ਪ੍ਰਕਾਸ਼ ਸਿੰਘ ਬਾਦਲ ਦੀ ਮੋਦੀ ਸਰਕਾਰ ਵਿਰੁਧ ਚੁੱਪੀ 'ਤੇ ਹੁਣ ਉਠਣ ਲੱਗੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਈ ਪ੍ਰਮੁੱਖ ਅਕਾਲੀ ਨੇਤਾ ਹਾਲੇ ਵੀ ਅੰਦਰਖਾਤੇ ਭਾਜਪਾ ਨਾਲ ਟੁੱਟੀ ਗੰਢਣ ਦੇ ਹੱਕ ਵਿਚ

PM Modi-Parkash Singh Badal

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਅਕਾਲੀ-ਭਾਜਪਾ ਗਠਜੋੜ ਦੇ ਟੁੱਟਣ ਬਾਅਦ ਸ਼੍ਰੋਮਣੀ ਅਕਾਲੀ ਦਲ ਵਲੋਂ ਮੋਦੀ ਸਰਕਾਰ ਵਿਰੁਧ ਖੇਤੀ ਬਿਲਾਂ ਨੂੰ ਲੈ ਕੇ ਵਿੱਢੀ ਮੁਹਿੰਮ ਦੌਰਾਨ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਲਗਾਤਾਰ ਚੁੱਪ 'ਤੇ ਵੀ ਹੁਣ ਸਿਆਸੀ ਹਲਕਿਆਂ ਵਿਚ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਇਸ ਚੁੱਪ ਦੇ ਕਈ ਅਰਥ ਕੱਢੇ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇ ਜ਼ੋਰ ਫੜਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਸ ਸਮੇਂ ਕੇਂਦਰ ਵਿਚ ਮੰਤਰੀ ਅਹੁਦੇ 'ਤੇ ਮੌਜੂਦ ਹਰਸਿਮਰਤ ਕੌਰ ਬਾਦਲ ਵਲੋਂ ਖੇਤੀ ਬਿਲਾਂ ਨੂੰ ਵਧੀਆ ਦਸ ਕੇ ਹੱਕ ਵਿਚ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੇਂਦਰੀ ਖੇਤੀ ਬਿਲਾਂ ਦੀ ਤਾਰੀਫ਼ ਕੀਤੀ ਸੀ ਤੇ ਕਾਂਗਰਸ ਤੇ ਕਿਸਾਨਾਂ ਨੂੰ ਗੁਮਰਾਹ ਕਰਨ ਦੇ ਦੋਸ਼ ਤਕ ਲਾਏ ਸਨ ਪਰ ਬਾਅਦ ਵਿਚ ਜਦ ਕਿਸਾਨ ਅੰਦੋਲਨ ਨੇ ਜ਼ੋਰ ਫੜਿਆ ਤੇ ਇਹ ਬਾਦਲ ਪ੍ਰਵਾਰ ਦੇ ਬੂਹੇ ਤਕ ਪਹੁੰਚ ਗਿਆ ਸੀ।

ਇਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਕਦਮ ਯੂ ਟਰਨ ਹੀ ਨਹੀਂ ਲਿਆ ਬਲਕਿ ਗੱਲ ਗਠਜੋੜ ਟੁੱਟਣ ਤਕ ਵੀ ਪਹੁੰਚ ਗਈ। ਸ਼ੁਰੂ ਵਿਚ ਬਾਦਲ ਨੇ ਪਾਰਟੀ ਵਲੋਂ ਯੂ. ਟਰਨ ਬਾਅਦ ਲਏ ਨਵੇਂ ਸਟੈਂਡ ਨੂੰ ਵੀ ਸਹੀ ਦਸਿਆ ਸੀ ਪਰ ਉਸ ਤੋਂ ਬਾਅਦ ਵੱਡੇ ਬਾਦਲ ਨੇ ਲਗਾਤਾਰ ਚੁੱਪ ਧਾਰ ਰੱਖੀ ਹੈ।

