ਬੜੀ ਬੇਸ਼ਰਮੀ ਨਾਲ ਅੰਨਦਾਤੇ ਦੇ ਅਹਿਸਾਨ ਦਾ ਮੁਲ ਮੋੜ ਰਹੀ ਹੈ, ਮੋਦੀ ਸਰਕਾਰ : ਬੀਰ ਦਵਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਮੋਦੀ ਨੂੰ ਕਾਰਪੋਰੇਟ ਘਰਾਣਿਆਂ ਦਾ ਹੱਥ-ਠੋਕਾ ਬਣਨ ਦੀ ਬਜਾਏ ਦੇਸ਼ ਦੇ ਕਿਸਾਨ ਨਾਲ ਖੜਨਾ ਚਾਹੀਦੈ

Bir Davinder Singh

ਪਟਿਆਲਾ (ਜਸਪਾਲ ਸਿੰਘ ਢਿੱਲੋਂ) : ਪੰਜਾਬ ਵਿਧਾਨ ਸਭਾ ਦੇ ਸਾਬਕਾ ਉਪ ਸਪੀਕਰ ਅਤੇ ਅਕਾਲੀ ਦਲ ਡੈਮੋਕ੍ਰੇਟਿਕ ਦੇ ਸੀਨੀਅਰ ਆਗੂ ਬੀਰਦ ਵਿੰਦਰ ਸਿੰਘ ਨੇ ਅੱਜ ਇਥੇ ਜਾਰੀ ਇਕ ਬਿਆਨ 'ਚ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਅਪਣੇ ਹੱਕਾਂ ਲਈ ਦੇਸ਼ ਦੀ ਰਾਜਧਾਨੀ ਦਿੱਲੀ ਵਲ ਕੂਚ ਕਰ ਰਹੇ ਕਿਸਾਨਾਂ ਨੂੰ ਜਿਸ ਬੇਸ਼ਰਮੀ ਅਤੇ ਕਠੋਰਤਾ ਨਾਲ ਹਰਿਆਣਾ ਪ੍ਰਾਂਤ ਵਿਚ ਦਾਖ਼ਲ ਹੋਣ  ਸਮੇਂ, ਭਾਰਤੀ ਜਨਤਾ ਪਾਰਟੀ ਦੀ, ਮਨੋਹਰ ਲਾਲ ਖੱਟੜ ਸਰਕਾਰ ਨੇ, ਦਿੱਲੀ ਦੇ ਇਸ਼ਾਰਿਆਂ ਤੇ ਹਰਿਆਣਾ ਬਾਰਡਰ ਤੇ ਰੋਕਾਂ ਅਤੇ ਪੱਥਰਾਂ ਦੀਆਂ ਸੜਕਾਂ ਉਤੇ ਰੋਕਾਂ ਡਾਹ ਕੇ, ਪਾਣੀ ਦੀਆਂ ਤੋਪਾਂ ਮਾਰ ਕੇ ਅਤੇ ਅਥਰੂ ਗੈਸ ਦੇ ਗੋਲੇ ਮਾਰ ਕੇ ਖੱਜਲ-ਖੁਆਰ ਕਰਨ ਦੀ ਕੋਝੀ ਹਰਕਤ ਕੀਤੀ ਹੈ, ਇਸ ਤੋਂ ਸ਼ਰਮਨਾਕ ਕਾਰਾ ਹੋਰ ਕੋਈ ਨਹੀਂ ਹੋ ਸਕਦਾ।

ਉਨ੍ਹਾਂ ਆਖਿਆ ਕਿ ਇਹ ਪੰਜਾਬ ਦਾ ਕਿਸਾਨ ਹੀ ਸੀ ਜਿਸ ਨੇ ਅਪਣੇ ਖੇਤਾਂ ਵਿਚ ਕਰੜੀ ਮੁਸ਼ੱਕਤ ਕਰ ਕੇ, ਕਾਲੀਆਂ ਰਾਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਭੁੱਖੇ ਮਰਦੇ, ਦੇਸ਼ ਵਾਸੀਆਂ ਲਈ ਅੰਨ ਪੈਦਾ ਕੀਤਾ। ਇਥੇ ਹੀ ਬੱਸ ਨਹੀਂ ਭਾਰਤ ਵਿਚ ਅੰਨ ਦੀ ਘਾਟ ਹੋਣ ਕਾਰਨ, ਪੀ. ਐਲ 480 ਵਰਗੇ ਸਮਝੌਤੇ, ਬੇਬਸੀ ਵਿਚ ਅਮਰੀਕਾ ਨਾਲ  ਕੀਤੇ ਗਏ।

