ਸੁਖਪਾਲ ਖਹਿਰਾ ਦਾ ਮਿਲਿਆ 2 ਦਿਨ ਦਾ ਰਿਮਾਂਡ, ਗ੍ਰਿਫ਼ਤਾਰੀ ਤੋਂ ਬਾਅਦ ਕੀ ਬੋਲੇ ਖਹਿਰਾ? 

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਜੰਗਲ ਰਾਜ ਚੱਲ ਰਿਹਾ ਹੈ ਅਤੇ ਸਭ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ - ਸੁਖਪਾਲ ਖਹਿਰਾ

Sukhpal Khaira

 

ਚੰਡੀਗੜ੍ਹ : ਹਲਕਾ ਭਲੁੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਪੰਜਾਬ ਤੇ ਚੰਡੀਗੜ੍ਹ ਪੁਲਿਸ ਨੇ ਤੜਕਸਾਰ ਗ੍ਰਿਫ਼ਤਾਰ ਕਰ ਲਿਆ ਹੈ, ਪੰਜਾਬ ਪੁਲਿਸ ਦੀ ਟੀਮ ਸਵੇਰੇ 5 ਵਜੇ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਪਹੁੰਚੀ ਤੇ ਉਹਨਾਂ ਨੂੰ ਲੈ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਹੁਣ ਉਹਨਾਂ ਦਾ 2 ਦਿਨ ਦਾ ਰਿਮਾਂਡ ਮਿਲਿਆ ਹੈ ਅਤੇ ਉਹਨਾਂ ਨੂੰ 30 ਸਤੰਬਰ ਨੂੰ ਮੁੜ ਪੇਸ਼ ਕੀਤਾ ਜਾਵੇਗਾ। 

ਕਾਂਗਰਸ ਲੀਡਰਾਂ ਨੇ ਇਸ ਗ੍ਰਿਫਤਾਰੀ ਨੂੰ ਬਦਲਾਖੋਰੀ ਕਰਾਰ ਦਿੱਤਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਇਸ ਨੂੰ ਕਾਨੂੰਨ ਮੁਤਾਬਕ ਕੀਤੀ ਕਾਰਵਾਈ ਦੱਸ ਰਹੀ ਹੈ। ਗ੍ਰਿਫ਼ਤਾਰੀ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਗਵੰਤ ਸਿੰਘ ਮਾਨ ਮੇਰੇ ਖ਼ੂਨ ਦਾ ਪਿਆਸਾ ਹੈ ਤੇ ਉਸ ਨੇ ਨੇ ਮੈਨੂੰ ਗ੍ਰਿਫ਼ਤਾਰ ਕਰਕੇ ਆਪਣੀ ਪਿਆਸ ਬੁਝਾਈ ਹੈ ਕਿਉਂਕਿ ਮੁੱਖ ਮੰਤਰੀ ਕੋਲ ਹੁਣ ਸਭ ਕੁੱਝ ਹੈ, ਵਿਜੀਲੈਂਸ, ਈਡੀ ਤੇ ਅਮਲਾ ਤੇ ਉਹ ਮੈਨੂੰ ਗ੍ਰਿਫ਼ਤਾਰ ਹੀ ਕਰਨਾ ਚਾਹੁੰਦੇ ਸਨ। ਸੁਖਪਾਲ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਉੱਤੇ ਤਿੰਨ ਮਾਮਲੇ ਦਰਜ ਕਰਵਾਏ ਹਨ, ਇਹ ਬਦਲਾਅ ਦੀ ਰਾਜਨੀਤੀ ਨਹੀਂ ਹੈ ਸਗੋਂ ਬਦਲਾਖੋਰੀ ਦੀ ਰਾਜਨੀਤੀ ਹੈ।  

ਖਹਿਰਾ ਨੇ ਕਿਹਾ ਕਿ ਜੋ ਇਸ ਐੱਸਆਈਟੀ ਦਾ ਮੁਖੀ ਹੈ ਸੁਵੱਪਨ ਸ਼ਰਮਾ ਉਸ ਨੂੰ ਜਾਣਬੁੱਝ ਕੇ ਲਗਾਇਆ ਗਿਆ ਹੈ ਤੇ ਕਿਹਾ ਗਿਆ ਹੈ ਕਿ ਸੁਖਪਾਲ ਖਹਿਰਾ ਠੋਕਣਾ ਹੈ। ਉਹਨਾਂ ਨੇ ਪੰਜਾਬ ਪੁਲਿਸ 'ਤੇ ਵੀ ਸਵਾਲ ਖੜ੍ਹਾ ਕੀਤਾ ਤੇ ਕਿਹਾ ਕਿ ਪੰਜਾਬ ਪੁਲਿਸ ਵੀ ਇਸ ਤਰ੍ਹਾਂ ਵਰਤਾਅ ਕਰ ਰਹੀ ਸੀ ਕਿ ਜਿਵੇਂ ਉਹਨਾਂ ਨੂੰ ਪੈਸੇ ਦੇ ਕੇ ਭੇਜਿਆ ਹੁੰਦਾ ਹੈ। 

ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਜੇਕਰ ਉਹ ਮੈਨੂੰ ਸਰੀਰਕ ਤੌਰ 'ਤੇ ਵੀ ਮਾਰ ਦੇਣ, ਮੈਨੂੰ ਕੁਝ ਬਹੁਤ ਖ਼ਤਰਨਾਕ ਮਹਿਸੂਸ ਹੋ ਰਿਹਾ ਹੈ। ਕੇਂਦਰ ਦੀ 'ਆਪ' ਪਾਰਟੀ ਕਾਂਗਰਸ ਨਾਲ ਗਠਜੋੜ ਲਈ ਦਬਾਅ ਬਣਾ ਰਹੀ ਹੈ ਪਰ ਭਗਵੰਤ ਮਾਨ ਪੰਜਾਬ ਵਿੱਚ ਵਿਰੋਧੀ ਧਿਰ ਵਜੋਂ ਕਾਂਗਰਸ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਅਜਿਹਾ ਕਾਂਗਰਸ ਨੂੰ ਹਾਸ਼ੀਏ 'ਤੇ ਕਰਨ ਲਈ ਕੀਤਾ ਹੈ ਪਰ ਆਖਰ ਪੰਜਾਬ ਵਿਚ ਸੱਚ ਦੀ ਜਿੱਤ ਹੋਵੇਗੀ। 

ਸੁਖਪਾਲ ਸਿੰਘ ਖਹਿਰਾ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ ਕਿ ਇਹ ਪੰਜਾਬ ਵਿਚ ਜੰਗਲ ਰਾਜ ਚੱਲ ਰਿਹਾ ਹੈ ਅਤੇ ਸਭ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਸੀਐਮ ਭਗਵੰਤ ਮਾਨ ਦਾ ਵਿਰੋਧ ਕਰਦਾ ਹਾਂ, ਮੇਰੇ ਖਿਲਾਫ਼ ਇਹ ਕਾਰਵਾਈ ਤਾਂ ਕੀਤੀ ਜਾ ਰਹੀ ਹੈ। ਮੇਰੇ ਪਿੱਛੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਮੇਰੇ ਪੁੱਤਰ ਨਾਲ ਸੰਪਰਕ ਕਰ ਸਕਦਾ ਹੈ।    

ਖਹਿਰਾ ਨੇ ਸਾਰਿਆਂ ਨੂੰ ਚਿੰਤਾ ਨਾ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਵਿਰੁੱਧ 50 ਅਜਿਹੇ ਕੇਸ ਦਰਜ ਹਨ, ਮੈਂ ਲੜਾਂਗਾ, ਮੇਰੇ ਕੋਲ ਤਾਕਤ ਹੈ ਪਰ ਇਹਨਾਂ ਦੀਆਂ ਕਰਤੂਤਾਂ ਦੇਖੋ, ਇਹ 2015 ਦੇ ਪੁਰਾਣੇ ਝੂਠੇ ਕੇਸ ਵਿਚ ਚੰਡੀਗੜ੍ਹ ਤੋਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਰਹੇ ਹਨ। ਜਿਸ ਵਿਚ ਸੁਪਰੀਮ ਕੋਰਟ ਨੇ ਸੰਮਨ ਰੱਦ ਕਰਕੇ ਰਾਹਤ ਦਿੱਤੀ ਹੈ। ਫਿਰ ਵੀ ਉਹਨਾਂ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ, ਜਿਸ ਤੋਂ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ।    

ਇਹ ਵੀ ਪੜ੍ਹੋ: ਖੇਤੀਬਾੜੀ ਖੇਤਰ ਵਿਚ ਐਮਐਸ ਸਵਾਮੀਨਾਥਨ ਦੇ ਬੇਮਿਸਾਲ ਯੋਗਦਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ: PM ਮੋਦੀ

ਓਧਰ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਕਈ ਕਾਂਗਰਸੀਆਂ ਦੀ ਵੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਗ੍ਰਿਫ਼ਤਾਰ ਕਾਂਗਰਸੀ ਆਗੂ ਖਹਿਰਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚੇ। ਰਾਜਾ ਵੜਿੰਗ ਨੇ ਪਰਿਵਾਰ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦੀ ਨਿਖੇਧੀ ਕਰਦੇ ਹਨ।

