ਸਿੱਖ ਜੰਥੇਬੰਦੀਆਂ ਨੇ ਲਗਾਇਆ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਧਰਨਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਿਪੋਰਟ 'ਚ ਦੋਸ਼ੀ ਪਾਏ ਗਏ 16 ਅਧਿਕਾਰੀਆਂ 'ਤੇ ਹੁਣ ਤੱਕ ਪਰਚੇ ਕਿਉਂ ਨਹੀਂ ਦਰਜ ਕਰਵਾਏ ਗਏ - ਸਿੱਖ ਜੰਥੇਬੰਦੀਆਂ

Sikh groups stage a dharna outside Shri Darbar Sahib

ਅੰਮ੍ਰਿਤਸਰ - ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਦਾ ਵਿਰੋਧ ਕਰਦਿਆਂ ਤੇ ਲਾਪਤਾ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸੰਘਰਸ਼ ਨੂੰ ਅੱਗੇ ਤੋਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੱਥਾ ਸਿਰਲੱਥ ਖ਼ਾਲਸਾ ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਵਲੋਂ ਬੁਰਜ ਅਕਾਲੀ ਫੂਲਾ ਸਿੰਘ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਮਾਰਚ ਕਰਦਿਆਂ ਘੰਟਾ ਘਰ ਗੇਟ ਅੱਗੇ ਤਿੰਨ ਘੰਟੇ ਧਰਨਾ ਲਾਇਆ ਗਿਆ।

ਇਸ ਦੀ ਅਗਵਾਈ ਸਿਮਰਨਜੀਤ ਸਿੰਘ ਮਾਨ ਦੇ ਸਪੁੱਤਰ ਈਮਾਨ ਸਿੰਘ ਮਾਨ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਦਿਲਬਾਗ ਸਿੰਘ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਹਰਬੀਰ ਸਿੰਘ ਸੰਧੂ ਤੇ ਬਾਬਾ ਰਾਜਾ ਰਾਜ ਸਿੰਘ ਨਿਹੰਗ ਸਿੰਘ ਵਲੋਂ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਹ ਸਮਝਦੀ ਸੀ ਕਿ ਮੋਰਚੇ ਨੂੰ ਤਹਿਸ-ਨਹਿਸ ਕਰ ਕੇ ਤੇ ਸਿੰਘਾਂ ਨੂੰ ਜ਼ਖ਼ਮੀ ਕਰਕੇ 328 ਸਰੂਪਾਂ ਦਾ ਮੁੱਦਾ ਖ਼ਤਮ ਹੋ ਜਾਵੇਗਾ ਪਰ ਸਾਡਾ ਸੰਘਰਸ਼ ਹਾਲੇ ਵੀ ਜਾਰੀ ਹੈ ਤੇ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸ਼੍ਰੋਮਣੀ ਕਮੇਟੀ ਇਹ ਨਹੀਂ ਦੱਸਦੀ ਕਿ 328 ਪਾਵਨ ਸਰੂਪ ਕਿਸ ਨੂੰ ਤੇ ਕਿਸ ਦੇ ਕਹਿਣ ਤੇ ਦਿੱਤੇ ਗਏ ਹਨ।

ਇਨ੍ਹਾਂ ਪਿੱਛੇ ਕੀ ਸਾਜਿਸ਼ ਸੀ ਤੇ ਹੁਣ ਸਰੂਪ ਕਿਸ ਹਾਲਤ 'ਚ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਿਪੋਰਟ 'ਚ ਦੋਸ਼ੀ ਪਾਏ ਗਏ 16 ਅਧਿਕਾਰੀਆਂ 'ਤੇ ਹੁਣ ਤੱਕ ਪਰਚੇ ਕਿਉਂ ਨਹੀਂ ਦਰਜ ਕਰਵਾਏ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਰਕੇ ਹੀ 450 ਸਰੂਪ ਕੈਨੇਡਾ 'ਚ ਸਲਾਭੇ ਗਏ, 80 ਸਰੂਪ ਰਾਮਸਰ ਅਗਨ ਭੇਂਟ ਹੋਏ ਤੇ ਫ਼ੌਜ ਵਲੋਂ ਵਾਪਸ ਕੀਤੇ 200 ਦੇ ਕਰੀਬ ਪੁਰਾਤਨ ਗ੍ਰੰਥ ਤੇ ਹੁਕਮਨਾਮੇ ਕਮੇਟੀ ਵਲੋਂ ਗਾਇਬ ਕਰ ਦਿੱਤੇ ਗਏ ਜੋ ਬਰਦਾਸ਼ਤਯੋਗ ਨਹੀਂ ਹੈ।

ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਬਾਦਲ ਪਰਿਵਾਰ ਦਾ ਬੁਲਾਰਾ ਬਣ ਚੁੱਕੇ ਹਨ ਤੇ ਉਹ ਅਕਾਲੀ ਦਲ ਨੂੰ ਗੁਰਸਿੱਖਾਂ 'ਤੇ ਡਾਂਗਾਂ ਵਰ੍ਹਾਉਣ ਦਾ ਹੁਕਮ ਕਰਕੇ ਕੌਮ 'ਚ ਨਵੀਂ ਖਾਨਾਜੰਗੀ ਪੈਦਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਵਲੋਂ ਸ਼੍ਰੋਮਣੀ ਕਮੇਟੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਵਾਉਣਾ ਸਮੇਂ ਦੀ ਮੰਗ ਹੈ।