ਇਨ੍ਹਾਂ ਨਾਮੁਰਾਦ ਸਮਝੌਤਿਆਂ ਦੀ ਗੁਲਾਮੀ ਦੀ ਨਮੋਸ਼ੀ ਤੋਂ ਵੀ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਨੇ ਹੀ, ਦੇਸ਼ ਦੇ ਅੰਨ ਭੰਡਾਰਾ ਨੂੰ ਭਰਪੂਰ ਕਰ ਕੇ, ਭਾਰਤ ਨੂੰ ਅੰਨ ਦੇ ਖੇਤਰ ਵਿਚ ਆਤਮਨਿਰਭਰ ਬਣਾ ਕੇ, ਅਮਰੀਕਾ ਨਾਲ ਹੋਈ ਪੀ. ਐਲ 480 ਦੀ ਸੰਧੀ ਦੀ ਗ਼ੁਲਾਮੀ ਤੋਂ ਮੁਕਤ ਕੀਤਾ। ਉਨ੍ਹਾਂ ਕਿਹਾ ਕਿ ਅਫ਼ਸੋਸ ਦੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਕਿਸਾਨ ਦੇ ਉਪਕਾਰਾਂ ਦਾ ਬਦਲਾ ਕਿਸਾਨਾਂ ਤੇ ਜ਼ੁਲਮ ਕਰ ਕੇ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਲਾਗੂ ਕਰ ਕੇ ਚੁਕਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਦੇਖਣਾ ਇਹ ਹੋਵੇਗਾ ਕਿ ਅੱਜ  ਪੰਜਾਬ ਦਾ ਬੱਚਾ-ਬੱਚਾ ਕਿਸਾਨ ਅੰਦੋਲਨ ਦਾ ਹਿੱਸਾ ਬਣ ਚੁੱਕਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਠਧਰਮੀ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਿਤ ਦਿਨ ਵਧ ਰਿਹਾ ਇਹ ਸਮੂਹਕ ਟਕਰਾਅ ਆਉਣ ਵਾਲੇ ਸਮੇਂ ਵਿਚ ਦੇਸ਼ ਦੀ ਅਖੰਡਤਾ ਲਈ ਵੱਡੀ ਚੁਨੌਤੀ ਬਣ ਸਕਦੀ ਹੈ। ਇਸ ਲਈ ਮੋਦੀ ਨੂੰ ਕਾਰਪੋਰੇਟ ਘਰਾਣਿਆਂ ਦਾ ਹੱਥ-ਠੋਕਾ ਬਣਨ ਦੀ ਬਜਾਏ ਦੇਸ਼ ਦੇ ਕਿਸਾਨ ਨਾਲ ਖੜਨਾ ਚਾਹੀਦਾ ਹੈ ਅਤੇ ਸਾਰੇ ਕਾਲੇ ਕਾਨੂੰਨ, ਸੰਸਦ ਦਾ ਸਪੈਸ਼ਲ ਸੈਸ਼ਨ ਸੱਦ ਕੇ, ਕਿਸਾਨ ਜਥੇਬੰਦੀਆਂ ਦੀ ਮਨਸਾ ਅਨੁਸਾਰ ਰੱਦ ਕਰਨੇ ਚਾਹੀਦੇ ਹਨ ਅਤੇ ਕਿਸਾਨਾਂ ਦੀ ਇੱਛਾ ਅਨੁਸਾਰ, ਨਵੇਂ ਕਿਸਾਨ ਰਖਿਅਕ ਕਾਨੂੰਨ, ਅਮਲ ਵਿਚ ਲਿਆਉਂਣੇ ਚਾਹੀਦੇ ਹਨ।