ਰੇਲ ਰੋਕੋ ਅੰਦੋਲਨ ਦੇ 28ਵੇਂ ਦਿਨ ਵੀ ਪੂਰੇ ਜੋਸ਼ ਨਾਲ ਲੱਗਦੇ ਰਹੇ ਨਾਅਰੇ
26 ਅਤੇ 27 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਹੋਵੇਗਾ ਵੱਡਾ ਅੰਦੋਲਨ ਕੀਤਾ
ਸੰਗਰੂਰ : ਰੇਲਵੇ ਸਟੇਸ਼ਨ ਸੰਗਰੂਰ ‘ਤੇ ਅੱਜ ਵੀ ਕਿਸਾਨ ਜਥੇਬੰਦੀਆਂ ਵਲੋਂ ਧਰਨਾ ਜਾਰੀ ਰਿਹਾ । ਅੱਜ ਦੇ ਧਰਨੇ ਵਿੱਚ ਜਿੱਥੇ ਕੱਲ੍ਹ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਦਿੱਲੀ ਵਿਖੇ ਹੋਈ ਮੀਟਿੰਗ ਚ ਅੰਦੋਲਨ ਨੂੰ ਤੇਜ਼ ਕਰਨ ਦੇ ਸੱਦੇ ਦੀ ਚਰਚਾ ਹੋਈ, ਉੱਥੇ ਮੋਦੀ ਸਰਕਾਰ ਵੱਲੋਂ ਮਾਲ ਗੱਡੀਆਂ ਬੰਦ ਕਰਨ ਦੇ ਮਸਲੇ ਤੇ ਵੀ ਕੇਂਦਰ ਸਰਕਾਰ ਦੀ ਭਾਰੀ ਨਿਖੇਧੀ ਕੀਤੀ ਗਈ ।
ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ ਨੇ ਦੱਸਿਆ ਕਿ ਮੋਦੀ ਸਰਕਾਰ ਦੇ ਕਿਸਾਨ ਵਿਰੋਧੀ ਅਤੇ ਅਡ਼ੀਅਲ ਵਤੀਰੇ ਖ਼ਿਲਾਫ਼ ਪੂਰੇ ਦੇਸ਼ ਦੇ ਕਿਸਾਨ ਇੱਕ ਜੁੱਟ ਹੋ ਚੁੱਕੇ ਹਨ, ਕੱਲ੍ਹ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ 5 ਨਵੰਬਰ ਨੂੰ ਪੂਰੇ ਦੇਸ਼ ਦੇ ਮੁੱਖ ਸੜਕ ਮਾਰਗ 12 ਤੋਂ 4 ਵਜੇ ਤਕ ਜਾਮ ਰਹਿਣਗੇ ਅਤੇ ਉਸ ਤੋਂ ਬਾਅਦ ਪੂਰੇ ਦੇਸ਼ ਭਰ ਚ ਤਿਆਰੀ ਕਰਨ ਤੋਂ ਬਾਅਦ 26 ਅਤੇ 27 ਨਵੰਬਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ ਤੇ ਰੋਕਣ ਤੇ ਦਿੱਲੀ ਦਾ ਘਿਰਾਓ ਕੀਤਾ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੀ ਬਦੌਲਤ ਛੱਤੀਸਗੜ੍ਹ ਦੀ ਸਰਕਾਰ ਨੇ ਪੂਰੇ ਰਾਜ ਨੂੰ ਸਰਕਾਰੀ ਮੰਡੀ ਘੋਸ਼ਿਤ ਕਰ ਦਿੱਤਾ ਹੈ ਤੇ ਕੇਰਲਾ ਸਰਕਾਰ ਨੇ ਸਬਜ਼ੀਆਂ ਦਾ ਵੀ ਐੱਮਐੱਸਪੀ ਦੇਣ ਦਾ ਐਲਾਨ ਕੀਤਾ ਹੈ ਕੇਂਦਰ ਸਰਕਾਰ ਨੂੰ ਵੀ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਹੋਣਾ ਪਵੇਗਾ । ਬੁਲਾਰਿਆਂ ਨੇ ਲੋਕਾਂ ਨੂੰ ਪਿੰਡਾਂ ਅੰਦਰ ਤਿਆਰੀ ਭਖਾਉਣ ਦਾ ਅਤੇ ਅੰਦੋਲਨ ਤੇਜ਼ ਕਰਨ ਦਾ ਸੱਦਾ ਦਿੱਤਾ। ਅੱਜ ਦੇ ਰੋਸ ਧਰਨੇ ਵਿੱਚ ਪੀਪਲਜ ਆਰਟ ਗਰੁੱਪ ਪਟਿਆਲਾ ਵੱਲੋਂ ਸੱਤਪਾਲ ਬੰਗਾ ਦੀ ਅਗਵਾਈ ਹੇਠ ਨਾਟਕ ਪੇਸ਼ ਕੀਤਾ ਗਿਆ ।
ਇਨ੍ਹਾਂ ਤੋਂ ਬਿਨਾਂ ਮਾਸਟਰ ਕਸ਼ਮੀਰ ਸਿੰਘ ਕਾਕੜਾ, ਗੁਰਜੰਟ ਸਿੰਘ ਰਾਮਨਗਰ ਛੰਨਾ, ਬਲਵਿੰਦਰ ਸਿੰਘ ਬਡਰੁੱਖਾਂ,ਸੁਖਦੇਵ ਸ਼ਰਮਾ ਸੂਬਾ ਆਗੂ ਏਟਕ, ਜਸਵਿੰਦਰ ਕੌਰ ਪੁੰਨਾਂਵਾਲ ਆਗੂ ਬੀਕੇਯੂ ਡਕੌਂਦਾ, ਸ਼ਿਆਮ ਦਾਸ ਕਾਂਝਲੀ,ਭਜਨ ਸਿੰਘ ਢੱਡਰੀਆਂ, ਨਿਰਮਲ ਸਿੰਘ ਬਟੜਿਆਣਾ, ਮੰਗਤ ਰਾਮ ਲੌਂਗੋਵਾਲ ਅਤੇ ਅਵਤਾਰ ਸਿੰਘ ਮਸਤੂਆਣਾ ਸਾਹਿਬ ਨੇ ਵੀ ਸੰਬੋਧਨ ਕੀਤਾ ।