ਪੰਜਾਬ ਦੇ ਪਿੰਡਾਂ 'ਚੋਂ ਪਾਣੀ ਦੀ ਭਰੇ ਗਏ ਨਮੂਨੇ, 40720 'ਚੋਂ 461 ਨਮੂਨੇ ਹੋਏ ਫ਼ੇਲ੍ਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਵਿੱਚ ਪਾਣੀ ਦੇ ਭਰੇ ਗਏ 39,40,482 ਨਮੂਨੇ, 1,04,836 ਪਾਣੀ ਦੇ ਨਮੂਨੇ ਹੋਏ ਫੇਲ੍ਹ

Water samples collected from villages in Punjab, 461 out of 40720 samples failed

ਚੰਡੀਗੜ੍ਹ: ਪੰਜਾਬ ਦੇ ਕਈ ਪਿੰਡਾਂ ’ਚ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਛੇ ਮਹੀਨੇ ਤਕ ਕੀਤੀ ਜਾਂਚ ਦੌਰਾਨ ਪਾਣੀ ਦੇ 40720 ਨਮੂਨੇ ਲਏ ਗਏ, ਜਿਨ੍ਹਾਂ ਵਿਚੋਂ 461 ਨਮੂਨੇ ਫੇਲ੍ਹ ਪਾਏ ਗਏ। ਇਹ ਗੱਲ ਜਲ ਸ਼ਕਤੀ ਮੰਤਰਾਲੇ ਦੀ ਰੀਪੋਰਟ ’ਚ ਸਾਹਮਣੇ ਆਈ ਹੈ।
ਰੀਪੋਰਟ ਮੁਤਾਬਕ ਜਾਂਚ ਦੌਰਾਨ ਕਈ ਇਲਾਕਿਆਂ ਦਾ ਪਾਣੀ ਪੀਣ ਦੇ ਯੋਗ ਨਹੀਂ ਪਾਇਆ ਗਿਆ ਹੈ। ਦੂਸ਼ਿਤ ਪਾਣੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਹ ਹੈਜ਼ਾ, ਦਸਤ, ਟਾਈਫਾਈਡ ਵਰਗੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਸ ਤੋਂ ਇਲਾਵਾ ਪੇਟ ਦੀਆਂ ਸਮੱਸਿਆਵਾਂ ਤੋਂ ਇਲਾਵਾ ਪਾਣੀ ’ਚ ਮੌਜੂਦ ਭਾਰੀ ਧਾਤਾਂ ਕਾਰਨ ਕੈਂਸਰ ਦਾ ਖ਼ਤਰਾ ਵੀ ਰਹਿੰਦਾ ਹੈ। ਪੀਣ ਵਾਲੇ ਪਾਣੀ ਦੀ ਜਾਂਚ ਲਈ ਰਾਜ ਵਿਚ 33 ਪ੍ਰਯੋਗਸ਼ਾਲਾਵਾਂ ਹਨ। ਇਨ੍ਹਾਂ ’ਚੋਂ 31 ਲੈਬਾਂ ਐੱਨ.ਏ.ਬੀ.ਐੱਲ. (ਨੈਸ਼ਨਲ ਐਕਰੀਡਿਟੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟਰੀਜ਼) ਹਨ। ਇਨ੍ਹਾਂ ਲੈਬਾਂ ਵਿਚ ਪਾਣੀ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।

ਮੁਹਿੰਮ ਦੌਰਾਨ 59 ਮਾਮਲਿਆਂ ਵਿਚ ਪੀਣ ਵਾਲੇ ਪਾਣੀ ਲਈ ਵਿਕਲਪਿਕ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਇਆ ਜਾ ਸਕੇ। ਇਸ ਤੋਂ ਇਲਾਵਾ ਫੀਲਡ ਟੈਸਟ ਕਿੱਟਾਂ ਰਾਹੀਂ ਵੀ ਪਾਣੀ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਸਮੇਂ ਸਿਰ ਟੈਸਟਿੰਗ ਨਾਲ ਰੋਕਿਆ ਜਾ ਸਕੇ। ਛੇ ਮਹੀਨਿਆਂ ਵਿਚ 9145 ਪਿੰਡਾਂ ਵਿਚ 78518 ਫੀਲਡ ਟੈਸਟ ਕੀਤੇ ਗਏ ਹਨ। ਜਿੱਥੇ ਵੀ ਦੂਸ਼ਿਤ ਪਾਣੀ ਦੀ ਸਮੱਸਿਆ ਦੀ ਰੀਪੋਰਟ ਹੁੰਦੀ ਹੈ, ਇਸ ਨੂੰ ਵਿਭਾਗ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ ਤਾਂ ਜੋ ਸਾਫ ਪਾਣੀ ਮੁਹੱਈਆ ਕਰਵਾਉਣ ਲਈ ਤੁਰਤ ਢੁਕਵੇਂ ਕਦਮ ਚੁਕੇ ਜਾ ਸਕਣ।
ਜੇਕਰ ਪੂਰੇ ਦੇਸ਼ ਦੀ ਗੱਲ ਕਰੀਏ ਤਾਂ 2843 ਲੈਬਾਂ ਵਿਚ 39,40,482 ਸੈਂਪਲ ਟੈਸਟ ਕੀਤੇ ਜਾ ਚੁਕੇ ਹਨ, ਜਿਨ੍ਹਾਂ ’ਚੋਂ 1,04,836 ਫੇਲ੍ਹ ਹੋਏ ਹਨ। ਹਾਲਾਂਕਿ 29,160 ਮਾਮਲਿਆਂ ’ਚ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਕਾਰਵਾਈ ਕੀਤੀ ਹੈ। 99.67% ਸਕੂਲਾਂ ਵਿਚ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ।
ਮੰਤਰਾਲੇ ਦੀ ਰੀਪੋਰਟ ਮੁਤਾਬਕ ਸੂਬੇ ’ਚ 22,389 ਸਕੂਲ ਹਨ, ਜਿਨ੍ਹਾਂ ਵਿਚੋਂ 22,315 ਸਕੂਲਾਂ ’ਚ ਟੂਟੀ ਦੇ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ। ਇਸ ਤਰ੍ਹਾਂ 99.67 ਫ਼ੀ ਸਦੀ ਸਕੂਲ ਕਵਰ ਹੋ ਚੁਕੇ ਹਨ ਅਤੇ ਬਾਕੀ ਸਕੂਲਾਂ ਦੀ ਵੀ ਜਲਦੀ ਵਿਵਸਥਾ ਕੀਤੀ ਜਾਵੇਗੀ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦਾ ਅਨੁਮਾਨ ਹੈ ਕਿ ਭਾਰਤ ਦੇ ਸਾਰੇ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾ ਕੇ ਦਸਤ ਅਤੇ ਹੋਰ ਬਿਮਾਰੀਆਂ ਕਾਰਨ ਲਗਭਗ 4 ਲੱਖ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ।