ਬੱਸ ਪੂਰੀ ਤਰ੍ਹਾਂ ਸੜੀ,ਛੇ ਹੋਰ ਜ਼ਖ਼ਮੀ ਹੋਏ
ਜੈਪੁਰ, 27 ਨਵੰਬਰ : ਜੈਪੁਰ ਦਿਹਾਤੀ ਦੇ ਚੰਦਵਾਜੀ ਥਾਣਾ ਖੇਤਰ ਵਿਚ ਦਿੱਲੀ ਤੋਂ ਜੈਪੁਰ ਆ ਰਹੀ ਇਕ ਵੀਡੀਉ ਕੋਚ ਬੱਸ ਬਿਜਲੀ ਦੀਆਂ ਹਾਈਟੇਂਸ਼ਨ ਤਾਰਾਂ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਇਸ ਘਟਨਾ ਵਿਚ ਤਿੰਨ ਲੋਕ ਸੜ ਗਏ ਅਤੇ ਛੇ ਹੋਰ ਜ਼ਖ਼ਮੀ ਹੋ ਗਏ।
ਕਾਰਜਕਾਰੀ ਪੁਲਿਸ ਅਧਿਕਾਰੀ ਅਨੀਤਾ ਮੀਨਾ ਨੇ ਦਸਿਆ ਕਿ ਜੈਪੁਰ-ਦਿੱਲੀ ਰਾਸ਼ਟਰੀ ਰਾਜ ਮਾਰਗ 'ਤੇ ਲਾਬਾਨਾ ਪਿੰਡ ਨੇੜੇ ਇਕ ਟਰੱਕ ਪਲਟ ਜਾਣ ਨਾਲ ਰਸਤਾ ਜਾਮ ਸੀ। ਵੀਡੀਉ ਕੋਚ ਬੱਸ ਚਾਲਕ ਨੇ ਬੱਸ ਨੂੰ ਗ਼ਲਤ ਦਿਸ਼ਾ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਦੌਰਾਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਈ ਅਤੇ ਇਸ ਵਿਚ ਕਰੰਟ ਫੈਲ ਗਿਆ।
ਉਨ੍ਹਾਂ ਦਸਿਆ ਕਿ ਬੱਸ ਵਿਚ ਲੱਗੀ ਅੱਗ ਵਿਚ ਭਗਵਾਨ ਸਿੰਘ, ਨੂਰ ਮੁਹੰਮਦ ਅਤੇ ਸ਼ੁਭਨਾ ਦੀ ਮੌਤ ਹੋ ਗਈ ਸੀ ਜਦਕਿ ਛੇ ਹੋਰ ਲੋਕ ਜ਼ਖ਼ਮੀ ਹੋ ਗਏ ਸਨ। ਹੋਰ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜ਼ਖ਼ਮੀਆਂ ਨੂੰ ਇਲਾਜ ਲਈ ਨਿਮਜ਼ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਸੜ ਗਈ ਸੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। (ਪੀਟੀਆਈ)