਡ ਘੁਡਾਣੀ ਕਲਾਂ ਵਿਖੇ ਗੁਰਦੁਆਰਾ ਚੋਲ਼ਾ ਸਾਹਿਬ ਵਿੱਚ ਪਿੰਡ ਵਾਸੀਆਂ ਦੇ ਸੱਦੇ ’ਤੇ ਇਲਾਕੇ ਦੀ ਸੰਗਤ ਨੇ ਭਰਵੀਂ ਇਕੱਤਰਤਾ ਕੀਤੀ। ਜਿਸ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਸ਼੍ਰੋਮਣੀ ਕਮੇਟੀ ਦੇ ਜ਼ਰੀਏ ਗੁਰਦੁਆਰਾ ਚੋਲਾ ਸਾਹਿਬ ਤੋਂ ਛੇਵੀਂ ਪਾਤਸ਼ਾਹੀ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਦੇ ਚਾਰ ਸੌ ਸਾਲ ਤੋਂ ਸੰਭਾਲੇ 52 ਕਲੀਆਂ ਵਾਲਾ ਚੋਲਾ ਸਾਹਿਬ ਦੀ, ਗੁਰਦੁਆਰਾ ਦਾਤਾ ਬੰਦੀ ਛੋੜ, ਗਵਾਲੀਅਰ ਵਿਖੇ ਸ਼ਤਾਬਦੀ ਮਨਾਉਣ ਸਮੇਂ ਲਿਜਾਣ ਦੀ ਮੰਗ ਰੱਖੀ ਸੀ, ਨੂੰ ਇਲਾਕੇ ਦੀਆਂ ਸਿੱਖ ਸੰਗਤਾਂ ਨੇ 52 ਕਲੀਆਂ ਵਾਲਾ ਚੋਲਾ ਸਾਹਿਬ ਦੇਣ ਤੋਂ ਨਾਂਹ ਕਰ ਦਿਤੀ। 
ਜ਼ਿਕਰਯੋਗ ਹੈ ਕਿ ਸ੍ਰੀ ਗੁੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿਚੋਂ 52 ਰਾਜਿਆਂ ਦੀ ਰਿਹਾਈ ਮੌਕੇ ਇਹ ਚੋਲਾ ਪਹਿਨ ਕੇ ਰਿਹਾਈ ਕਰਵਾਈ ਸੀ। ਇਸ ਪ੍ਰਤੀ ਪਿੰਡ ਵਾਸੀਆਂ ਅਤੇ ਇਲਾਕੇ ਦੀ ਸਿੱਖ ਸੰਗਤਾਂ ਨੇ ਰੋਸ ਵਿਚ 52 ਕਲੀਆਂ ਵਾਲਾ ਚੋਲਾ ਸਾਹਿਬ ਦੇਣ ਤੋਂ ਕੋਰੀ ਨਾਂਹ ਕਰ ਦਿਤੀ। ਇਹ ਕਿਸੇ ਵੀ ਕੀਮਤ ’ਤੇ ਚੋਲਾ ਸਾਹਿਬ ਨੂੰ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਨਹੀਂ ਲਿਜਾਣ ਦਿਤਾ ਜਾਵੇਗਾ, ਇਸ ਸਬੰਧੀ ਸਾਨੂੰ ਚਾਹੇ ਕਿੰਨੀਆਂ ਵੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈਣ। 
ਇਸ ਸਮੇਂ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਐਸ.ਐਸ.ਪੀ. ਖੰਨਾ, ਐਸ.ਡੀ.ਐਮ. ਪਾਇਲ, ਡੀ.ਐਸ.ਪੀ. ਪਾਇਲ ਨੂੰ ਇਕ ਪੱਤਰ ਦਿਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਕੀਮਤ ’ਤੇ ਇਹ ਚੋਲਾ ਸਾਹਿਬ ਨਹੀਂ ਦੇ ਸਕਦੇ ਇਸ ਨਾਲ ਸੰਗਤ ਦੀਆਂ ਚਿਰਾਂ ਤੋਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਸਮੇਂ ਪਿੰਡ ਦੀਆਂ ਪੰਜੇ ਪੱਤੀਆਂ ਦੇ ਮੋਹਤਰਬਰਾਂ ਨੇ ਸਖ਼ਤ ਫ਼ੈਸਲਾ ਲੈਂਦਿਆਂ ਚੋਲਾ ਸਾਹਿਬ ਦੀ ਰਾਖੀ ਲਈ ਪਹਿਰੇਦਾਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਰਪੰਚ ਹਰਿੰਦਰਪਾਲ ਸਿੰਘ ਹਨੀ ਅਤੇ ਰਿੰਮੀ ਘੁਡਾਣੀ ਨੇ ਕਿਹਾ ਕਿ ਚੋਲਾ ਸਾਹਿਬ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੇ ਧਿਆਨ ਵਿਚ ਲਿਆਂਦਾ ਗਿਆ ਹੈ, ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਮਿਲਿਆ ਜਾਵੇਗਾ। ਇਸ ਸਮੇਂ ਸਰਪੰਚ ਹਰਿੰਦਰਪਾਲ ਸਿੰਘ ਹਨੀ, ਗੁਰਪ੍ਰੀਤ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਜਥੇ. ਪ੍ਰੇਮ ਸਿੰਘ, ਰਾਜਵੀਰ ਸਿੰਘ, ਗੁਰਿੰਦਰ ਸਿੰਘ, ਦਰਸ਼ਨ ਸਿੰਘ, ਰਮਨਦੀਪ ਸਿੰਘ, ਡਾ. ਬਿੰਦਰ, ਕੁਲਜੀਤ ਸਿੰਘ, ਨਵਦੀਪ ਕੌਰ, ਹਰਜੀਤ ਸਿੰਘ ਘਣਗਸ, ਕਮਲ ਸਿੰਘ ਪੰਚ, ਅਮਰਜੀਤ ਕੌਰ ਪੰਚ ਆਦਿ ਇਲਾਕੇ ਦੀਆਂ ਸਮੂਹ ਸਿੱਖ ਸੰਗਤਾਂ ਹਾਜ਼ਰ ਸਨ।
ਕੀ ਕਹਿੰਦੇ ਹਨ ਐਸ.ਜੀ.ਪੀ.ਸੀ. ਮੈਂਬਰ : ਰਘਵੀਰ ਸਿੰਘ ਸਹਾਰਨਮਾਜਰਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਸਿਆ ਕਿ ਉਨ੍ਹਾਂ ਵਲੋਂ ਚੋਲਾ ਸਾਹਿਬ ਲਿਜਾਣ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸਕੱਤਰ ਦੇ ਧਿਆਨ ਵਿਚ ਲਿਆ ਦਿਤਾ ਹੈ ਕਿ ਚੋਲਾ ਸਾਹਿਬ ਚਾਰ ਸੌ ਸਾਲ ਪੁਰਾਣਾ ਹੋਣ ਕਾਰਨ ਬਿਰਧ ਹੋ ਚੁੱਕਿਆ ਹੈ, ਜੋ ਕਿ ਕਿਸੇ ਪਾਸੇ ਲਿਜਾਣ ਦੀ ਹਾਲਤ ਵਿਚ ਨਹੀਂ ਹੈ, ਨਹੀਂ ਤਾਂ ਚੋਲਾ ਸਾਹਿਬ ਦੇਣ ਤੋਂ ਕੋਈ ਇਤਰਾਜ ਨਹੀਂ ਸੀ, ਪਰ ਦੂਜੇ ਪਾਸੇ ਘੁਡਾਣੀ ਕਲਾਂ ਦੀ ਸਮੂਹ ਸੰਗਤ ਚੋਲਾ ਸਾਹਿਬ ਦੇਣ ਤੋਂ ਸਾਫ਼ ਇਨਕਾਰੀ ਹੈ।
ਫਾਈਲ ਫੋਟੋ : 27 ਘੁਡਾਣੀ ।
ਕੈਪਸ਼ਨ : ਪਿੰਡ ਘੁਡਾਣੀ ਕਲਾਂ ਵਿਖੇ ਚੋਲਾ ਸਾਹਿਬ ਸਬੰਧੀ ਜੁੜੀ ਸੰਗਤ (ਇਨਸੈੱਟ ਚੋਲਾ ਸਾਹਿਬ ਦੀ ਫਾਇਲ ਫੋਟੋ)