ਉਨ੍ਹਾਂ ਦੋਸ਼ ਲਗਾਇਆ ਕਿ ਸਭ ਕੁੱਝ ਸਰਕਾਰ ਦੇ ਕਹਿਣ 'ਤੇ ਹੋ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਂਗਰਸ ਇਸ ਲਈ ਲੜ ਰਹੀ ਹੈ। ਜਿਸ ਤਰ੍ਹਾਂ ਦੀਆਂ ਕਾਰਵਾਈਆਂ ਹੋ ਰਹੀਆਂ ਹਨ, ਇਹ ਜੰਗਲ ਰਾਜ ਹੈ। 'ਆਪ' ਵਿਧਾਇਕ ਖ਼ੁਦ ਤਰਨਤਾਰਨ ਦੇ ਐੱਸਐੱਸਪੀ 'ਤੇ ਦੋਸ਼ ਲਗਾ ਰਹੇ ਹਨ। 'ਆਪ' ਵਿਧਾਇਕਾਂ ਦਾ ਦੋਸ਼ ਹੈ ਕਿ 25 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ। ਉਨ੍ਹਾਂ ਦੇ ਰਿਸ਼ਤੇਦਾਰ ਨੂੰ ਗ੍ਰਿਫ਼ਤਾਰ ਕਰਨ ਅਤੇ ‘ਆਪ’ ਵਿਧਾਇਕ ਦਾ ਨਾਂ ਲੈਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

 

 

ਵਕੀਲ ਨੂੰ ਵੀ ਪੁਲਿਸ ਨੇ ਫੜ ਲਿਆ। ਵਕੀਲ ਨਾਲ ਕੀ ਹੋਇਆ ਸਭ ਨੂੰ ਪਤਾ ਹੈ। ਵਕੀਲ ਖਿਲਾਫ਼ ਕਾਰਵਾਈ ਤੋਂ ਬਾਅਦ ਪੰਜਾਬ ਪੁਲਿਸ ਦਾ ਨਾਂ ਮਿੱਟੀ 'ਚ ਮਿਲ ਗਿਆ ਹੈ। ਗ੍ਰਿਫ਼ਤਾਰੀ ਸਬੰਧੀ ਪ੍ਰਤਾਪ ਬਾਜਵਾ ਨੇ ਕਿਹਾ- ਮੁੱਖ ਮੰਤਰੀ ਭਗਵੰਤ ਮਾਨ ਜੀ ਸਰਕਾਰਾਂ ਹਮੇਸ਼ਾ ਨਹੀਂ ਰਹਿੰਦੀਆਂ। ਮੈਂ ਤੁਹਾਡੇ ਤਾਨਾਸ਼ਾਹ ਗੁੰਡਾਰਾਜ ਦੀ ਸਖ਼ਤ ਆਲੋਚਨਾ ਕਰਦਾ ਹਾਂ। ਮੈਂ ਪੰਜਾਬ ਕਾਂਗਰਸ ਦੇ ਸਮੂਹ ਵਰਕਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਹਰ ਵਰਕਰ ਨਾਲ ਚਟਾਨ ਵਾਂਗ ਖੜੇ ਹਨ। ਅਸੀਂ ਸੁਖਪਾਲ ਸਿੰਘ ਖਹਿਰਾ ਦੀ ਰਿਹਾਈ ਲਈ ਡਟ ਕੇ ਸੰਘਰਸ਼ ਕਰਾਂਗੇ। 

ਇਹ ਵੀ ਪੜ੍ਹੋ: ਰੇਲ ਯਾਤਰਾ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਅੱਜ ਨਹੀਂ ਚੱਲਣਗੀਆਂ ਰੇਲਾਂ 

ਕਾਂਗਰਸ ਨੇ ਅਪਣੇ ਟਵਿੱਟਰ ਹੈਂਡਲ 'ਤੇ ਗ੍ਰਿਫ਼ਤਾਰੀ ਸਬੰਧੀ ਪੋਸਟ ਪਾ ਕੇ ਕਿਹਾ ਕਿ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਸੱਤਾ ਦੀ ਦੁਰਵਰਤੋਂ ਅਤੇ ਬਦਲਾਖੋਰੀ ਦਾ ਸਬੂਤ ਹੈ। ਬੇਇਨਸਾਫ਼ੀ ਵਿਰੁੱਧ ਬੁਲੰਦ ਆਵਾਜ਼ ਨੂੰ ਦਬਾਉਣ ਦੀ ਇਸ ਘਟੀਆ ਸਾਜ਼ਿਸ਼ ਵਿਰੁੱਧ ਸਮੁੱਚਾ ਕਾਂਗਰਸੀ ਪਰਿਵਾਰ ਖਹਿਰਾ ਦੇ ਨਾਲ ਖੜ੍ਹਾ ਹੈ। ਅਸੀਂ ਝੁਕਣ ਲਈ ਤਿਆਰ ਨਹੀਂ, ਰੁਕਣ ਲਈ ਤਿਆਰ ਨਹੀਂ। ਅਸੀਂ ਲੜਾਂਗੇ ਅਤੇ ਜਿੱਤਾਂਗੇ।