ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਵਿਚ ਵੰਡੇ ਸਮਾਰਟ ਰਾਸ਼ਨ ਕਾਰਡ
ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਸ਼ਹਿਰ ਵਿਚ ਵੰਡੇ ਸਮਾਰਟ ਰਾਸ਼ਨ ਕਾਰਡ
ਕਿਹਾ, ਪੰਜਾਬ ਸਰਕਾਰ ਹਰ ਵਰਗ ਦੇ ਵਿਕਾਸ ਲਈ ਕਰ ਰਹੀ ਹੈ ਕੰਮ
ਐਸ.ਏ.ਐਸ. ਨਗਰ, 27 ਅਕਤੂਬਰ (ਸੁਖਦੀਪ ਸਿੰਘ ਸੋਈ): ਸਿਹਤ ਅਤੇ ਪਰਵਾਰ ਭਲਾਈ ਅਤੇ ਕਿਰਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਦੇ ਵਿਕਾਸ ਲਈ ਕੰਮ ਕਰ ਰਹੀ ਹੈ ਜਿਸ ਲਈ ਵੱਖ-ਵੱਖ ਯੋਜਨਾਵਾਂ ਸੂਬੇ ਵਿਚ ਚਲਾਈਆਂ ਗਈਆਂ ਹਨ। ਉਹ ਅੱਜ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 4771 ਲਾਭਪਾਤਰੀਆਂ ਨੂੰ ਸਮਾਰਟ ਰਾਸ਼ਨ ਕਾਰਡ ਸੌਂਪਣ ਉਪਰੰਤ ਲਾਭਪਾਰਤੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨਾਲ ਕੀਤੇ ਹਰ ਵਾਅਦੇ ਪੂਰੇ ਕੀਤੇ ਹਨ ਅਤੇ ਸਮਾਰਟ ਰਾਸ਼ਨ ਕਾਰਡ ਸਕੀਮ ਯੋਗ ਲਾਭਪਾਤਰੀਆਂ ਨੂੰ ਅਨਾਜ ਵੰਡਣ ਲਈ ਕ੍ਰਾਂਤੀਕਾਰੀ ਕਦਮ ਹੈ।
ਉਨ੍ਹਾਂ ਕਿਹਾ ਕਿ ਇਹ ਸਕੀਮ ਲਾਗੂ ਹੋਣ ਨਾਲ ਸੂਬੇ ਵਿਚ ਅਨਾਜ ਵੰਡਣ ਦੀ ਪ੍ਰਕ੍ਰਿਆ ਵਿਚ ਪੂਰਨ ਤੌਰ ਉਤੇ ਪਾਰਦਰਸ਼ਤਾ ਆਈ ਅਤੇ ਹੁਣ ਇਨ੍ਹਾਂ ਕਾਰਡਾਂ ਰਾਹੀਂ ਲਾਭਪਾਤਰੀ ਰਾਜ ਦੇ ਕਿਸੇ ਵੀ ਮਨਜ਼ੂਰਸ਼ੁਦਾ ਡਿਪੂ ਤੋਂ ਅਪਣਾ ਬਣਦਾ ਅਨਾਜ ਪ੍ਰਾਪਤ ਕਰ ਸਕਦੇ ਹਨ। ਸਮਾਰਟ ਰਾਸ਼ਨ ਕਾਰਡ ਪ੍ਰਾਪਤ ਕਰਨ ਵਾਲਿਆਂ ਵਿਚ ਅੱਜ ਸੁਹਾਣਾ ਪਿੰਡ ਦੇ 900 ਲਾਭਪਾਤਰੀ, ਮਟੌਰ ਪਿੰਡ ਦੇ 752 ਲਾਭਪਾਤਰੀ, ਸ਼ਾਹੀ ਮਾਜਰਾ ਦੇ 594 ਲਾਭਪਾਰਤੀ ਅਤੇ ਪਿੰਡ ਬਲੌਂਗੀ ਦੇ 2525 ਲਾਭਪਾਤਰੀ ਸ਼ਾਮਲ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਰ ਯੋਗ ਲਾਭਪਾਤਰੀ ਦਾ ਕਾਰਡ ਬਣਾਇਆ ਹੈ ਤਾਂ ਜੋ ਸਰਕਾਰ ਵਲੋਂ ਸਸਤੇ ਰੇਟ ਉਤੇ ਦਿਤੇ ਜਾਣ ਵਾਲੇ ਅਨਾਜ ਯੋਗ ਲੋਕਾਂ ਨੂੰ ਆਸਾਨੀ ਨਾਲ ਮਿਲ ਸਕਣ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਿਰਫ਼ ਸਮਾਰਟ ਰਾਸ਼ਨ ਕਾਰਡ ਹੀ ਨਹੀਂ ਮੁਹਈਆ ਕਰਵਾਏ ਬਲਕਿ ਪ੍ਰਤੀ ਕਾਰਡ ਧਾਰਕ ਦਾ 5 ਲੱਖ ਰੁਪਏ ਦਾ ਸਿਹਤ ਬੀਮਾ ਵੀ ਕਰਵਾਇਆ ਹੈ ਜੋ ਕਿ ਗ਼ਰੀਬ ਵਰਗ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਡਾਂ ਵਿਚ ਵਿਸ਼ੇਸ਼ ਤਰ੍ਹਾਂ ਦੀ ਚਿਪ ਲਗੀ ਹੋਈ ਹੈ ਜੋ ਕਿ ਡਿਪੂ ਹੋਲਡਰਾਂ ਕੋਲ ਮੌਜੂਦ ਈਪੋਜ਼ ਮਸ਼ੀਨਾਂ ਨਾਲ ਲਿੰਕ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਲਾਭਪਾਤਰੀ ਨੂੰ ਕਣਕ ਲੈਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦਸਿਆ ਕਿ ਇਸ ਕਾਰਡ ਦੇ ਪ੍ਰਯੋਗ ਰਾਹੀਂ ਯੋਗ ਲਾਭਪਾਤਰੀਆਂ ਜਾਂ ਉਨ੍ਹਾਂ ਦੇ ਪਰਵਾਰਕ ਮੈਂਬਰਾਂ, ਜਿਸ ਦਾ ਵੇਰਵਾ ਕਾਰਡ ਵਿਚ ਦਰਜ ਹੋਵੇਗਾ, ਪੰਜਾਬ ਵਿਚ ਕਿਸੇ ਵੀ ਸਥਾਨ ਉਤੇ ਅਪਣਾ ਬਣਦਾ ਅਨਾਜ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦਸਿਆ ਕਿ ਇਹ ਸਮਾਰਟ ਰਾਸ਼ਨ ਕਾਰਡ ਸਿਰਫ਼ ਪ੍ਰਮਾਣਿਕ ਮਸ਼ੀਨਾਂ ਉਤੇ ਹੀ ਪ੍ਰਯੋਗ ਕੀਤਾ ਜਾ ਸਕਦਾ ਹੈ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਦੇ ਵਿਕਾਸ ਨੂੰ ਲੈ ਕੇ ਸਰਕਾਰ ਕੋਈ ਕਮੀ ਨਹੀਂ ਛੱਡ ਰਹੀ ਹੈ ਅਤੇ ਸਾਰੇ ਵਰਗਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਤਕ ਯੋਜਨਾਵਾਂ ਦਾ ਲਾਭ ਪਹੁੰਚੇ, ਇਸ ਲਈ ਸਰਕਾਰ ਉਚਿਤ ਕਦਮ ਉਠਾ ਰਹੀ ਹੈ।
Photos ੨੭-੩