ਅਸੀ ਅਪਣੀ ਧਰਤੀ ਸਾੜ ਕੇ ਅਪਣਾ ਨੁਕਸਾਨ ਹੀ ਨਹੀਂ ਕਰ ਰਹੇ ਸਗੋਂ ਕਾਰਪੋਰੇਟਰਾਂ ਨੂੰ ਵੀ ਮਾਲਾਮਾਲ ਕਰ

ਏਜੰਸੀ

ਖ਼ਬਰਾਂ, ਪੰਜਾਬ

ਅਸੀ ਅਪਣੀ ਧਰਤੀ ਸਾੜ ਕੇ ਅਪਣਾ ਨੁਕਸਾਨ ਹੀ ਨਹੀਂ ਕਰ ਰਹੇ ਸਗੋਂ ਕਾਰਪੋਰੇਟਰਾਂ ਨੂੰ ਵੀ ਮਾਲਾਮਾਲ ਕਰ ਰਹੇ ਹਾਂ

image

ਕੋਈ ਵੀ ਲੜਾਈ ਜਿੱਤਣ ਲਈ ਤੁਹਾਡੇ ਅੰਦਰ ਜੋਸ਼ ਨਾਲ ਹੋਸ਼ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਹ ਵੀ ਇਕ ਅਜਿਹਾ ਸੰਘਰਸ਼ ਜਿਸ ਵਿਚ ਸਵਾਲ ਆਉਣ ਵਾਲੀਆਂ ਨਸਲਾਂ ਦਾ ਹੋਵੇ। ਅੱਜ ਪੰਜਾਬ ਦਾ ਕਿਸਾਨ, ਮਜ਼ਦੂਰ, ਵਪਾਰੀ ਅਤੇ ਹਰ ਵਰਗ ਕਿਸਾਨ ਨਾਲ ਚਟਾਨ ਵਾਂਗ ਖੜਾ ਹੈ। ਕਿਸਾਨਾਂ ਦੀ ਹਮਾਇਤ ਵਿਚ ਸਾਡੀਆਂ ਔਰਤਾਂ, ਬੱਚੇ ਅਤੇ ਬੁੱਢੇ ਤਕਰੀਬਨ ਇਕ ਮਹੀਨੇ ਤੋਂ ਰੇਲ ਪਟੜੀਆਂ 'ਤੇ ਮੋਰਚੇ ਲਾਈ ਬੈਠੇ ਹਨ। ਹਰ ਵਰਗ ਦੇ ਇਸ ਏਕੇ ਕਾਰਨ ਸਾਰੀਆਂ ਸਿਆਸੀ ਪਾਰਟੀਆਂ ਅਤੇ ਖ਼ੁਦ ਬੀਜੇਪੀ ਵੀ (ਭਾਵੇਂ ਮਜ਼ਬੂਰੀ ਵੱਸ ਹੀ) ਕਿਸਾਨਾਂ ਦੀ ਹਾਂ 'ਚ ਹਾਂ ਮਿਲਾ ਰਹੀਆਂ ਹਨ। ਇਸ ਸੰਘਰਸ਼ ਵਿਚ ਸਾਡੇ ਦਸ ਦੇ ਕਰੀਬ ਸਾਥੀ ਸ਼ਹੀਦ ਹੋ ਗਏ ਹਨ ਪਰ ਕੇਂਦਰ ਸਰਕਾਰ ਦੇ ਕੰਨ 'ਤੇ ਜੂੰ ਤਕ ਨਹੀਂ ਸਰਕੀ। ਮਹੀਨੇ ਭਰ ਤੋਂ ਬੰਦ ਰੇਲ ਗੱਡੀਆਂ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ ਪਰ ਜਦੋਂ ਅਡਾਨੀ ਦੀ ਇਕ ਗੱਡੀ ਕਿਸਾਨਾਂ ਰੋਕੀ ਤਾਂ ਕੇਂਦਰ ਸਰਕਾਰ ਨੂੰ ਕਾਰਪੋਰੇਟ ਜਗਤ ਦਾ ਫ਼ਿਕਰ ਲੱਗ ਗਿਆ। ਇਸ 'ਤੇ ਤੈਸ਼ ਵਿਚ ਆਈ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਰੇਲ ਗੱਡੀਆਂ ਹੀ ਬੰਦ ਕਰ ਦਿਤੀਆਂ। ਇਸ ਨਫ਼ਰਤ ਤੋਂ ਜ਼ਾਹਰ ਹੁੰਦਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨ ਦੀ ਨਹੀਂ ਸਗੋਂ ਸਿਰਫ਼ ਕਾਰਪੋਰੇਟ ਜਗਤ ਦਾ ਫ਼ਿਕਰ ਹੈ। ਅੱਜ ਸਾਡੀਆਂ ਕਿਸਾਨ ਜਥੇਬੰਦੀਆਂ ਦਾ ਬਹੁਤ ਵੱਡਾ ਇਮਤਿਹਾਨ ਹੈ। ਹੁਣ ਇਕ ਸਵਾਲ ਬਣ ਗਿਆ ਹੈ ਕਿ ਕਿਸਾਨਾਂ ਨੂੰ ਕਾਰਪੋਰੇਟਾਂ ਤੋਂ ਕਿਵੇਂ ਬਚਾਇਆ ਜਾਵੇ?
