6 ਮਹੀਨਿਆਂ ਵਿਚ ਪੰਜਾਬ ਦੇ 10 ਜ਼ਿਲ੍ਹਿਆਂ ’ਚ ਬਣੇ 179 ਨਵੇਂ ਨਸ਼ਾ ਛੁਡਾਉ ਕੇਂਦਰ, ਮਰੀਜ਼ਾਂ ਦੀ ਗਿਣਤੀ ਵੀ ਵਧੀ
ਇਸ ਤੋਂ ਪਹਿਲਾਂ ਸੂਬੇ ਵਿਚ ਆਊਟਡੋਰ ਓਪੀਆਡ ਅਸਿਸਟਡ ਟ੍ਰੀਟਮੈਂਟ (ਓਟ) ਸੈਂਟਰਾਂ ਦੀ ਗਿਣਤੀ 208 ਸੀ।
ਚੰਡੀਗੜ੍ਹ: ਸੂਬੇ ਵਿਚ ਨਸ਼ੇ ਨੂੰ ਖ਼ਤਮ ਕਰਨ ਲਈ ਕਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ। ਸਰਕਾਰ ਨਸ਼ਾ ਛੁਡਾਉ ਕੇਂਦਰਾਂ ਦੀ ਗਿਣਤੀ ਵਧਾ ਰਹੀ ਹੈ ਪਰ ਮਰੀਜ਼ਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਪੰਜਾਬ ਵਿਚ ਨਵੀਂ ਸਰਕਾਰ ਬਣਨ ਤੋਂ ਬਾਅਦ 6 ਮਹੀਨਿਆਂ ਵਿਚ ਨਸ਼ੇ ਕਾਰਨ 170 ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਸੂਬੇ ਵਿਚ ਆਊਟਡੋਰ ਓਪੀਆਡ ਅਸਿਸਟਡ ਟ੍ਰੀਟਮੈਂਟ (ਓਟ) ਸੈਂਟਰਾਂ ਦੀ ਗਿਣਤੀ 208 ਸੀ। ਪੰਜਾਬ ਸਰਕਾਰ ਨੇ ਇਹਨਾਂ ਦੀ ਗਿਣਤੀ ਵਧਾ ਕੇ 500 ਕਰਨ ਦਾ ਐਲਾਨ ਕੀਤਾ ਸੀ। 10 ਜ਼ਿਲ੍ਹਿਆਂ ਵਿਚ 179 ਨਵੇਂ ਓਟ ਸੈਂਟਰ ਬਣ ਚੁੱਕੇ ਹਨ ਪਰ ਇਹਨਾਂ ਜ਼ਿਲ੍ਹਿਆਂ ਵਿਚ ਮਰੀਜ਼ਾਂ ਦੀ ਗਿਣਤੀ ਵੀ ਕਰੀਬ 7 ਹਜ਼ਾਰ ਵਧ ਗਈ ਹੈ।
ਮਈ ਮਹੀਨੇ ਵਿਚ ਸਰਕਾਰੀ ਕੇਂਦਰਾਂ ਵਿਚ 2.41 ਲੱਖ ਮਰੀਜ਼ ਰਜਿਸਟਰ ਹੋਏ। ਉੱਥੇ ਹੀ ਪ੍ਰਾਈਵੇਟ ਕੇਂਦਰਾਂ ਵਿਚ ਇਹਨਾਂ ਮਰੀਜ਼ਾਂ ਦੀ ਗਿਣਤੀ 5.50 ਲੱਖ ਸੀ। ਯਾਨੀ ਕੁੱਲ ਮਰੀਜ਼ 7.91 ਲੱਖ ਸੀ। ਇਹ ਗਿਣਤੀ ਹੁਣ 8 ਲੱਖ ਤੋਂ ਉੱਪਰ ਚਲੀ ਗਈ ਹੈ। ਇਹਨਾਂ ਕੇਂਦਰਾਂ ਨੂੰ ਖ੍ਹੋਲਣ ਦਾ ਮਕਸਦ ਨਸ਼ਾ ਛੁਡਾਉਣ ਦੇ ਨਾਲ-ਨਾਲ ਕਾਲਾ ਪੀਲੀਆ ਅਤੇ ਐਚਆਈਵੀ ਰੋਗਾਂ ਦੀ ਰੋਕਥਾਮ ਕਰਨਾ ਵੀ ਹੈ।
ਸਰਕਾਰ ਨੇ ਚਾਹੇ ਓਟ ਕੇਂਦਰਾਂ ਦੀ ਗਿਣਤੀ ਵਧਾ ਦਿੱਤੀ ਹੋ ਪਰ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਸਟਾਫ ਦੀ ਕਮੀ ਹੈ। ਫਰੀਦਕੋਟ ਅਤੇ ਅੰਮ੍ਰਿਤਸਰ ਵਿਚ ਡਾਟਾ ਐਂਟਰੀ ਓਪਰੇਟਰ ਨਹੀਂ ਹੈ। ਮੁਕਤਸਰ ਸਾਹਿਬ ਵਿਚ ਵੀ ਅਜਿਹੀ ਸਥਿਤੀ ਹੈ। ਮਨੋਵਿਗਿਆਨੀ ਅਤੇ ਕਾਊਂਸਲਰਾਂ ਦੀ ਕਮੀ ਕਾਰਨ ਮਰੀਜ਼ਾਂ ਨੂੰ ਪੂਰੀ ਸਹੂਲਤ ਨਹੀਂ ਮਿਲ ਰਹੀ। ਇਹਨਾਂ ਕੇਂਦਰਾਂ ਨੂੰ ਖੋਲ੍ਹਣ ਦਾ ਉਦੇਸ਼ ਇਹ ਸੀ ਕਿ ਮਰੀਜ਼ਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਇਲਾਜ ਮਿਲੇ ਅਤੇ ਸ਼ਹਿਰ ਨਾ ਜਾਣਾ ਪਵੇ।