ਪਟਿਆਲਾ ਜੇਲ੍ਹ 'ਚ ਬੰਦ ਕੈਦੀ ਕਿਰਪਾਲ ਸਿੰਘ ਦੀ ਹੋਈ ਮੌਤ, 5 ਕਿਲੋ ਭੁੱਕੀ ਦੇ ਮਾਮਲੇ 'ਚ ਕੀਤਾ ਸੀ ਗ੍ਰਿਫ਼ਤਾਰ
ਮ੍ਰਿਤਕ ਦੇ ਪੁੱਤ ਨੇ ਕਿਹਾ ਕਿ ਉਸ ਦੇ ਪਤਾ ਨੂੰ ਨਾਜਾਇਜ਼ ਫਸਾਇਆ ਜਾ ਰਿਹਾ ਹੈ
ਪਟਿਆਲਾ - ਪਟਿਆਲਾ ਜੇਲ ਵਿਚ ਬੰਦ ਕੈਦੀ ਕਿਰਪਾਲ ਸਿੰਘ ਦੀ ਬੀਤੀ ਸ਼ਾਮ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਜੇਲ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਵੀ ਸੂਚਨਾ ਨਹੀਂ ਦਿੱਤੀ। ਮ੍ਰਿਤਕ ਕਿਰਪਾਲ ਸਿੰਘ ਦੀ ਉਮਰ 70 ਸਾਲ ਦੇ ਕਰੀਬ ਹੈ, ਉਹ ਪਟਿਆਲਾ ਦੇ ਚਾਪੜ ਸੀਲ ਦੇ ਰਹਿਣ ਵਾਲੇ ਹਨ ਅਤੇ 5 ਕਿਲੋ ਭੁੱਕੀ ਦੇ ਮੁਕੱਦਮੇ ਵਿਚ ਜੇਲ 'ਚ ਬੰਦ ਸਨ।
ਕਿਰਪਾਲ ਸਿੰਘ ਦੇ ਪਰਿਵਾਰ 'ਚ ਉਨਾਂ ਦੀ ਪਤਨੀ ਇੱਕ ਬੇਟਾ, ਨੂੰਹ ਤੇ ਉਸ ਦੇ 2 ਬੱਚੇ ਹਨ। ਮਿਤੀ 13 ਤਾਰੀਕ ਨੂੰ ਸਨੌਰ ਪੁਲਿਸ ਨੇ ਦੋਸ਼ੀ ਕਿਰਪਾਲ ਸਿੰਘ ਨੂੰ 5 ਕਿਲੋ ਭੁੱਕੀ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਹ ਪਿਛਲੇ 15 ਦਿਨਾਂ ਤੋਂ ਜੇਲ ਵਿਚ ਬੰਦ ਸਨ। ਕੱਲ ਸਵੇਰੇ ਉਸ ਦੀ ਸਿਹਤ ਵਿਗੜੀ ਅਤੇ ਫਿਰ ਉਸ ਦੀ ਮੌਤ ਹੋ ਗਈ ਅਤੇ ਜਿਸ ਤੋਂ ਬਾਅਦ ਰਜਿੰਦਰਾ ਹਸਪਤਾਲ ਵਿਖੇ ਜਦੋਂ ਪੁਲਿਸ ਪ੍ਰਸ਼ਾਸਨ ਕੈਦੀ ਨੂੰ ਲੈ ਕੇ ਪਹੁੰਚੀ ਤਾਂ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਪਰ ਜਦੋਂ ਪਰਿਵਾਰ ਪਹੁੰਚਿਆ ਤਾਂ ਕਿਰਪਾਲ ਸਿੰਘ ਦੀ ਮੌਤ ਹੋ ਚੁੱਕੀ ਸੀ।
ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਨਾਜ਼ਾਇਜ ਫਸਾਇਆ ਗਿਆ ਹੈ ਤੇ ਗ੍ਰਿਫ਼ਤਾਰੀ ਵਾਲੇ ਦਿਨ ਪਹਿਲਾਂ ਕੁੱਝ ਪ੍ਰਾਈਵੇਟ ਬੰਦਿਆਂ ਨੇ ਪਹਿਲਾਂ ਘਰ ਆ ਕੇ ਤਲਾਸ਼ੀ ਲਈ ਤੇ ਬਿਨ੍ਹਾਂ ਕਿਸੇ ਨੂੰ ਦੱਸੇ ਪਿਤਾ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਏ। ਨੌਜਵਾਨ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਸ ਦੀ ਘਰਵਾਲੀ ਵੀ ਬਹੁਤ ਬੁਰੀ ਤਰ੍ਹਾਂ ਡਿੱਗੀ ਜਿਸ ਦੇ ਚੱਲਦਿਆਂ ਉਸ ਦਾ ਆਪਰੇਸ਼ਨ ਕਰਵਾਉਣਾ ਪਿਆ ਤੇ ਉਸ ਦੇ ਪਿਤਾ ਨੂੰ ਵੀ ਨਾਜਾਇਜ਼ ਤਰੀਕੇ ਨਾਲ ਫਸਾਇਆ ਜਾ ਰਿਹਾ ਹੈ।