ਪਾਰਟੀ ਪ੍ਰਧਾਨ ਸੁਖਬੀਰ ਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਲਗਾਤਾਰ ਹੁਣ ਮੋਦੀ ਸਰਕਾਰ 'ਤੇ ਨਿਸ਼ਾਨੇ ਸਾਧ ਰਹੇ ਹਨ ਤੇ ਪਾਰਟੀ ਬਕਾਇਦਾ ਮੁਹਿੰਮ ਚਲਾ ਰਹੀ ਹੈ ਪਰ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਹੀ ਕਿਨਾਰੇ ਹੋ ਕੇ ਬੈਠ ਗਏ ਹਨ ਤੇ ਕੁੱਝ ਨਹੀਂ ਬੋਲ ਰਹੇ। ਇਸ ਕਰ ਕੇ ਸਵਾਲ ਉਠਣੇ ਤਾਂ ਸੁਭਾਵਕ ਹੀ ਹਨ। ਇਸ ਚੁੱਪੀ ਕਾਰਨ ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਜੇਕਰ ਕਿਸੇ ਸਮੇਂ ਕੇਂਦਰ ਸਰਕਾਰ ਪਾਸ ਕਾਨੂੰਨਾਂ ਤੇ ਮੁੜ ਵਿਚਾਰ ਕਰਨ ਲਈ ਤਿਆਰ ਹੋ ਜਾਂਦੀ ਹੈ ਜਾਂ ਕਿਸਾਨ ਜਥੇਬੰਦੀਆਂ ਨਾਲ ਸਮਝੌਤੇ ਦਾ ਮੋਦੀ ਸਰਕਾਰ ਕੋਈ ਹੱਲ ਲੱਭ ਲੈਂਦੀ ਹੈ ਤਾਂ ਅਕਾਲੀ ਭਾਜਪਾ ਦਾ ਮੁੜ ਗਠਜੋੜ ਹੋ ਸਕਦਾ ਹੈ।

ਇਹ ਸਿਰਫ਼ ਵੱਡੇ ਬਾਦਲ ਦੇ ਦਖ਼ਲ ਨਾਲ ਹੀ ਸੰਭਵ ਹੋ ਸਕਦਾ ਹੈ। ਇਸੇ ਲਈ ਉਹ ਇਸ ਸਮੇਂ ਪੂਰੀ ਤਰ੍ਹਾਂ ਚੁੱਪ ਹਨ। ਸੂਤਰਾਂ ਦੀ ਮੰਨੀਏ ਤਾਂ ਵੱਡੇ ਬਾਦਲ ਤੇ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਵਰਗੇ ਕਈ ਪ੍ਰਮੁੱਖ ਨੇਤਾ ਤਾਂ ਪਹਿਲਾਂ ਵੀ ਜਲਦਬਾਜ਼ੀ ਵਿਚ ਗਠਜੋੜ ਖ਼ਤਮ ਕਰਨ ਦੇ ਹੱਕ ਵਿਚ ਨਹੀਂ ਸਨ ਤੇ ਕੋਰ ਕਮੇਟੀ ਵਿਚ ਉਨ੍ਹਾਂ ਅਪਣਾ ਪੱਖ ਰੱਖਣ ਦਾ ਵੀ ਯਤਨ ਕੀਤਾ ਸੀ ਪਰ ਬਹੁਮਤ ਉਲਟ ਹੋਣ ਕਾਰਲ ਇੰਜ ਨਾ ਹੋ ਸਕਿਆ।

ਅਕਾਲੀ ਦਲ ਤੇ ਭਾਜਪਾ ਵਿਚ ਕਈ ਪ੍ਰਮੁੱਖ ਨੇਤਾ ਅੱਜ ਵੀ ਮਹਿਸੂਸ ਕਰਦੇ ਹਨ ਕਿ ਗਠਜੋੜ ਟੁੱਟਣ ਦਾ ਦੋਹਾਂ ਪਾਰਟੀਆਂ ਨੂੰ ਹੀ ਨੁਕਸਾਨ ਹੈ ਤੇ ਅੰਦਰਖਾਤੇ ਕਿਸਾਨ ਮਸਲੇ ਦਾ ਹੱਲ ਹੋਣ 'ਤੇ ਮੁੜ ਇਕੱਠੇ ਹੋਣ ਲਈ ਤਰਲੋਮੱਛੀ ਹੋ ਰਹੇ ਹਨ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਵਿਚ ਪ੍ਰਕਾਸ਼ ਸਿੰਘ ਬਾਦਲ ਹੀ ਅਜਿਹੇ ਨੇਤਾ ਹਨ ਜੋ ਅੱਜ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਜਪਾ ਦੀ ਉਚ ਲੀਡਰਸ਼ਿਪ ਨਾਲ ਗੱਲ ਕਰ ਕੇ ਮੁੜ ਗਠਜੋੜ ਕਾਇਮ ਕਰਵਾਉਣ ਦੇ ਸਮਰੱਥ ਹਨ। ਚਰਚਾ ਇਹੀ ਹੈ ਕਿ ਇਸ ਸਮੇਂ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਵਿਰੁਧ ਮੋਰਚੇ 'ਤੇ ਨਹੀਂ ਆ ਰਹੇ।

ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਵੀ ਭਾਜਪਾ ਵਿਚ ਪੂਰਾ ਸਤਿਕਾਰ : ਮਾਸਟਰ ਮੋਹਨ ਲਾਲ

ਇਸੇ ਦੌਰਾਨ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦਾ ਗਠਜੋੜ ਟੁੱਟਣ ਬਾਅਦ ਵੀ ਭਾਜਪਾ ਵਿਚ ਪੂਰਾ ਸਤਿਕਾਰ ਹੈ ਤੇ ਪ੍ਰਧਾਨ ਮੰਤਰੀ ਮੋਦੀ ਵੀ ਉਨ੍ਹਾਂ ਦੀ ਗੱਲ ਨਹੀਂ ਮੋੜ ਸਕਦੇ।

ਇਸ ਸਮੇਂ ਉਨ੍ਹਾਂ ਦਾ ਚੁੱਪ ਰਹਿਣਾ ਠੀਕ ਨਹੀਂ ਤੇ ਉਹ ਦਖ਼ਲ ਦੇ ਕੇ ਅੱਜ ਵੀ ਕਿਸਾਨ ਮਸਲਾ ਹੱਲ ਕਰਵਾ ਸਕਦੇ ਹਨ। ਇਸ ਸਮੇਂ ਪੰਜਾਬ ਵਿਚ ਅਜਿਹਾ ਕੋਈ ਘਾਗ ਨੇਤਾ ਨਹੀਂ ਜੋ ਪ੍ਰਧਾਨ ਮੰਤਰੀ ਮੋਦੀ ਨਾਲ ਸਿੱਧੀ ਗੱਲ ਕਰ ਕੇ ਪੰਜਾਬ ਦੇ ਸਹੀ ਸਥਿਤੀ ਸਮਝਾ ਸਕੇ। ਭਾਜਪਾ ਵਿਚ ਵੀ ਯੱਗ ਦੱਤ ਸ਼ਰਮਾ ਤੇ ਬਲਦੇਵ ਪ੍ਰਕਾਸ਼ ਵਰਗੇ ਦਮਦਾਰ ਨੇਤਾ ਪੰਜਾਬ ਭਾਜਪਾ ਵਿਚ ਨਹੀਂ। ਪ੍ਰਭਾਵਸ਼ਾਲੀ ਲੀਡਰਸ਼ਿਪ ਦੇ ਇਸੇ ਖਲਾਅ ਕਾਰਨ ਇਸ ਸਮੇਂ ਪੰਜਾਬ ਦਾ ਮਸਲਾ ਉਲਝਿਆ ਪਿਆ ਹੈ।