Ludhiana News: ਲੁਧਿਆਣਾ 'ਚ ਸ਼ੱਕੀ ਹਾਲਾਤ 'ਚ ਨੌਜਵਾਨ ਲਾਪਤਾ, 4 ਦਿਨ ਪਹਿਲਾਂ ਦੋਸਤ ਨਾਲ ਪਾਰਟੀ ਮਨਾਉਣ ਗਿਆ ਸੀ ਘਰੋਂ ਬਾਹਰ
Ludhiana News: ਪਰਿਵਾਰ ਨੇ ਅਗਵਾ ਦਾ ਜਤਾਇਆ ਸ਼ੱਕ
Youth missing under suspicious circumstances in Ludhiana: ਲੁਧਿਆਣਾ ਤੋਂ ਇੱਕ ਨੌਜਵਾਨ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਨੌਜਵਾਨ ਆਪਣਾ ਜਨਮ ਦਿਨ ਮਨਾਉਣ ਲਈ ਆਪਣੇ ਦੋਸਤ ਨਾਲ ਬਾਈਕ 'ਤੇ ਗਿਆ ਸੀ। ਕੁੱਲ ਤਿੰਨ ਜਣਿਆਂ ਨੇ ਇਕੱਠੇ ਸ਼ਰਾਬ ਪੀਤੀ। ਉਸ ਤੋਂ ਬਾਅਦ ਉਕਤ ਨੌਜਵਾਨ ਲਾਪਤਾ ਹੈ।
ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਕਿਸੇ ਨੇ ਅਗਵਾ ਕਰ ਲਿਆ ਹੈ। ਫਿਲਹਾਲ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਜਾਂਚ ਕਰ ਰਹੀ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਤਰਲੋਚਨ ਸਿੰਘ ਵਾਸੀ ਚੇਤ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ ਲੜਕਾ ਹਰਸ਼ਪ੍ਰੀਤ ਸਿੰਘ (24) 25 ਅਕਤੂਬਰ ਨੂੰ ਆਪਣੇ ਦੋਸਤ ਜਸਪ੍ਰੀਤ ਸਿੰਘ ਉਰਫ ਜੱਸੂ ਨਾਲ ਆਪਣੇ ਮੋਟਰਸਾਈਕਲ ਪਲੈਟੀਨਾ ਰੰਗ ਕਾਲੇ ਨੰਬਰ ਪੀ.ਬੀ.91ਐੱਮ-9683 'ਤੇ ਆਪਣੇ ਜਨਮ ਦਿਨ ਦੀ ਪਾਰਟੀ ਮਨਾਉਣ ਗਿਆ ਸੀ। ਹਰਸ਼ਪ੍ਰੀਤ ਅਤੇ ਜਸਪ੍ਰੀਤ ਦੋਵੇਂ ਸ਼ਿਮਲਾਪੁਰੀ ਸਥਿਤ ਸੁਨੀਲ ਨਾਮਕ ਦੋਸਤ ਦੇ ਘਰ ਗਏ ਹੋਏ ਸਨ। ਤਿੰਨਾਂ ਨੇ ਪਾਰਟੀ ਕੀਤੀ। ਉਦੋਂ ਤੋਂ ਹਰਸ਼ਪ੍ਰੀਤ ਲਾਪਤਾ ਸੀ।
ਪਰਿਵਾਰ ਵਾਲਿਆਂ ਨੇ ਰਿਸ਼ਤੇਦਾਰਾਂ ਵਿਚ ਉਸ ਦੀ ਕਾਫੀ ਭਾਲ ਕੀਤੀ ਪਰ ਹਰਸ਼ਪ੍ਰੀਤ ਬਾਰੇ ਕੁਝ ਪਤਾ ਨਹੀਂ ਲੱਗਾ। ਤਰਲੋਚਨ ਸਿੰਘ ਨੇ ਪੁਲਿਸ ਕੋਲ ਸ਼ੱਕ ਪ੍ਰਗਟਾਇਆ ਕਿ ਕਿਸੇ ਨੇ ਨਿੱਜੀ ਹਿੱਤਾਂ ਕਾਰਨ ਉਸ ਦੇ ਲੜਕੇ ਨੂੰ ਅਗਵਾ ਕੀਤਾ ਹੈ। ਫਿਲਹਾਲ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।