ਭੁੱਖੇ ਮਰਦੇ ਹਿੰਦੋਸਤਾਨ ਨੂੰ ਰਜਾਉਣ ਵਾਲਾ ਪੰਜਾਬ ਹਰੀ ਕ੍ਰਾਂਤੀ ਵਿਚ ਲਿਪਟ ਕੇ ਅਪਣੀ ਹਵਾ, ਪਾਣੀ ਅਤੇ ਮਿੱਟੀ ਸੱਭ ਕੁੱਝ ਪਲੀਤ ਕਰ ਚੁੱਕਾ ਹੈ। ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਅੱਜ ਦਾ ਕਿਸਾਨ ਬਹੁਤ ਦੁਖੀ ਹੈ। ਪਿਛਲੇ ਸਾਲ ਜਿਨ੍ਹਾਂ ਕਿਸਾਨਾਂ ਨੇ ਝੋਨੇ ਦੀ ਪਰਾਲੀ ਦਾ ਹਲ ਕਰ ਲਿਆ ਸੀ। ਹਾਕਮ ਧਿਰ ਦੇ ਪ੍ਰਧਾਨ ਵਲੋਂ ਕਿਸਾਨਾਂ ਨੂੰ ਦਲਾਲ ਦਸਣ 'ਤੇ ਕੁੱਝ ਕਿਸਾਨਾਂ ਨੇ ਰੀਪਰ ਮਾਰ ਕੇ ਅੱਗ ਲਾਉਣ ਦਾ ਮਨ ਬਣਾ ਲਿਆ ਹੈ, ਜੋ ਕਿ ਬਹੁਤ ਘਾਤਕ ਹੋਵੇਗਾ। ਹਾਲੇ ਮਾਲਵੇ 'ਚ ਸਿਰਫ਼ 10% ਝੋਨਾ ਕਟਿਆ ਗਿਆ ਹੈ। ਹਵਾ ਵਿਚ ਪ੍ਰਦੂਸ਼ਣ ਐਨਾ ਹੋ ਗਿਆ ਹੈ ਕਿ ਸ਼ਾਮ ਨੂੰ 3 ਵਜੇ ਹੀ ਰਾਤ ਪੈ ਜਾਂਦੀ ਹੈ ਪਰ ਜਦੋਂ 90% ਬਾਕੀ ਰਹਿੰਦੀ ਪਰਾਲੀ ਮਚੇਗੀ ਤਾਂ ਹਾਲਾਤ ਬਹੁਤ ਬੁਰੇ ਹੋਣਗੇ ਜਿਸ ਕਾਰਨ ਹਸਪਤਾਲਾਂ 'ਚ ਆਕਸੀਜਨ ਦੀ ਵੀ ਕਮੀ ਆਵੇਗੀ। ਵਿਲਕਦੇ ਬੱਚੇ ਵੇਖ ਆਮ ਸ਼ਹਿਰੀ ਅਤੇ ਉਹ ਲੋਕ ਜਿਨ੍ਹਾਂ ਦਾ ਖੇਤੀ ਨਾਲ ਸਬੰਧ ਹੀ ਕੋਈ ਨਹੀਂ, ਕਿਸਾਨ ਸੰਘਰਸ਼ ਵਿਰੁਧ ਜਾ ਸਕਦੇ ਹਨ। ਇਸ ਲਈ ਮੇਰੀ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਉਹ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਨ। ਖ਼ਾਸ ਕਰ ਕੇ ਰੀਪਰ ਮਾਰ ਕੇ ਅੱਗ ਲਾਉਣ ਵਾਲੇ ਦੀ ਬਿਲਕੁਲ ਵੀ ਮਦਦ ਨਾ ਕੀਤੀ ਜਾਵੇ। ਜਦੋਂ ਖੇਤ ਮੱਚਦੇ ਹਨ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਹੈ। ਮਜਬੂਰੀਵਸ ਕਿਸਾਨ ਰਸਾਇਣਕ ਖਾਦਾਂ ਦੀ ਵਰਤੋਂ ਵੱਧ ਕਰਦਾ ਹੈ, ਜਿਸ ਨਾਲ ਬੀਮਾਰੀਆਂ ਪੈਦਾ ਹੁੰਦੀਆਂ ਹਨ ਅਤੇ ਕੀਟ ਨਾਸ਼ਕ ਦਾ ਖ਼ਰਚਾ ਵੀ ਵੱਧ ਜਾਂਦਾ ਹੈ।
ਪਿਛਲੇ ਸਾਲ ਮੇਰੇ ਪਿੰਡ ਰਾਜੋਆਣਾ ਕਲਾਂ ਵਿਚ ਕਿਸੇ ਕਿਸਾਨ ਨੇ ਅੱਗ ਨਹੀਂ ਸੀ ਲਾਈ। ਐਸ.ਐਮ.ਐਸ. ਨਾਲ ਝੋਨਾ ਕਟਾ ਕੇ ਬਹੁਤਿਆਂ ਨੇ ਰੋਟਾਵੇਟਰ ਨਾਲ ਤੇ ਕਈਆਂ ਨੇ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕੀਤੀ। ਪਿੰਡ ਦਾ ਗ਼ਰੀਬ ਕਿਸਾਨ ਵਿਸਾਖਾ ਸਿੰਘ ਜਿਸ ਕੋਲ ਅਪਣੀ ਮਰਲਾ ਵੀ ਜ਼ਮੀਨ ਨਹੀਂ ਹੈ, ਉਹ 10 ਏਕੜ ਜ਼ਮੀਨ ਠੇਕੇ 'ਤੇ ਲੈ ਕੇ ਖੇਤੀ ਕਰਦਾ ਹੈ, ਉਸ ਨੇ ਵੀ ਸਾਰੀ ਪਰਾਲੀ ਖੇਤ ਵਿਚ ਹੀ ਮਿਲਾ ਦਿਤੀ ਅਤੇ ਨਵੀਂ ਬਿਜਾਈ ਕੀਤੀ। ਦਰਮਿਆਨੇ ਕਿਸਾਨਾਂ ਨੇ ਵੀ ਅਪਣੇ ਟਰੈਕਟਰ ਦੀ ਬਜਾਏ, ਸੁਸਾਇਟੀ ਵਾਲੇ ਟਰੈਕਟਰ ਤੋਂ 1200 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਕਰਵਾਈ। ਕਈ ਵੀਰਾਂ ਦਾ ਕਹਿਣਾ ਕਿ ਗ਼ਰੀਬ ਕਿਸਾਨ ਕੀ ਕਰੇਗਾ? ਪਰ ਉਹ ਤਾਂ ਹੱਲ ਕੱਢ ਲੈਂਦਾ ਹੈ ਕਿਉਂਕਿ ਉਸ ਨੂੰ ਪਸ਼ੂਆਂ ਦੇ ਚਾਰੇ ਦੀ ਲੋੜ ਹੁੰਦੀ ਹੈ ਅਤੇ ਪਰਾਲੀ ਇਕੱਠੀ ਕਰ ਲੈਂਦਾ ਹੈ। ਤਿੰਨ ਬੰਦੇ ਇਕ ਏਕੜ ਵਿਚੋਂ ਸੌਖੇ ਹੀ ਪਰਾਲੀ ਇਕੱਠੀ ਕਰ ਲੈਂਦੇ ਹਨ। ਪਰਾਲੀ ਦੇ ਨਾਂ ਤੇ ਵੀ ਕਾਰਪੋਰੇਟ ਘਰਾਣਿਆਂ ਨੇ ਬਹੁਤ ਵੱਡੀ ਕਮਾਈ ਕੀਤੀ ਹੈ। ਉਨ੍ਹਾਂ ਨੇ ਪਾਵਰ ਪਲਾਂਟ ਲਾਉਣ ਲਈ ਸਰਕਾਰ ਪਾਸੋਂ ਭਾਰੀ ਸਬਸਿਡੀਆਂ ਹੜੱਪ ਕੀਤੀਆਂ। ਪਿਛਲੇ ਸਾਲਾਂ ਦੌਰਾਨ ਖੇਤੀ ਸੰਦਾਂ 'ਤੇ ਜੋ ਸਬਸਿਡੀਆਂ ਮਿਲੀਆਂ, ਉਸ ਦਾ ਫ਼ਾਇਦਾ ਕਿਸਾਨਾਂ ਨੂੰ ਨਹੀਂ ਸਗੋਂ ਕਾਰਪੋਰੇਟ ਘਰਾਣਿਆਂ ਨੂੰ ਮਿਲਿਆ। ਜਿੰਨਾ ਪੈਸਾ ਸਰਕਾਰ ਨੇ ਸਬਸਿਡੀਆਂ ਦੇ ਨਾਂ 'ਤੇ ਉਜਾੜਿਆ ਉਸ ਤੋਂ ਕਿਤੇ ਘੱਟ ਜੇਕਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਦਿਤਾ ਜਾਂਦਾ ਤਾਂ ਪਰਾਲੀ ਦਾ ਮਸਲਾ ਹੱਲ ਹੋ ਜਾਣਾ ਸੀ। ਸਰਕਾਰ ਨੇ ਪਰਾਲੀ ਨਿਪਟਾਉਣ ਲਈ ਕਿਸਾਨਾਂ ਨੂੰ ਮਹਿੰਗੇ ਬਦਲ ਦਿਤੇ। ਬਹੁਤੀਆਂ ਫ਼ਰਮਾਂ ਨੇ ਸਬਸਿਡੀਆਂ ਡਕਾਰ ਕੇ ਕਿਸਾਨਾਂ ਨੂੰ ਫ਼ੇਲ ਹੈਪੀਸੀਡਰਾਂ ਦਿਤੀਆਂ ਜੋ ਬਿਲਕੁਲ ਨਹੀਂ ਚੱਲੀਆਂ। ਕਿਸਾਨਾਂ ਵਲੋਂ ਖ਼ਰੀਦੀਆਂ ਗਈਆਂ ਨਵੀਆਂ ਮਸ਼ੀਨਾਂ ਕਬਾੜ 'ਚ ਪਹੁੰਚ ਗਈਆਂ। ਜੇਕਰ ਪੁਰਾਣੇ ਸੰਦਾਂ ਨੂੰ ਪਰਮੋਟ ਕੀਤਾ ਜਾਂਦਾ ਤਾਂ ਕਿਸਾਨਾਂ ਨੇ ਉਨ੍ਹਾਂ ਨੂੰ ਸੌਖੇ ਅਪਣਾ ਲੈਣਾ ਸੀ। ਮਿਸਾਲ ਦੇ ਤੌਰ 'ਤੇ ਪਰਾਲੀ 'ਚ ਰੀਪਰ ਮਾਰ ਕੇ ਤੂੜੀ ਵਾਲੀ ਮਸ਼ੀਨ ਦਾ ਜਾਲ ਛੰਦਾ ਕਰ ਕੇ ਤੂੜੀ ਬਣਾਈ ਜਾ ਸਕਦੀ ਹੈ। ਐਮ.