ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਤੇ ਸੈਂਟਰਲ ਸਟੇਟ ਲਾਇਬ੍ਰੇਰੀ ਨੂੰ ਮੁੜ ਪੱਕੇ ਪੈਰੀਂ ਕਰੇਗੀ ਸਰਕਾ

ਏਜੰਸੀ

ਖ਼ਬਰਾਂ, ਪੰਜਾਬ

ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਤੇ ਸੈਂਟਰਲ ਸਟੇਟ ਲਾਇਬ੍ਰੇਰੀ ਨੂੰ ਮੁੜ ਪੱਕੇ ਪੈਰੀਂ ਕਰੇਗੀ ਸਰਕਾਰ: ਬਾਜਵਾ

image

ਪਟਿਆਲਾ, 27 ਨਵੰਬਰ (ਤੇਜਿੰਦਰ ਫ਼ਤਿਹਪੁਰ, ਗਗਨਦੀਪ ਸਿੰਘ ਦੀਪ): ਪੰਜਾਬ ਦੇ ਉਚੇਰੀ ਸਿਖਿਆ ਤੇ ਭਾਸ਼ਾ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਐਲਾਨ ਕੀਤਾ ਹੈ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸਥਾਪਤ ਅਦਾਰਿਆਂ, ਭਾਸ਼ਾ ਵਿਭਾਗ, ਪੰਜਾਬੀ ਯੂਨੀਵਰਸਿਟੀ ਅਤੇ ਪਟਿਆਲਾ ਦੀ ਸੈਂਟਰਲ ਸਟੇਟ ਲਾਇਬ੍ਰੇਰੀ ਨੂੰ ਮੁੜ ਪੱਕੇ ਪੈਰੀਂ ਕੀਤਾ ਜਾਵੇਗਾ।
ਅੱਜ ਇੱਥੇ ਭਾਸ਼ਾ ਵਿਭਾਗ, ਪੰਜਾਬ ਦੇ ਮੁੱਖ ਦਫ਼ਤਰ ਵਿਖੇ ਪੰਜਾਬੀ ਭਾਸ਼ਾ ਸਪਤਾਹ-2020 ਦੇ ਵਿਦਾਇਗੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਕਈ ਸਾਲਾਂ ਤੋਂ ਨਾ ਦਿਤੇ ਜਾ ਸਕਣ ਵਾਲੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰਾਂ ਦਾ ਫ਼ੈਸਲਾ ਵੀ ਅਗਲੇ ਕੁੱਝ ਦਿਨਾਂ 'ਚ ਕਰ ਦਿਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਸੱਦਾ ਵੀ ਦਿਤਾ ਕਿ ਉਹ ਪੰਜਾਬੀ ਨੂੰ ਬਚਾਉਣ ਲਈ ਅਪਣਾ ਫ਼ਰਜ਼ ਪਛਾਣਦੇ ਹੋਏ ਅਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ, ਅਪਣੇ ਅਮੀਰ ਵਿਰਸੇ, ਸਭਿਆਚਾਰ ਅਤੇ ਵਡਮੁੱਲੇ ਇਤਿਹਾਸ ਨਾਲ ਜ਼ਰੂਰ ਜੋੜਨ।
ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ ਅਤੇ ਉਚੇਰੀ ਸਿਖਿਆ ਤੇ ਭਾਸ਼ਾ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪ੍ਰਸਾਰ ਤੇ ਪ੍ਰਫੁੱਲਤਾ ਲਈ ਸਥਾਪਤ ਤਿੰਨੇ ਅਦਾਰਿਆਂ ਨੂੰ ਹਰ ਹੀਲੇ ਕਾਮਯਾਬ ਕਰਨ ਦੀ ਅਪਣੀ ਵਚਨਬੱਧਤਾ ਪੂਰੀ ਤਰ੍ਹਾਂ ਨਿਭਾਏਗੀ। ਉਨ੍ਹਾਂ ਦਸਿਆ ਕਿ ਇਹ ਤਿੰਨੇ ਅਦਾਰੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਵੱਲੋਂ ਸਥਾਪਤ ਕੀਤੇ ਗਏ ਸਨ ਅਤੇ ਹੁਣ ਇਨ੍ਹਾਂ ਨੂੰ ਪੱਕੇ ਪੈਰੀਂ ਵੀ ਕੈਪਟਨ ਸਰਕਾਰ ਹੀ ਕਰੇਗੀ।
ਫੋਟੋ ਨੰ: 27 ਪੀਏਟੀ 4