ਆਬਜ਼ਰਵਰਾਂ ਨੇ ਰਾਜਸਥਾਨ ਸੰਕਟ ਬਾਰੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ, ਗਹਿਲੋਤ ਨੂੰ ਮਿਲੀ ਕਲੀਨ ਚਿੱਟ

ਏਜੰਸੀ

ਖ਼ਬਰਾਂ, ਪੰਜਾਬ

ਆਬਜ਼ਰਵਰਾਂ ਨੇ ਰਾਜਸਥਾਨ ਸੰਕਟ ਬਾਰੇ ਸੋਨੀਆ ਗਾਂਧੀ ਨੂੰ ਸੌਂਪੀ ਰਿਪੋਰਟ, ਗਹਿਲੋਤ ਨੂੰ ਮਿਲੀ ਕਲੀਨ ਚਿੱਟ

image


ਮਹੇਸ਼ ਜੋਸ਼ੀ ਸਮੇਤ ਗਹਿਲੋਤ ਸਮਰਥਕ ਤਿੰਨ ਨੇਤਾਵਾਂ ਨੂੰ  ਕਾਰਨ ਦੱਸੋ ਨੋਟਿਸ ਜਾਰੀ

ਨਵੀਂ ਦਿੱਲੀ, 27 ਸਤੰਬਰ : ਕਾਂਗਰਸ ਦੀ ਰਾਜਸਥਾਨ ਇਕਾਈ 'ਚ ਸੰਕਟ ਨੂੰ  ਲੈ ਕੇ ਪਾਰਟੀ ਆਬਜ਼ਰਵਰਾਂ ਨੇ ਮੰਗਲਵਾਰ ਸ਼ਾਮ ਨੂੰ  ਪ੍ਰਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ  ਅਪਣੀ ਲਿਖਤੀ ਰਿਪੋਰਟ ਸੌਂਪ ਦਿਤੀ | ਸੂਤਰਾਂ ਮੁਤਾਬਕ ਆਬਜ਼ਰਵਾਂ ਵਲੋਂ ਜਿਹੜੀ ਰਿਪੋਰਟ ਸੌਂਪੀ ਗਈ ਹੈ ਉਸ ਵਿਚ ਰਾਜ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ  ਕਲੀਨ ਚਿੱਟ ਦੇ ਦਿਤੀ ਗਈ ਹੈ | ਨਾਲ ਹੀ ਕੁੱਝ ਨੇਤਾਵਾਂ 'ਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ | ਸੂਤਰਾਂ ਨੇ ਇਹ ਵੀ ਦਸਿਆ ਕਿ ਮਹੇਸ਼ ਜੋਸ਼ੀ, ਧਰਮਿੰਦਰ ਰਾਠੋੜ, ਸ਼ਾਂਤੀ ਧਾਰੀਵਾਲ ਨੂੰ  ਕਾਰਨ ਦੱਸੋ ਨੋਟਿਸ ਜਾਰੀ ਕਰ ਦਿਤਾ ਗਿਆ ਹੈ |
ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਆਬਜ਼ਰਵਰਾਂ ਨੇ ਅਪਣੀ ਰਿਪੋਰਟ ਵਿਚ ਮੰਗ ਕੀਤੀ ਸੀ ਕਿ ਕਾਂਗਰਸ ਵਿਧਾਇਕ ਦਲ ਦੀ ਬੈਠਕ ਦੇ ਸਮਾਨਾਂਤਰ ਵਿਧਾਇਕਾਂ ਦੀ ਵੱਖਰੀ ਬੈਠਕ ਸੱਦੀ ਜਾਣੀ 'ਘੋਰ ਅਨੁਸ਼ਾਸਨਹੀਣਤਾ' ਹੈ ਅਤੇ ਇਸ ਲਈ ਮੁੱਖ ਵਿ੍ਹਪ ਮਹੇਸ਼ ਜੋਸ਼ੀ ਸਮੇਤ ਤਿੰਨ ਨੇਤਾਵਾਂ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ |

ਸੂਤਰਾਂ ਨੇ ਇਹ ਵੀ ਦਸਿਆ ਕਿ ਜੋਸ਼ੀ ਦੇ ਇਲਾਵਾ ਕੈਬਨਿਟ ਮੰਤਰੀ ਸ਼ਾਂਤੀ ਧਾਰੀਵਾਲ ਅਤੇ ਵਿਧਾਇਕ ਧਰਮਿੰਦਰ ਰਾਠੌੜ ਵਿਰੁਧ ਅਨੁਸ਼ਾਸਨਾਤਮਕ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ | ਇਹ ਤਿਨੇਂ ਨੇਤਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਕਰੀਬੀ ਮੰਨੇ ਜਾਂਦੇ ਹਨ | ਸੂਤਰਾਂ ਨੇ ਦਸਿਆ ਕਿ ਆਬਜ਼ਰਵਰਾਂ ਦੀ ਇਸ ਰਿਪੋਰਟ ਵਿਚ ਮੁੱਖ ਮੰਤੀਰ ਗਹਿਲੋਤ ਦਾ ਸਿੱਧੇ ਤੌਰ 'ਤੇ ਹਵਾਲਾ ਨਹੀਂ ਦਿਤਾ ਗਿਆ ਹੈ | ਸੋਨੀਆ ਗਾਂਧੀ ਨੇ ਸੋਮਵਾਰ ਨੂੰ  ਦੋਵੇਂ ਆਬਜ਼ਰਵਰਾਂ ਮਲਿਕਾਅਰਜੁਨ ਖੜਗੇ ਅਤੇ ਅਜੇ ਮਾਕਨ ਨੂੰ  ਲਿਖਤੀ ਰਿਪੋਰਟ ਸੌਂਪਣ ਲਈ ਕਿਹਾ ਸੀ | ਸੂਤਰਾਂ ਦਾ ਕਹਿਣਾ ਹੈ ਕਿ ਮਾਕਨ ਨੇ ਮੰਗਲਵਾਰ ਸ਼ਾਮ ਨੂੰ  ਈਮੇਲ ਰਾਹੀਂ ਇਹ ਰਿਪੋਰਟ ਕਾਂਗਰਸ ਪ੍ਰਧਾਨ ਨੂੰ  ਸੌਂਪੀ |
ਜੈਪੁਰ ਵਿਚ ਵਿਧਾਇਕ ਦਲ ਦੀ ਬੈਠਕ ਨਾ ਹੋਣ ਕਾਰਨ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸਮਰਥਨ ਕਰਨ ਵਾਲੇ ਵਿਧਾਇਕਾਂ ਦੇ ਲਗਭਗ ਬਾਗ਼ੀ ਰੁਖ ਅਪਣਾਉਣ ਦੇ ਬਾਅਦ ਖੜਗੇ ਅਤੇ ਮਾਕਨ ਸੋਮਵਾਰ ਨੂੰ  ਦਿੱਲੀ ਪਰਤੇ ਅਤੇ ਕਾਂਗਰਸ ਪ੍ਰਧਾਨ ਦੀ ਰਿਹਾਇਸ 10 ਜਨਪਥ 'ਤੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ |  ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਮੀਟਿੰਗ ਵਿਚ ਮੌਜੂਦ ਸਨ | ਸੋਨੀਆ ਗਾਂਧੀ ਨਾਲ ਡੇਢ ਘੰਟੇ ਤੋਂ ਵਧ ਚੱਲੀ ਮੁਲਾਕਾਤ ਤੋਂ ਬਾਅਦ ਮਾਕਨ ਨੇ ਕਿਹਾ ਸੀ ਕਿ ਐਤਵਾਰ ਸ਼ਾਮ ਜੈਪੁਰ ਵਿਚ ਵਿਧਾਇਕ ਦਲ ਦੀ ਮੀਟਿੰਗ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਹਿਮਤੀ ਨਾਲ ਬੁਲਾਈ ਗਈ ਸੀ |
ਜ਼ਿਕਰਯੋਗ ਹੈ ਕਿ ਰਾਜਸਥਾਨ ਵਿਚ ਕਾਂਗਰਸ ਵਿਧਾਇਕ ਦਲ ਦੀ ਬੈਠਕ ਐਤਵਾਰ ਸ਼ਾਮ ਨੂੰ  ਮੁੱਖ ਮੰਤਰੀ ਨਿਵਾਸ 'ਤੇ ਹੋਣੀ ਸੀ ਪਰ ਗਹਿਲੋਤ ਦੇ ਵਫ਼ਾਦਾਰ ਕਈ ਵਿਧਾਇਕ ਬੈਠਕ ਵਿਚ ਸ਼ਾਮਲ ਨਹੀਂ ਹੋਏ | ਉਨ੍ਹਾਂ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼ਾਂਤੀ ਧਾਰੀਵਾਲ ਦੇ ਬੰਗਲੇ 'ਤੇ ਮੀਟਿੰਗ ਕੀਤੀ ਅਤੇ ਫਿਰ ਅਸਤੀਫ਼ਾ ਦੇਣ ਲਈ ਵਿਧਾਨ ਸਭਾ ਦੇ ਸਪੀਕਰ ਡਾ.ਸੀ.ਪੀ.ਜੋਸੀ ਨੂੰ  ਮਿਲਣ ਚਲੇ ਗਏ ਸਨ |    (ਏਜੰਸੀ)