Amritsar News : 22 ਸਾਲ ਅਜੇਪਾਲ ਦੀ ਕਿਰਪਾਨਾਂ ਨਾਲ ਹੱਤਿਆ, ਪਿਆਰ ਨੇ ਲਿਆ ਖ਼ੂਨੀ ਝਗੜੇ ਦਾ ਰੂਪ
Amritsar News : ਝਗੜੇ ਤੋਂ ਬਾਅਦ ਨਿਹੰਗ ਸਿੰਘ ਤੇ ਦੋ ਸਾਥੀਆਂ ’ਤੇ ਕਤਲ ਦੇ ਇਲਜ਼ਾਮ
22-Year-Old Ajaypal Murdered with Kirpans in Amritsar Latest News in Punjabi ਅੰਮ੍ਰਿਤਸਰ : ਅੰਮ੍ਰਿਤਸਰ ਦੇ ਚੱਕੀ ਵਾਲੀ ਗਲੀ ਨੰਬਰ ਦੋ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ 22 ਸਾਲਾ ਅਜੇਪਾਲ ਨੂੰ ਤਿੰਨ ਅਣਪਛਾਤੇ ਮੁਲਜ਼ਮਾਂ ਵਲੋਂ ਕਿਰਪਾਨਾਂ ਨਾਲ ਬੇਰਹਿਮੀ ਨਾਲ ਮਾਰ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਦੇ ਮੁਤਾਬਕ ਇਹ ਘਟਨਾ ਪਿਆਰ ਅਤੇ ਰਿਸ਼ਤੇਦਾਰੀਆਂ ਦੇ ਝਗੜੇ ਤੋਂ ਉੱਭਰੀ, ਜਿਸ ਕਾਰਨ ਇਸ ਨੂੰ ਆਪਣੀ ਜਾਨ ਗਵਾਉਣੀ ਪਈ।
ਪਰਿਵਾਰ ਨੇ ਦੱਸਿਆ ਕਿ ਅਜੇਪਾਲ ਦੀ ਭੈਣ ਦੇ ਪਤੀ ਹੈਪੀ ਮਸੀਹ ਦੇ ਕਿਸੇ ਰੂਪਾ ਨਾਂ ਦੀ ਔਰਤ ਨਾਲ ਗਲਤ ਰਿਸ਼ਤੇ ਸਨ, ਜਿਸ ਕਰਕੇ ਘਰ ਵਿੱਚ ਕਾਫ਼ੀ ਤਣਾਅ ਸੀ। ਦੱਸਿਆ ