ਪੀਸੀਐਸ ਸੀਲੈਕਸ਼ਨ ਨੂੰ ਚੁਨੌਤੀ ਦਿੰਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖ਼ਾਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੀਸੀਐਸ ਸੀਲੈਕਸ਼ਨ ਨੂੰ ਚੁਨੌਤੀ ਦਿੰਦੀ ਪਟੀਸ਼ਨ ਹਾਈ ਕੋਰਟ ਨੇ ਕੀਤੀ ਖ਼ਾਰਜ

image

ਚੰਡੀਗੜ੍ਹ, 28 ਅਕਤੂਬਰ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 12 ਪੀ.ਸੀ.ਐਸ. ਅਫ਼ਸਰਾਂ ਦੀ ਆਈ.ਏ.ਐਸ ਵਜੋਂ ਤਰੱਕੀ ਦੇ ਮਾਮਲੇ 'ਤੇ ਕੁੱਝ ਅਫ਼ਸਰਾਂ ਵਲੋਂ ਪਾਈ ਪਟੀਸ਼ਨ ਖ਼ਾਰਜ ਕਰ ਦਿਤੀ ਹੈ।

image


ਕੁੱਝ ਅਫ਼ਸਰਾਂ ਨੇ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਇਨ੍ਹਾਂ 12 ਪੀ ਸੀ ਐਸ ਅਫ਼ਸਰਾਂ ਦੀ ਆਈ.ਏ.ਐਸ. ਵਜੋਂ ਤਰੱਕੀ ਦੇ ਫ਼ੈਸਲੇ ਨੂੰ ਚੁਨੌਤੀ ਦਿਤੀ ਸੀ। ਇਨ੍ਹਾਂ ਨੇ ਦਲੀਲ ਦਿਤੀ ਸੀ ਕਿ ਜਿਹੜੇ ਅਫ਼ਸਰਾਂ ਦੇ ਨਾਂ ਤਰੱਕੀ ਵਾਸਤੇ  ਮਨਜ਼ੂਰੀ ਕੀਤੇ ਗਏ ਹਨ, ਉਨ੍ਹਾਂ ਦਾ ਤਰੱਕੀ ਲਈ ਹੱਕ ਨਹੀਂ ਬਣਦਾ ਕਿਉਂਕਿ ਇਹ ਨਿਯਮਾਂ ਮੁਤਾਬਕ ਤਰੱਕੀ ਲਈ ਸ਼ਰਤਾਂ ਪੂਰੀਆਂ ਨਹੀਂ ਕਰਦੇ। ਪਰ ਹਾਈ ਕੋਰਟ ਦੇ ਜੱਜ ਜਸਟਿਸ ਰਾਜ ਮੋਹਨ ਸਿੰਘ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਪਟੀਸ਼ਨ ਖਾਰਜ ਕਰ ਦਿਤੀ। ਹਾਈ ਕੋਰਟ ਨੇ ਕਿਹਾ ਹੈ ਕਿ 2004 'ਚ ਭਰਤੀ ਹੋਏ ਇਨ੍ਹਾਂ ਪੀਸੀਐਸ ਅਫ਼ਸਰਾਂ ਨੂੰ ਕੈਡਰ ਵਿਚ ਵਾਧੂ ਅਸਾਮੀਆਂ ਨਹੀਂ ਮੰਨਿਆ ਜਾ ਸਕਦਾ ਤੇ ਇਸ ਉਪਰੰਤ ਉਨ੍ਹਾਂ ਨੂੰ ਬਣਦੇ ਸਮੇਂ ਵਿਚ ਸੇਵਾ ਲਾਭ ਵੀ ਮਿਲੇ ਹਨ ਤੇ ਇਹੋ ਨਹੀਂ ਇਨ੍ਹਾਂ ਵਿਚੋਂ ਕੁੱਝ ਆਈਏਐਸ ਵੀ ਬਣ ਚੁੱਕੇ ਹਨ। ਬੈਂਚ ਨੇ ਇਹ ਵੀ ਕਿਹਾ ਹੈ ਕਿ ਕੁੱਝ ਤੱਥ ਸਾਹਮਣੇ ਵੀ ਨਹੀਂ ਲਿਆਂਦੇ ਗਏ ਹਨ। ਪਟੀਸ਼ਨ ਖਾਰਜ ਹੋਣ ਨਾਲ ਹੁਣ ਇਨ੍ਹਾਂ 12 ਪੀ.ਸੀ.ਐਸ ਅਫ਼ਸਰਾਂ ਦੇ ਆਈ.ਏ.ਐਸ ਬਣਨ ਦਾ ਰਾਹ ਪਧਰਾ ਹੋ ਗਿਆ ਹੈ। 12 ਵਿਚੋਂ ਦੋ ਪੋਸਟਾਂ 208 ਦੀਆਂ ਹਨ ਜਦਕਿ 10 ਪੋਸਟਾਂ 2019 ਦੀਆਂ ਹਨ।