ਮਲਿਕਾਰਜੁਨ ਖੜਗੇ ਦੇ ਸਹੁੰ ਚੁਕ ਸਮਾਗਮ 'ਚ ਸ਼ਾਮਲ ਹੋਇਆ ਜਗਦੀਸ਼ ਟਾਈਟਲਰ
ਮਲਿਕਾਰਜੁਨ ਖੜਗੇ ਦੇ ਸਹੁੰ ਚੁਕ ਸਮਾਗਮ 'ਚ ਸ਼ਾਮਲ ਹੋਇਆ ਜਗਦੀਸ਼ ਟਾਈਟਲਰ
ਭਾਜਪਾ ਆਗੂਆਂ ਨੇ ਕਾਂਗਰਸ ਨੂੰ ਕੀਤੇ ਸਵਾਲ
ਨਵੀਂ ਦਿੱਲੀ, 27 ਅਕਤੂਬਰ : ਬੀਤੇ ਦਿਨ ਅਧਿਕਾਰਤ ਤੌਰ 'ਤੇ ਮਲਿਕਾਰਜੁਨ ਖੜਗੇ ਨੂੰ ਕਾਂਗਰਸ ਪ੍ਰਧਾਨ ਦੀ ਕਮਾਨ ਸੌਂਪੀ ਗਈ ਸੀ ਪਰ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਵਿਵਾਦਾਂ 'ਚ ਘਿਰ ਗਿਆ ਹੈ | ਦਰਅਸਲ ਇਸ ਸਮਾਗਮ ਦੌਰਾਨ 1984 ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਵੀ ਮਹਿਮਾਨ ਵਜੋਂ ਬੁਲਾਇਆ ਗਿਆ ਸੀ ਜਿਸ ਕਾਰਨ ਭਾਜਪਾ ਨੇ ਕਾਂਗਰਸ 'ਤੇ ਹਮਲਾ ਬੋਲਿਆ ਹੈ |
ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਟਵੀਟ ਕਰਦਿਆਂ ਕਿਹਾ, Tਗਾਂਧੀ ਪ੍ਰਵਾਰ ਨੇ ਸਿੱਖਾਂ ਦੇ ਕਾਤਲ ਟਾਈਟਲਰ ਨੂੰ ਖੜਗੇ ਜੀ ਦੇ ਸਹੁੰ ਚੁੱਕ ਸਮਾਗਮ ਵਿਚ ਮਹਿਮਾਨ ਵਜੋਂ ਬੁਲਾ ਕੇ ਇਹ ਸਾਬਤ ਕਰ ਦਿਤਾ ਕਿ ਉਹ ਟਾਈਟਲਰ, ਕਮਲਨਾਥ ਨੂੰ ਸੁਰੱਖਿਆ ਅਤੇ ਸਨਮਾਨ ਦਿੰਦੇ ਰਹਿਣਗੇ | ਇਨ੍ਹਾਂ ਕਾਤਲਾਂ ਦੀ ਮਦਦ ਨਾਲ ਗਾਂਧੀ ਪ੍ਰਵਾਰ ਨੇ 1984 ਦਾ ਸਿੱਖ ਕਤਲੇਆਮ ਕਰਵਾਇਆ ਅਤੇ ਅੱਜ ਤਕ ਇਨ੍ਹਾਂ ਲੋਕਾਂ ਨੂੰ ਇਸਦਾ ਫਲ ਦੇ ਰਿਹਾ ਹੈ |'' ਦਿੱਲੀ ਭਾਜਪਾ ਦੇ ਬੁਲਾਰੇ ਤਜਿੰਦਰ ਬੱਗਾ ਨੇ ਵੀ ਟਵਿੱਟਰ 'ਤੇ ਇਕ ਫੋਟੋ ਵੀ ਸਾਂਝੀ ਕੀਤੀ, ਜਿਸ ਵਿਚ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਮੀਰਾ ਕੁਮਾਰ ਦੇ ਨਾਲ ਟਾਈਟਲਰ ਇਕ ਹੀ ਕਮਰੇ 'ਚ ਬੈਠਿਆ ਨਜ਼ਰ ਆ ਰਿਹਾ ਹੈ | (ਏਜੰਸੀ)