ਬੀ. ਪਲਾਉ ਦੀ ਥਾਂ ਉਲਟਾਵੇ ਹਲਾਂ ਨਾਲ ਵੀ ਕੰਮ ਲਿਆ ਜਾ ਸਕਦਾ ਹੈ। ਦਾਸ ਨੇ ਇਹ ਸਾਰੇ ਤਜ਼ਰਬੇ ਕੀਤੇ ਹੋਏ ਹਨ। ਕੋਈ ਦਫ਼ਤਰੀ ਬਾਬੂਆਂ ਦੇ ਫ਼ਰਮਾਨ ਨਹੀਂ। ਬਹੁਤੇ ਕਿਸਾਨਾਂ ਦਾ ਕਹਿਣਾ ਹੈ ਕਿ ਪਰਾਲੀ ਨਾਲ ਕਣਕ ਨੂੰ ਸੁੰਡੀ ਪੈ ਜਾਂਦੀ ਹੈ ਜਦੋਂ ਕਿ ਪਰਾਲੀ ਨਾਲ ਸੁੰਡੀ ਦਾ ਕੋਈ ਸਬੰਧ ਨਹੀਂ। ਕਈ ਵਾਰੀ ਨਰਮੇ ਵਾਲੇ ਖੇਤਾਂ ਵਿਚ ਵੀ ਮਾਰ ਕਰਦੀ ਹੈ ਖਾਸ ਕਰ ਅਗੇਤੀ ਕਣਕ, ਉਥੇ ਸੁੰਡੀ ਪੈਂਦੀ ਹੈ ਅਤੇ ਇਹ ਠੰਢ ਪੈਣ ਨਾਲ ਅਪਣੇ ਆਪ ਹੀ ਖ਼ਤਮ ਹੋ ਜਾਂਦੀ ਹੈ, ਇਸ ਨੂੰ ਖ਼ਤਮ ਕਰਨ ਲਈ ਕੋਈ ਜ਼ਹਿਰ ਪਾਉਣ ਦੀ ਲੋੜ ਨਹੀਂ। ਮੈਂ ਐਤਕੀ ਪੰਦਰਵੇਂ ਸਾਲ ਵੀ ਪਰਾਲੀ ਨੂੰ ਬਿਨਾਂ ਸਾੜੇ ਹੀ ਖੇਤ ਵਿਚ ਕਣਕ ਬੀਜਣੀ ਹੈ। ਇਸ ਸਬੰਧੀ ਮੈਨੂੰ ਕਦੇ ਕੋਈ ਸਮੱਸਿਆ ਨਹੀਂ ਆਈ ਅਤੇ ਨਾ ਹੀ ਮੈਂ ਕੋਈ ਸਪਰੇਅ ਕੀਤੀ ਹੈ।
ਮੇਰੀ ਕਿਸਾਨ ਆਗੂਆਂ ਨੂੰ ਬੇਨਤੀ ਹੈ ਕਿ ਉਹ ਕਿਸਾਨਾਂ ਨੂੰ ਸਮਝਾਉਣ ਕਿ ਜੇਕਰ ਸਾਰੀ ਪਰਾਲੀ ਸੜੇਗੀ ਤਾਂ ਮੋਦੀ ਦਾ ਕੁੱਝ ਨਹੀਂ ਵਿਗੜਨਾ, ਉਲਟਾ ਨੁਕਸਾਨ ਸਾਡਾ ਹੀ ਹੋਵੇਗਾ। ਪੰਜਾਬ ਦੀ ਕਹਾਵਤ ਹੈ: 'ਅੰਨ੍ਹਾ ਮਾਰੇ ਅੰਨ੍ਹੀ ਨੂੰ ਘੁਸੁੰਨ, ਵੱਜੇ ਥੰਮੀ ਨੂੰ।' ਸੋ ਅਸੀ ਹਨੇਰੇ ਵਿਚ ਟੱਕਰਾਂ ਨਾ ਮਾਰੀਏ, ਨਹੀਂ ਤਾਂ ਗੋਦੀ ਮੀਡੀਆ ਚੀਕ-ਚੀਕ ਕੇ ਪੰਜਾਬ ਦੇ ਕਿਸਾਨਾਂ ਦੀ ਰੱਜ ਕੇ ਬਦਨਾਮੀ ਕਰੇਗਾ ਅਤੇ ਮੋਦੀ ਸਰਕਾਰ ਨੂੰ ਸੱਚਾ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ।
-ਸਾਬਕਾ ਸਰਪੰਚ ਜਗਦੀਪ ਸਿੰਘ
ਪਿੰਡ ਰਾਜੋਆਣਾ ਕਲਾਂ
98788 69094