'ਸਾਕਾ ਸ੍ਰੀ ਪੰਜਾ ਸਾਹਿਬ' ਦਾ 100 ਸਾਲਾ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਪੰਥਕ ਜਜ਼ਬੇ ਨਾਲ ਮਨਾਇਆ ਗਿਆ

ਏਜੰਸੀ

ਖ਼ਬਰਾਂ, ਪੰਜਾਬ

'ਸਾਕਾ ਸ੍ਰੀ ਪੰਜਾ ਸਾਹਿਬ' ਦਾ 100 ਸਾਲਾ ਸਮਾਗਮ ਸ਼੍ਰੋਮਣੀ ਕਮੇਟੀ ਵਲੋਂ ਪੰਥਕ ਜਜ਼ਬੇ ਨਾਲ ਮਨਾਇਆ ਗਿਆ

image


ਸਰਕਾਰਾਂ ਕਦੇ ਵੀ ਸਿੱਖ ਕੌਮ ਦੀਆਂ ਹਿਤੈਸ਼ੀ ਨਹੀਂ ਰਹੀਆਂ : ਜਥੇਦਾਰ


ਅੰਮਿ੍ਤਸਰ, 27 ਅਕਤੂਬਰ (ਪਰਮਿੰਦਰ) : 'ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ' ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਕੀਤੇ ਗਏ ਵਿਸ਼ਾਲ ਸਮਾਗਮ ਦੌਰਾਨ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪੰਥਕ ਏਕਤਾ ਦੀ ਲੋੜ 'ਤੇ ਜ਼ੋਰ ਦਿਤਾ ਗਿਆ | ਸ਼ਤਾਬਦੀ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਥਕ ਸੰਸਥਾਵਾਂ ਦੀ ਮਜ਼ਬੂਤੀ ਲਈ ਸਾਰੀਆਂ ਧਿਰਾਂ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਇਕੱਠੇ ਹੋਣ ਦਾ ਸੱਦਾ ਦਿਤਾ |
ਸਮਾਗਮ ਮੌਕੇ ਸੰਬੋਧਨ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਕੌਮ ਨੂੰ  ਇਹ ਮਾਣ ਹਾਸਲ ਹੈ ਕਿ ਇਸ ਦੀਆਂ ਸੰਸਥਾਵਾਂ ਗੁਰੂ ਸਾਹਿਬਾਨ ਨੇ ਆਪ ਸਥਾਪਤ ਕੀਤੀਆਂ |

ਉਨ੍ਹਾਂ ਆਖਿਆ ਕਿ ਗੁਰਦੁਆਰਾ, ਸੰਗਤ, ਪੰਗਤ ਅਤੇ ਸਿੱਖਾਂ ਨੂੰ  ਕੇਂਦਰੀ ਧੁਰੇ ਨਾਲ ਜੋੜਣ ਲਈ ਅਕਾਲ ਤਖ਼ਤ ਦੀ ਸਥਾਪਨਾ ਸਿੱਖ ਇਤਿਹਾਸ ਦਾ ਹਾਸਲ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੁੱਝ ਸੰਸਥਾਵਾਂ ਖ਼ਾਲਸਾ ਪੰਥ ਨੇ ਬਣਾਈਆਂ ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਅਹਿਮ ਹੈ ਜਿਸ ਦੀ ਸਥਾਪਨਾ ਲਈ 500 ਤੋਂ ਵੱਧ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ | ਸ੍ਰੀ ਪੰਜਾ ਸਾਹਿਬ ਸਾਕੇ ਦੇ ਸ਼ਹੀਦ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਦੀਆਂ ਸ਼ਹਾਦਤਾਂ ਵੀ ਸ਼੍ਰੋਮਣੀ ਕਮੇਟੀ ਦੀ ਕਾਇਮੀ ਤੇ ਮਜ਼ਬੂਤੀ ਲਈ ਸਨ | 'ਜਥੇਦਾਰ' ਨੇ ਕਿਹਾ ਕਿ ਅੱਜ ਇਨ੍ਹਾਂ ਸੰਸਥਾਵਾਂ ਨੂੰ  ਸਰਕਾਰੀ ਸ਼ਹਿ 'ਤੇ ਚੁਣੌਤੀ ਦਿਤੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਭਾਵੇਂ ਮੁਗ਼ਲ ਜਾਂ ਅੰਗਰੇਜ਼ ਸਰਕਾਰਾਂ ਹੋਣ ਜਾਂ ਮੌਜੂਦਾ ਸਰਕਾਰਾਂ ਹੋਣ, ਇਹ ਕਦੇ ਵੀ ਪੰਥ ਹਿਤੈਸ਼ੀ ਨਹੀਂ ਰਹੀਆਂ | ਇਸ ਲਈ ਸਿੱਖ ਕੌਮ ਨੂੰ  ਆਪਣੀਆਂ ਸੰਸਥਾਵਾਂ ਮਜ਼ਬੂਤ ਕਰਨ ਲਈ ਆਪ ਅੱਗੇ ਆਉਣਾ ਪਵੇਗਾ |
  ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਿੱਖ ਇਤਿਹਾਸ ਦੇ ਸਾਕੇ ਅਤੇ ਮੋਰਚੇ ਸਿੱਖੀ ਪ੍ਰਤੀ ਦਿ੍ੜਤਾ ਲਈ ਪ੍ਰੇਰਨਾ ਸਰੋਤ ਹਨ ਅਤੇ ਇਨ੍ਹਾਂ ਵਿਚ ਸ੍ਰੀ ਪੰਜਾ ਸਾਹਿਬ ਦਾ ਸਾਕਾ ਅਤਿ ਅਹਿਮ ਹੈ | ਉਨ੍ਹਾਂ ਕਿਹਾ ਕਿ ਪੁਰਾਤਨ ਸਿੱਖਾਂ ਨੇ ਇਨ੍ਹਾਂ ਸਾਕਿਆਂ ਦੌਰਾਨ ਗੁਰਬਾਣੀ ਦੀ ਸ਼ਕਤੀ ਨਾਲ ਜੁਲਮ ਦਾ ਟਾਕਰਾ ਕੀਤਾ ਅਤੇ ਨਵੀਂ ਪੀੜ੍ਹੀ ਲਈ ਪੂਰਨੇ ਪਾਏ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੁੱਖ ਸੁਵਿਧਾਵਾਂ ਦੀ ਦੌੜ ਵਿਚ ਅਸੀਂ ਗੁਰਬਾਣੀ ਅਤੇ ਇਤਿਹਾਸ ਦੂਰ ਜਾ ਰਹੇ ਹਾਂ | ਉਨ੍ਹਾਂ ਕਿਹਾ ਕਿ ਆਪਣੇ ਇਤਿਹਾਸ ਤੋਂ ਸੇਧ ਲੈ ਕੇ ਪੰਥਕ ਅਤੇ ਸਿੱਖ ਸਭਿਆਚਾਰ ਦੀ ਮਜ਼ਬੂਤੀ ਲਈ ਇਕਜੁੱਟਤਾ ਨਾਲ ਕਾਰਜ ਕਰਨੇ ਅਤਿ ਜ਼ਰੂਰੀ ਹਨ | ਉਨ੍ਹਾਂ ਮੌਜੂਦਾ ਸਮੇਂ ਕੌਮ ਨੂੰ  ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਸਰਕਾਰਾਂ ਸਿੱਖਾਂ ਨੂੰ  ਨਿਆਂ ਨਹੀਂ ਦੇ ਰਹੀਆਂ | ਬੰਦੀ ਸਿੰਘਾਂ ਅਤੇ ਵੱਖਰੀ ਹਰਿਆਣਾ ਕਮੇਟੀ ਦੇ ਮਾਮਲੇ ਜਾਣਬੁਝ ਕੇ ਉਲਝਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਸਬੰਧੀ ਜਲਦੀ ਹੀ ਸ਼੍ਰੋਮਣੀ ਕਮੇਟੀ ਵਲੋਂ ਪਿੰਡ ਪੱਧਰ ਤਕ ਲਹਿਰ ਸਿਰਜੀ ਜਾਵੇਗੀ |
  ਸਮਾਗਮ ਸਮੇਂ ਆਪਣੇ ਸੰਬੋਧਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਨੂੰ  ਸਿਮਰਨ, ਸੇਵਾ ਅਤੇ ਸ਼ਹਾਦਤ ਨਾਲ ਪਹਿਚਾਣਿਆ ਜਾਂਦਾ ਹੈ ਅਤੇ ਦੁਨੀਆਂ ਵਿਚ ਕਿਤੇ ਵੀ ਔਕੜ ਆਉਣ 'ਤੇ ਸਿੱਖ ਸਭ ਤੋਂ ਪਹਿਲਾਂ ਸੇਵਾ ਕਰਨ ਲਈ ਪਹੁੰਚਦੇ ਹਨ | ਸਾਕਾ ਸ੍ਰੀ ਪੰਜਾ ਸਾਹਿਬ ਨਾਲ ਸਬੰਧਤ ਸ਼ਹੀਦ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੇ ਵੀ ਲੰਗਰ ਲਈ ਸੇਵਾ ਕਰਦਿਆਂ ਆਪਣੀ ਸ਼ਹਾਦਤ ਦਿਤੀ | ਉਨ੍ਹਾਂ ਕਿਹਾ ਕਿ ਅਤੀਤ ਵਿਚ ਮਹੰਤਾਂ ਵਲੋਂ ਗੁਰੂ ਘਰਾਂ ਵਿਚ ਮਰਯਾਦਾ ਦੇ ਉਲਟ ਕੰਮ ਕੀਤੇ ਗਏ ਜਿਸ ਕਰ ਕੇ ਸਾਡੇ ਪੁਰਖਿਆਂ ਨੇ ਵੱਡੀਆਂ ਸ਼ਹਾਦਤਾਂ ਦੇ ਕੇ ਸ਼੍ਰੋਮਣੀ ਕਮੇਟੀ ਸਥਾਪਤ ਕੀਤੀ ਅਤੇ ਸਿੱਖ ਰਾਜਸੀ ਸ਼ਕਤੀ ਲਈ ਸ਼੍ਰੋਮਣੀ ਅਕਾਲੀ ਦਲ ਬਣਾਇਆ | ਅੱਜ ਲਗਾਤਾਰ 100 ਸਾਲ ਤੋਂ ਇਹ ਦੋਵੇਂ ਪੰਥਕ ਸੰਸਥਾਵਾਂ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਲੋਕਤੰਤਰੀ ਤਰੀਕੇ ਨਾਲ ਕਾਰਜਸ਼ੀਲ ਹਨ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਅਖੌਤੀ ਪੰਥਕ ਲੋਕਾਂ ਤੋਂ ਸਾਵਧਾਨ ਹੋਣ ਦੀ ਲੋੜ ਹੈ ਜੋ ਸਰਕਾਰਾਂ ਦੀਆਂ ਤਾਕਤਾਂ ਅਤੇ ਏਜੰਸੀਆਂ ਦੇ ਇਸ਼ਾਰੇ ਉੱਤੇ ਕੌਮ ਦੀਆਂ ਸੰਸਥਾਵਾਂ ਨੂੰ  ਕਮਜ਼ੋਰ ਕਰਨ ਦਾ ਕੰਮ ਕਰ ਰਹੇ ਹਨ |