ਜਿਸ ਨੂੰ ਪਰਿਵਾਰ ਸਮਝ ਰਿਹਾ ਸੀ ਮਰਿਆ, ਉਹ 17 ਸਾਲ ਬਾਅਦ ਪਾਕਿ ਤੋਂ ਪਰਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਾਸਪੋਰਟ ਗੁੰਮ ਹੋਣ ਕਾਰਨ ਪਾਕਿਸਤਾਨ ਸਰਕਾਰ ਨੇ ਦੇਸ਼ ਧ੍ਰੋਹ ਦੇ ਮਾਮਲੇ 'ਚ 13 ਸਾਲਾਂ ਲਈ ਭੇਜਿਆ ਸੀ ਜੇਲ

Gulam Farid

ਮਾਲੇਰਕੋਟਲਾ (ਮੁਹੰਮਦ ਇਸਮਾਈਲ ਏਸ਼ੀਆ) : ਪਿਛਲੇ ਕਰੀਬ 15-16 ਸਾਲਾਂ ਤੋਂ ਪਾਕਿਸਤਾਨ ਦੀ ਜੇਲ ਕੋਟਲੱਖਪਤ 'ਚ ਬੰਦ ਸਥਾਨਕ ਮੁਹੱਲਾ ਚਾਨੇ ਲੋਹਾਰਾਂ ਦਾ ਨੌਜਵਾਨ ਗੁਲਾਮ ਫ਼ਰੀਦ ਅੱਜ ਸਵੇਰੇ 3 ਵਜੇ ਜਦੋਂ ਅਪਣੇ ਘਰ ਪਹੁੰਚਿਆ ਤਾਂ ਨਜ਼ਾਰਾ ਦੇਖਣ ਵਾਲਾ ਸੀ। ਗੁਲਾਮ ਦੀ 90 ਸਾਲਾਂ ਦੀ ਅੰਮੀ ਸਦੀਕਨ ਅਪਣੇ ਪੁੱਤਰ ਦੇ ਮਿਲਣ ਦੀ ਖ਼ੁਸ਼ੀ 'ਚ ਭਾਵੁਕ ਹੋਈ ਰੋ ਰਹੀ ਸੀ।

ਉਸ ਨੇ ਕਿਹਾ ਕਿ ਮੇਰੀਆਂ ਤਾਂ ਅੱਖਾਂ ਦੀ ਨਜ਼ਰ ਵੀ ਕਮਜ਼ੋਰ ਹੋ ਗਈ ਅਪਣੇ ਪੁੱਤਰ ਨੂੰ ਉਡੀਕਦੇ ਉਡੀਕਦੇ। ਉਸ ਨੇ ਕਿਹਾ ਸਾਨੂੰ ਤਾਂ ਇਹੀ ਸੀ ਕਿ ਮੇਰਾ ਪੁੱਤਰ ਸ਼ਾਇਦ ਇਸ ਦੁਨੀਆਂ 'ਚ ਹੈ ਹੀ ਨਹੀਂ ਪਰ ਜਦੋਂ ਇਸ ਸਬੰਧੀ ਸਾਨੂੰ ਪਤਾ ਲੱਗਾ ਤਾਂ ਮੇਰੀ ਖ਼ੁਸ਼ੀ ਦਾ ਠਿਕਾਣਾ ਨਾ ਰਿਹਾ। ਉਸ ਨੇ ਕਿਹਾ ਪੁੱਤਰ ਦੇ ਮਿਲਣ ਦੀ ਖੁਸ਼ੀ 'ਚ ਮੇਰੀ ਭੁੱਖ ਹੀ ਮਰ ਗਈ ਹੈ। ਗੱਲਬਾਤ ਦੌਰਾਨ ਖ਼ੁਦ ਗੁਲਾਮ ਫ਼ਰੀਦ ਨੇ ਦਸਿਆ ਉਹ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਪਾਕਿਸਤਾਨ ਗਿਆ ਸੀ ਜਿੱਥੇ ਉਸ ਦਾ ਪਾਸਪੋਰਟ ਗੁੰਮ ਹੋ ਗਿਆ ਅਤੇ ਪਾਕਿਸਤਾਨ ਸਰਕਾਰ ਨੇ ਉਸ ਨੂੰ ਦੇਸ਼ ਧ੍ਰੋਹ ਦੇ ਮਾਮਲੇ 'ਚ 13 ਸਾਲਾਂ ਲਈ ਜੇਲ ਭੇਜ ਦਿਤਾ।

ਇਸ ਅਰਸੇ ਦੌਰਾਨ ਉਸ ਦਾ ਲੰਬਾ ਸਮਾਂ ਅਪਣੇ ਘਰ ਵਾਲਿਆਂ ਨਾਲ ਕੋਈ ਰਾਬਤਾ ਨਹੀਂ ਹੋਇਆ ਜਿਸ ਕਰ ਕੇ ਉਨ੍ਹਾਂ ਨੂੰ ਇਹ ਜਾਪਣ ਲੱਗਾ ਕਿ ਸ਼ਾਇਦ ਉਹ ਇਸ ਦੁਨੀਆਂ 'ਚ ਨਹੀਂ ਰਿਹਾ। ਉਨ੍ਹਾਂ ਇਸ ਸਮੇਂ ਅਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਅਤੇ ਉਨ੍ਹਾਂ ਦੇ ਅਪਣੇ ਕੌਂਸਲਰ ਦੇ ਪਤੀ ਅਤੇ ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਬੇਅੰਤ ਕਿੰਗਰ ਦਾ ਦਿਲੋਂ ਧਨਵਾਦ ਕੀਤਾ, ਜਿਨ੍ਹਾਂ ਸਦਕਾ ਉਹ ਅਪਣੇ ਪਰਵਾਰ ਨੂੰ ਮਿਲ ਸਕੇ।

ਇਸ ਸਬੰਧੀ  ਬੇਅੰਤ ਕਿੰਗਰ ਨੇ ਦਸਿਆ ਕਿ ਉਨ੍ਹਾਂ ਨੂੰ ਜਦੋਂ ਉਕਤ ਕੇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਐਮ.ਪੀ. ਔਜਲਾ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਮੀਟਿੰਗ ਵਿਦੇਸ਼ ਮੰਤਰਾਲੇ ਨਾਲ ਕਰਵਾਈ ਅਤੇ ਵਿਦੇਸ਼ ਮੰਤਰਾਲੇ ਦੀ ਬਦੌਲਤ ਉਕਤ ਮਾਮਲਾ ਹੱਲ ਹੋ ਸਕਿਆ। ਇਸ ਮੌਕੇ ਗੁਲਾਮ ਫਰੀਦ ਨੂੰ ਵਾਪਸ ਲਿਆਉਣ 'ਚ ਜ਼ਿਆ ਫਾਰੂਕ ਨੇ ਵੀ ਅਹਿਮ ਰੋਲ ਅਦਾ  ਕੀਤਾ ਹੈ।
 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।