ਮੈਂ ਅਛੂਤ ਜਾਤੀ ਤੋਂ ਹਾਂ, ਘੱਟੋ-ਘਟ ਲੋਕ ਤੁਹਾਡੀ ਚਾਹ ਤਾਂ ਪੀਂਦੇ ਹਨ, ਲੋਕ ਤਾਂ ਮੇਰੀ ਚਾਹ ਤਕ ਨਹੀਂ ਪੀਂਦੇ : ਖੜਗੇ

ਏਜੰਸੀ

ਖ਼ਬਰਾਂ, ਪੰਜਾਬ

ਮੈਂ ਅਛੂਤ ਜਾਤੀ ਤੋਂ ਹਾਂ, ਘੱਟੋ-ਘਟ ਲੋਕ ਤੁਹਾਡੀ ਚਾਹ ਤਾਂ ਪੀਂਦੇ ਹਨ, ਲੋਕ ਤਾਂ ਮੇਰੀ ਚਾਹ ਤਕ ਨਹੀਂ ਪੀਂਦੇ : ਖੜਗੇ

image

ਦੇੜਿਆਪਾੜਾ (ਗੁਜਰਾਤ), 27 ਨਵੰਬਰ : ਕਾਂਗਰਸ ਪ੍ਰਧਾਨ ਮੱਲਿਕਾਅਰਜੁਨ ਖੜਗੇ ਨੇ ਐਤਵਾਰ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  'ਝੂਠਿਆਂ ਦੇ ਸਰਦਾਰ' ਕਰਾਰ ਦਿੰਦੇ ਹੋਏ ਕਿਹਾ ਕਿ ਉਹ ਖ਼ੁਦ ਨੂੰ  ਗ਼ਰੀਬ ਦੱਸ ਕੇ ਹਮਦਰਦੀ ਹਾਸਲ ਕਰਦੇ ਹਨ | ਗੁਜਰਾਤ ਦੇ ਆਦਿਵਾਸੀ ਬਹੁ-ਗਿਣਤੀ ਨਰਮਦਾ ਜ਼ਿਲ੍ਹੇ ਦੇ ਦੇੜਿਆਪਾੜਾ ਵਿਚ ਰੈਲੀ ਨੂੰ  ਸੰਬੋਧਨ ਕਰਦੇ ਹੋਏ ਖੜਗੇ ਨੇ ਦਾਅਵਾ ਕੀਤਾ ਕਿ ਉਹ ਖ਼ੁਦ 'ਸੱਭ ਤੋਂ ਗ਼ਰੀਬ ਅਤੇ ਅਛੂਤ ਜਾਤੀ' ਤੋਂ ਆਉਂਦੇ ਹਨ | ਉਨ੍ਹਾਂ ਕਿਹਾ,''ਮੋਦੀ ਜੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁਛਦੇ ਹਨ ਕਿ ਕਾਂਗਰਸ ਨੇ 70 ਸਾਲ ਵਿਚ ਕੀ ਕੀਤਾ? ਜੇਕਰ ਅਸੀਂ 70 ਸਾਲ ਵਿਚ ਕੁਝ ਨਾ ਕੀਤਾ ਹੁੰਦਾ ਤਾਂ ਤੁਹਾਨੂੰ ਲੋਕਤੰਤਰ ਨਾ ਮਿਲਦਾ ਅਤੇ ਤੁਹਾਡੇ ਵਰਗੇ ਲੋਕ ਹਮੇਸ਼ਾਂ ਗ਼ਰੀਬ ਹੋਣ ਦਾ ਦਾਅਵਾ ਕਰਦੇ ਹਨ | ਮੈਂ ਵੀ ਗ਼ਰੀਬ ਹਾਂ | ਮੈਂ ਸੱਭ ਤੋਂ ਗ਼ਰੀਬ ਲੋਕਾਂ ਵਿਚੋਂ ਆਉਂਦਾ ਹਾਂ | ਮੈਂ ਅਛੂਤ ਜਾਤੀ ਤੋਂ ਆਉਂਦਾ ਹਾਂ | ਘੱਟੋ-ਘਟ ਲੋਕ ਤੁਹਾਡੀ ਚਾਹ ਤਾਂ ਪੀਂਦੇ ਹਨ | ਲੋਕ ਤਾਂ ਮੇਰੀ ਚਾਹ ਤਕ ਨਹੀਂ ਪੀਂਦੇ |'' ਖੜਗੇ ਨੇ ਕਿਹਾ,''ਅਤੇ ਤੁਸੀਂ ਕਹਿੰਦੇ ਹੋ ਕਿ ਮੈਂ ਗ਼ਰੀਬ ਹਾਂ, ਕਿਸੇ ਨੇ ਮੈਨੂੰ ਅਪਸ਼ਬਦ ਕਹੇ | ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਤੋਂ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਲੋਕ ਹੁਣ ਸਮਝਦਾਰ ਹਨ | ਉਹ ਇੰਨੇ ਮੂਰਖ ਨਹੀਂ ਹਨ |'' ਖੜਗੇ ਨੇ ਕਿਹਾ,''ਤੁਸੀਂ ਕਿੰਨੀ ਵਾਰ ਝੂਠ ਬੋਲਿਆ ਹੈ? ਇਕ ਤੋਂ ਬਾਅਦ ਇਕ ਝੂਠ | ਉਹ ਝੂਠਿਆਂ ਦੇ ਸਰਕਾਰ ਹਨ ਅਤੇ ਉਹ ਕਹਿੰਦੇ ਹਨ ਕਿ ਕਾਂਗਰਸ ਦੇ ਲੋਕਾਂ ਨੇ ਦੇਸ਼ ਨੂੰ  ਲੁੱਟ ਲਿਆ | ਤੁਸੀਂ ਵੀ ਗ਼ਰੀਬਾਂ ਦੀ ਜ਼ਮੀਨ ਲੁੱਟ ਰਹੇ ਹੋ ਅਤੇ ਜਨਜਾਤੀਆਂ ਨੂੰ  ਜ਼ਮੀਨ ਨਹੀਂ ਦੇ ਰਹੇ | ਕੌਣ ਜ਼ਮੀਨ, ਜਲ ਅਤੇ ਜੰਗਲ ਬਰਬਾਦ ਕਰ ਰਿਹਾ ਹੈ? ਤੁਸੀਂ ਅਤੇ ਉਹ ਅਮੀਰ ਲੋਕ ਜਿਨ੍ਹਾਂ ਨਾਲ ਤੁਸੀਂ ਖੜੇ ਹੋ, ਉਹ ਸਾਨੂੰ ਲੁੱਟ ਰਹੇ ਹਨ |'' (ਏਜੰਸੀ)