Punjab News: ਗੈਰ-ਕਾਨੂੰਨੀ ਮਾਇਨਿੰਗ ਦੌਰਾਨ ਨੌਜਵਾਨ ਦੀ ਮੌਤ ਦਾ ਮਾਮਲਾ; ਸਾਬਕਾ ਸਰਪੰਚ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (35) ਵਾਸੀ ਪਿੰਡ ਮੇਤਲਾ ਵਜੋਂ ਹੋਈ ਹੈ।

Gurdaspur News

Punjab News: ਗੁਰਦਾਸਪੁਰ ਦੇ ਪਿੰਡ ਮਾੜੀ ਪੰਨਵਾਂ 'ਚ ਜ਼ਮੀਨ ਤੋਂ ਮਾਈਨਿੰਗ ਕਰਦੇ ਸਮੇਂ ਅਚਾਨਕ ਢਿੱਗ ਡਿੱਗਣ ਕਾਰਨ ਨੌਜਵਾਨ ਦੀ ਮੌਤ ਹੋਣ ਦੇ ਮਾਮਲੇ ਵਿਚ ਪੁਲਿਸ ਨੇ ਸਾਬਕਾ ਸਰਪੰਚ ਵਿਰੁਧ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (35) ਵਾਸੀ ਪਿੰਡ ਮੇਤਲਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਮਾਈਨਿੰਗ ਸਾਬਕਾ ਸਰਪੰਚ ਕਰਵਾ ਰਿਹਾ ਸੀ, ਜਿਸ ਵਿਰੁਧ ਧਾਰਾ 304 ਤਹਿਤ ਨਾਜਾਇਜ਼ ਮਾਈਨਿੰਗ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।  

ਥਾਣਾ ਸ੍ਰੀਹਰਗੋਬਿੰਦਪੁਰ ਦੀ ਐਸਐਚਓ ਬਲਜੀਤ ਕੌਰ ਨੇ ਦਸਿਆ ਕਿ ਪਿੰਡ ਮਾੜੀ ਪੰਨਵਾਂ ਵਿਚ ਕੁਲਦੀਪ ਸਿੰਘ ਜ਼ਮੀਨ ਵਿਚੋਂ ਰੇਤ ਕੱਢ ਕੇ ਟਰਾਲੀ ਵਿਚ ਭਰਵਾ ਰਹੇ ਸਨ। ਉਸ ਕੋਲ ਜ਼ਮੀਨ ਦੀ ਮਾਈਨਿੰਗ ਦੀ ਮਨਜ਼ੂਰੀ ਹੈ। ਇਸ ਦੌਰਾਨ ਅਚਾਨਕ ਰੇਤ ਦੀ ਢਿੱਗ ਡਿੱਗਣ ਕਾਰਨ ਟਰੈਕਟਰ ਚਾਲਕ ਉਸ ਦੇ ਹੇਠਾਂ ਦੱਬ ਗਿਆ। ਲੋਕਾਂ ਨੇ ਬੜੀ ਮੁਸ਼ੱਕਤ ਨਾਲ ਉਸ ਨੂੰ ਰੇਤ ਹੇਠੋਂ ਬਾਹਰ ਕੱਢਿਆ ਅਤੇ ਇਲਾਜ ਲਈ ਨਿੱਜੀ ਹਸਪਤਾਲ ਪਹੁੰਚਾਇਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਮ੍ਰਿਤਕ ਗੁਰਜੀਤ ਸਿੰਘ ਦੇ ਘਰ ਮੌਤ ਦੀ ਖ਼ਬਰ ਮਿਲਦਿਆਂ ਹੀ ਪਿੰਡ ਮੇਤਲਾ ਵਿਚ ਸੋਗ ਦੀ ਲਹਿਰ ਦੌੜ ਗਈ। ਐਸਐਚਓ ਬਲਜੀਤ ਕੌਰ ਨੇ ਦਸਿਆ ਕਿ ਡੀਐਸਪੀ ਰਾਜੇਸ਼ ਕੱਕੜ ਵਲੋਂ ਮੌਕੇ ਦਾ ਮੁਆਇਨਾ ਕੀਤਾ ਗਿਆ ਹੈ।

ਮ੍ਰਿਤਕ ਦੇ ਵਾਰਸਾਂ ਨੇ ਕਾਰਵਾਈ ਲਈ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਮਾਈਨਿੰਗ ਅਧਿਕਾਰੀਆਂ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਪਿੰਡ ਦੇ ਸਾਬਕਾ ਸਰਪੰਚ ਕੁਲਦੀਪ ਸਿੰਘ ਦੇ ਖ਼ਿਲਾਫ਼ 304 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।