ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਦੀ ਰੀਪੋਰਟ ਕੇਂਦਰ ਨੂੰ ਭੇਜੀ : ਮਦਨ ਮੋਹਨ ਮਿੱਤਲ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਦੀ ਮਾੜੀ ਕਾਨੂੰਨ ਵਿਵਸਥਾ ਦੀ ਰੀਪੋਰਟ ਕੇਂਦਰ ਨੂੰ ਭੇਜੀ : ਮਦਨ ਮੋਹਨ ਮਿੱਤਲ

image

ਬੀਜੇਪੀ ਕੋਰ ਗਰੁਪ ਬੈਠਕ ਦੇ ਫ਼ੈਸਲੇ, ਸਾਰੀਆਂ 117 ਸੀਟਾਂ 'ਤੇ ਉਮੀਦਵਾਰੀ ਲਈ ਮੁਢਲੀ ਚਰਚਾ
 

ਚੰਡੀਗੜ੍ਹ, 27 ਅਕਤੂਬਰ (ਜੀ.ਸੀ.ਭਾਰਦਵਾਜ) : ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਸਰਕਾਰ ਦੀ ਖੁਲ੍ਹੀ ਮਦਦ ਨਾਲ ਚਲਾਏ ਜਾ ਰਹੇ ਕਿਸਾਨ ਅੰਦੋਲਨ ਤੋਂ ਪੈਦਾ ਹੋਈ ਸੰਕਟਮਈ ਹਾਲਤ 'ਤੇ ਗੰਭੀਰ ਚਰਚਾ ਬੀਜੇਪੀ ਦੇ ਕੋਰ ਗਰੁਪ ਵਿਚ ਕਲ ਪੂਰਾ ਦਿਨ ਹੁੰਦੀ ਰਹੀ ਜਿਸ ਵਿਚ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਸੀਨੀਅਰ ਪਾਰਟੀ ਮੈਂਬਰਾਂ ਨੇ ਹਿੱਸਾ ਲਿਆ। ਬੀਤੇ ਦਿਨ ਲਗਾਤਾਰ 3 ਪੜਾਵਾਂ ਚਿ 6 ਘੰਟੇ ਕੇਵਲ ਪੰਜਾਬ ਵਿਚ ਸਰਕਾਰ ਦੁਆਰਾ ਖ਼ੁਦ ਪੈਦਾ ਕੀਤੇ ਕਿਸਾਨੀ ਸੰਘਰਸ਼, ਰੇਲ ਰੋਕੋ ਅੰਦੋਲਨ, ਬੀਜੇਪੀ ਨੇਤਾਵਾਂ, ਮੰਤਰੀਆਂ ਅਤੇ ਸਿਰਕੱਢ ਵਰਕਰਾਂ ਦੇ ਘਰਾਂ ਅਤੇ ਰਿਹਾਇਸ਼ਾਂ 'ਤੇ ਕਿਸਾਨਾਂ ਦੇ ਰੂਪ ਵਿਚ ਕਾਂਗਰਸੀ ਨੇਤਾਵਾਂ ਵਲੋਂ ਲਾਏ ਧਰਨੇ 'ਤੇ ਮਚਾਇਆ ਜਾ ਰਹੇ ਹੁੜਦੰਗ ਦੀ ਨਿਖੇਧੀ ਕੀਤੀ ਗਈ।
ਇਸ ਸਾਰੇ ਹਾਲਾਤ ਦੀ ਰੀਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਕੇਂਦਰੀ ਮੰਤਰੀ ਤੇ ਪ੍ਰਧਾਨ ਮੰਤਰੀ ਨੂੰ ਭੇਜਣ ਦੀ ਗੱਲ ਕੀਤੀ ਗਈ। ਇਸ ਬਾਰੇ ਅੱਜ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਦਸਿਆ ਕਿ ਗੁਰੂਆਂ, ਪੀਰਾਂ, ਪੈਗੰਬਰਾਂ, ਰਿਸ਼ੀਆਂ ਮੁਨੀਆਂ, ਸਾਧੂ ਸੰਤਾਂ ਦੀ ਭੂਮੀ ਪੰਜਾਬ ਵਿਚ ਅੱਜ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀ.ਜੀ.ਪੀ. ਦੇ ਹੁੰਦਿਆਂ ਪ੍ਰਧਾਨ ਮੰਤਰੀ, ਕੇਂਦਰੀ ਮੰਤਰੀਆਂ ਦੇ ਪੁਤਲੇ ਖ਼ੁਦ ਕਾਂਗਰਸੀ ਲੀਡਰਾਂ-ਵਰਕਰਾਂ ਦੁਆਰਾ
ਫੂਕੇ ਜਾ ਹੇ ਹਨ ਜੋ ਸ਼ਰਮਨਾਕ ਅਤੇ ਦੁੱਖ ਦੀ ਗੱਲ ਹੈ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਸੱਚੇ ਸੁੱਚੇ ਸਿੱਖ ਧਰਮ ਦੇ ਵਿਸ਼ਵਾਸੀ ਮਹਾਰਾਜਾ ਭੁਪਿੰਦਰ ਸਿੰਘ ਪੋਤਰੇ ਮੌਜੂਦਾ ਮੁੱਖ ਮੰਤਰੀ ਅੱਜ ਲੋਕਾਂ ਦੇ ਮਾਰਗ ਦਰਸ਼ਕ ਹੋਣ ਦੀ ਥਾਂ ਖ਼ੁਦ ਕਿਸਾਨਾਂ ਨੂੰ ਹੱਲਾਸ਼ੇਰੀ ਦੇ ਕੇ ਪੰਜਾਬ ਦੀ ਆਰਥਕ, ਸਮਾਜਕ, ਨੈਤਿਕ, ਸਮਾਜਕ ਹਾਲਤ ਨੂੰ ਖ਼ਰਾਬ ਕਰ ਰਹੇ ਹਨ ਜਿਸ ਨਾਲ ਹਿੰਦੂ ਸਿੱਖ ਏਕਤਾ ਨੂੰ ਖ਼ਤਰਾ ਪੈ ਰਿਹਾ ਹੈ।
ਅਕਾਲੀ ਦਲ ਵਲੋਂ 54 ਸਾਲ ਪੁਰਾਣੀ ਸਾਂਝ, ਪਤੀ ਪਤਨੀ ਵਾਲੀ ਬੀਜੇਪੀ ਨਾਲ ਰਿਸ਼ਤਾ ਸਮਝੌਤਾ ਤੋੜਨ ਤੋਂ ਪੈਦਾ ਹੋਈ ਹਾਲਤ ਨਾਲ ਜੁੜੇ ਅਨੇਕਾਂ ਸਵਾਲਾਂ ਦੇ ਜਵਾਬ ਦਿੰਦੇ ਹੋਏ ਮਦਨ ਮਿੱਤਲ ਨੇ ਸਪਸ਼ਟ ਕਿਹਾ ਕਿ ਉਂਜ ਤਾਂ ਆਖ਼ਰੀ ਫ਼ੈਸਲਾ, ਪਾਰਟੀ ਦਾ ਸੰਸਦੀ ਬੋਰਡ ਹੀ ਕਰਵਾ ਹੈ ਪਰ ਪੰਜਾਬ ਪੱਧਰ 'ਤੇ ਮੁਢਲੇ ਰੂਪ ਵਿਚ ਸਾਰੀਆਂ 117 ਸੀਟਾਂ 'ਤੇ ਵਿਧਾਨ ਸਭਾ ਚੋਣਾਂ 2022 ਵਿਚ ਲੜਨ ਵਾਸਤੇ ਉਮੀਦਵਾਰਾਂ ਦੀ ਭਾਲ, ਸੰਭਾਵੀ ਟੀਚੇ ਜਾਂ ਵੋਟਰਾਂ ਵਿਚ ਸੰਦੇਸ਼ ਭੇਜਣੇ ਸ਼ੁਰੂ ਹਨ ਅਤੇ ਇਹ ਵੀ ਚਰਚਾ ਚਲ ਰਹੀ ਹੈ ਕਿਵੇਂ ਪੁਰਾਣੀਆਂ 23 ਸੀਟਾਂ ਟਤੇ ਨਵੀਆਂ 94 ਸੀਟਾਂ ਉਪਰ ਚੋਣ ਨੀਤੀ ਅਪਣਾਉਣੀ ਹੈ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਅਕਾਲੀ ਦਲ ਨਾਲ ਸਾਂਝ ਦੌਰਾਨ ਬੀਜੇਪੀ ਸਿਰਫ਼ 23 ਹਲਕਿਆਂ 'ਤੇ ਚੋਣ ਲੜਦੀ ਸੀ ਜਿਸ ਵਿਚੋਂ 5 ਰਿਜ਼ਰਵ ਅਤੇ 18 ਜਨਰਲ ਹਲਕਿਆਂ ਵਿਚੋਂ ਕਦੇ 19, ਕਦੇ 18, ਕਦੇ 12 ਥਾਵਾਂ 'ਤੇ ਕਾਮਯਾਬ ਰਹਿ ਕੇ ਸਰਕਾਰ ਦਾ ਹਿੱਸਾ ਬਣਦੀ ਸੀ। ਹੁਣ 34 ਰਿਜ਼ਰਵ ਅਤੇ 83 ਜਨਰਲ ਸੀਟਾਂ 'ਤੇ ਉਮੀਦਵਾਰੀਆਂ ਤੈਅ ਕਰਨ ਲਈ ਕੇਵਲ ਸੀਟ ਜਿੱਤਣ ਦਾ ਟੀਚਾ ਲੈ ਕੇ ਚਲਣਾ ਯਾਨੀ 29 ਰਿਜ਼ਰਵ ਅਤੇ 65 ਜਨਰਲ ਹਲਕਿਆਂ ਲਈ ਹੋਰ ਨਵੇਂ ਉਮੀਦਵਾਰ ਤਿਆਰ ਕਰਨੇ ਹਨ।
ਕੋਈ ਸਿੱਖ ਚਿਹਰਾ, ਪੰਜਾਬ ਵਿਚ ਰਵਾਇਤ ਮੁਤਾਬਕ ਬਤੌਰ ਮੁੱਖ ਮੰਤਰੀ, ਚੋਣ ਮੈਦਾਨ ਵਿਚ ਉਤਾਰਨ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦਿਆਂ ਇਸ ਤਜਰਬੇਕਾਰ, ਧਾਕੜ ਨੇਤਾ ਨੇ ਕਿਹਾ ਕਿ ਇਹ ਰਿਵਾਜ ਵੀ ਸ਼ਾਇਦ ਬੀਜੇਪੀ ਤੋੜਨ ਦੀ ਕੋਸ਼ਿਸ਼ ਕਰੇਗੀ ਜਿਵੇਂ ਗੁਆਂਢੀ ਸੂਬੇ ਹਰਿਆਣਾ ਵਿਚ ਦੂਜੀ ਵਾਰ ਜਾਟ ਦੀ ਥਾਂ ਇਕ ਪੰਜਾਬੀ ਖੱਤਰੀ (ਮਨੋਹਰ ਲਾਲ) ਨੂੰ ਮੁੱਖ ਮੰਤਰੀ ਬਣਾਇਆ ਹੈ। ਬੀਤੇ ਦਿਨ ਦੀ ਕੋਰ ਕਮੇਟੀ ਬੈਠਕ ਵਿਚ ਮੌਜੂਦਾ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਪ੍ਰਧਾਨਵਿਜੈ ਸਾਂਪਲਾ, ਅਵਿਨਾਸ਼ ਖੰਨਾ, ਮਦਨ ਮੋਹਨ ਮਿੱਤਲ, ਰਾਜਿੰਦਰ ਭੰਡਾਰੀ, ਮਨੋਰੰਜਨ ਕਾਲੀਆ, ਸ਼ਵੇਤ ਮਲਿਕ, ਸੁਭਾਸ਼ ਸ਼ਰਮਾ, ਤਰੁਣ ਚੁੱਘ, ਹਰਜੀਤ ਆਦਿ ਹਾਜ਼ਰ ਸਨ।