ਕਿਸਾਨ ਬੀਬੀਆਂ ਨੂੰ ਕੁਚਲਣ ਦੀ ਘਟਨਾ ’ਤੇ ਕੈਪਟਨ ਨੇ ਜਤਾਇਆ ਦੁੱਖ, ਮੁਆਵਜ਼ੇ ਦੀ ਕੀਤੀ ਮੰਗ
'ਜ਼ਖਮੀਆਂ ਦਾ ਵੀ ਵਧੀਆਂ ਇਲਾਜ ਕਰਵਾਏ ਪੰਜਾਬ ਸਰਕਾਰ'
ਚੰਡੀਗੜ੍ਹ: ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਅੱਜ ਤੜਕੇ ਇੱਕ ਦਰਦਨਾਕ ਹਾਦਸਾ ਵਾਪਰਿਆ। ਦਿੱਲੀ ਦੇ ਕਿਸਾਨ ਅੰਦੋਲਨ ਤੋਂ ਘਰ ਨੂੰ ਵਾਪਸ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ 5 ਔਰਤਾਂ ਨੂੰ ਇੱਕ ਤੇਜ਼ ਰਫ਼ਤਾਰ ਟਰੱਕ ( ਟਿੱਪਰ) ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਨ੍ਹਾਂ ਵਿਚ 3 ਔਰਤਾਂ ਦੀ ਮੌਤ ਹੋ ਗਈ ਹੈ।
ਇਸ ਘਟਨਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ 'ਤੇ ਦੁੱਖ ਜਤਾਇਆ ਹੈ। ਕੈਪਟਨ ਦੇ ਸਹਿਯੋਗੀ ਰਵੀਨ ਠੁਕਰਾਲ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੇ ਨਾਲ-ਨਾਲ ਜ਼ਖਮੀਆਂ ਦਾ ਵਧੀਆ ਇਲਾਜ ਯਕੀਨੀ ਬਣਾਉਣਾ ਚਾਹੀਦਾ ਹੈ।
ਦੱਸ ਦੇਈਏ ਕਿ ਇਸ ਹਾਦਸੇ ਵਿਚ 2 ਔਰਤਾਂ ਗੰਭੀਰ ਰੂਪ ਵਿਚ ਜ਼ਖ਼ਮੀ ਵੀ ਹੋਈਆਂ ਹਨ। ਇਹ ਸਾਰੀਆਂ ਔਰਤਾਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਸਨੀਕ ਹਨ।
ਮੁੱਖ ਮੰਤਰੀ ਚੰਨੀ ਨੇ ਵੀ ਘਟਨਾ 'ਤੇ ਜ਼ਾਹਰ ਕੀਤਾ ਦੁੱਖ
ਮੁੱਖ ਮੰਤਰੀ ਚੰਨੀ ਨੇ ਟਿਕਰੀ ਬਾਰਡਰ ਤੇ ਵਾਪਰੀ ਘਟਨਾ 'ਤੇ ਦੁੱਖ ਜਤਾਉਂਦਿਆ ਕਿਹਾ ਕਿ ਹਰਿਆਣਾ ਦੇ ਬਹਾਦੁਰਗੜ੍ਹ ਵਿੱਚ ਟਿਕਰੀ ਬਾਰਡਰ ਨੇੜੇ ਟਰੱਕ ਦੀ ਟੱਕਰ ਵਿੱਚ 3 ਮਹਿਲਾ ਕਿਸਾਨਾਂ ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦੀ ਖਬਰ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਮੈਂ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਹਰਿਆਣਾ ਪੁਲਿਸ ਦੋਸ਼ੀਆਂ ਨੂੰ ਲੱਭ ਕੇ ਸਲਾਖਾਂ ਪਿੱਛੇ ਡੱਕੇ।
ਇਸਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਜਿਸ ਵਿਚ ਉਨ੍ਹਾਂ ਨੇ ਜਾਨ ਗੁਆਉਣ ਵਾਲੇ ਅਤੇ ਜ਼ਖਮੀ ਪਰਿਵਾਰਾਂ ਲਈ ਐਲਾਨ ਕੀਤਾ ਹੈ।ਸੀਐਮ ਚੰਨੀ ਨੇ ਕਿਹਾ ਕਿ ਸਾਡੀ ਸਰਕਾਰ ਮ੍ਰਿਤਕ ਔਰਤਾਂ ਦੇ ਪਰਿਵਾਰ ਨੂੰ 5-5 ਲੱਖ ਰੁਪਏ ਦਵੇਗੀ ਅਤੇ ਜ਼ਖਮੀ ਅੋਰਤਾਂ ਦਾ ਮੁਫਤ ਇਲਾਜ਼ ਕਰਵਾਏਗੀ।
ਦੱਸ ਦਈਏ ਕਿ ਇਹ ਔਰਤਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਟਿੱਕਰੀ ਸਰਹੱਦ 'ਤੇ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਧਰਨੇ 'ਚ ਹਿੱਸਾ ਲੈਣ ਤੋਂ ਬਾਅਦ ਆਪਣੇ ਪਿੰਡ ਪਰਤ ਰਹੀਆਂ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੁਖਵਿੰਦਰ ਕੌਰ ਪਤਨੀ ਭਗਵਾਨ ਸਿੰਘ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਅਤੇ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ ਵਜੋਂ ਹੋਈ ਹੈ। ਇਹ ਸਾਰੇ ਮਾਨਸਾ ਜ਼ਿਲ੍ਹੇ ਦੇ ਪਿੰਡ ਪਿੰਡ ਖੀਵਾ ਦਿਆਲੂ ਦੇ ਵਸਨੀਕ ਸਨ। ਜ਼ਖ਼ਮੀਆਂ ਨੂੰ ਰੋਹਤਕ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ।