Punjab News: ਇੱਕੋ ਸਮੇਂ ਦਿਤਾ 3 ਪੁੱਤਰਾਂ ਨੂੰ ਜਨਮ ਪਰ ਮਾਂ ਦੀ ਤਿੰਨੇ ਪੁੱਤਰਾਂ ਸਮੇਤ ਹੋਈ ਮੌਤ
Punjab News: ਪ੍ਰਵਾਰ ਨੂੰ ਵੱਡਾ ਸਦਮਾ, ਇਲਾਕੇ ਵਿਚ ਸੋਗ ਦੀ ਲਹਿਰ
Punjab News: ਬੀਤੇ ਦੇਰ ਸ਼ਾਮ ਇੱਕੋ ਸਮੇਂ 3 ਪੁੱਤਰਾਂ ਦੇ ਜਨਮ ਦੇਣ ਤੋਂ ਬਾਅਦ 24 ਸਾਲ ਦੀ ਨੌਜਵਾਨ ਮਾਂ ਵੀ ਅਪਣੇ ਪੁੱਤਰਾਂ ਦੀ ਮੌਤ ਤੋਂ ਕਰੀਬ 6 ਘੰਟੇ ਬਾਅਦ ਚੱਲ ਵਸੀ। ਇਸ ਦੁਖਦਾਇਕ ਖ਼ਬਰ ਨਾਲ ਪ੍ਰਵਾਰਾਂ ਨੂੰ ਬਹੁਤ ਵੱਡਾ ਸਦਮਾ ਲੱਗਿਆ ਹੈ ਤੇ ਇਲਾਕੇ ਅੰਦਰ ਸ਼ੋਕ ਦੀ ਲਹਿਰ ਫੈਲ ਗਈ ਹੈ। ਅੱਜ ਦੁਪਹਿਰ ਤਿੰਨੇ ਪੁੱਤਰਾਂ ਸਮੇਤ ਔਰਤ ਦਾ ਪਿੰਡ ਕੋਟੜਾ ਦੇ ਸ਼ਮਸ਼ਾਨਘਾਟ ਵਿਚ ਸਸਕਾਰ ਕਰ ਦਿਤਾ ਗਿਆ ਹੈ।
ਪਿੰਡ ਕੋਟੜਾ ਲਹਿਲ ਦੇ ਪੰਚ ਅਮਨਦੀਪ ਸਿੰਘ ਨੇ ਦਸਿਆ ਕਿ ਮੇਰੇ ਚਚੇਰੇ ਭਰਾ ਹਸਪ੍ਰੀਤ ਸਿੰਘ ਦੀ ਪਤਨੀ ਮਨਦੀਪ ਕੌਰ (24) ਨੂੰ ਜਣੇਪੇ ਤੋਂ ਪਹਿਲਾਂ 26 ਅਕਤੂਬਰ ਨੂੰ ਸਾਂਹ ਲੈਣ ਦੀ ਤਕਲੀਫ਼ ਸ਼ੁਰੂ ਹੋ ਗਈ ਸੀ, ਜਿਸ ਕਰ ਕੇ ਪ੍ਰਵਾਰ ਵਲੋਂ, ਮਨਦੀਪ ਕੌਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ, ਜਿਥੇ ਦੇਰ ਸ਼ਾਮ ਕਰੀਬ 7.30 ਵਜੇ ਡਾਕਟਰਾਂ ਨੇ ਉਸ ਦੇ ਪੇਟ ਦਾ ਅਪ੍ਰੇਸ਼ਨ ਕਰ ਕੇ 3 ਪੁੱਤਰਾਂ ਨੂੰ ਜਨਮ ਦਿਵਾਇਆ, ਜਿਨ੍ਹਾਂ ਵਿਚੋਂ 2 ਪੁੱਤਰ ਮ੍ਰਿਤਕ ਪਾਏ ਗਏ ਅਤੇ ਤੀਸਰੇ ਪੁੱਤਰ ਨੇ ਵੀ 4-5 ਮਿੰਟ ਔਖੇ ਸਾਹ ਲੈਣ ਤੋਂ ਬਾਅਦ ਦਮ ਤੋੜ ਦਿਤਾ। ਪੁੱਤਰਾਂ ਦੀ ਮੌਤ ਤੋਂ 6 ਘੰਟੇ ਬਾਅਦ ਰਾਤ ਦੇ ਕਰੀਬ 2 ਵਜੇ ਮੇਰੀ ਭਰਜਾਈ ਮਨਦੀਪ ਕੌਰ (24) ਨੇ ਵੀ ਦਮ ਤੋੜ ਦਿਤਾ।
ਉਨ੍ਹਾਂ ਦਸਿਆ ਕਿ ਮਨਦੀਪ ਕੌਰ ਚੰਗੇ ਸੁਭਾਅ ਵਾਲੀ ਔਰਤ ਸੀ। ਉਸ ਦੀ ਮੌਤ ਨਾਲ ਪ੍ਰਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।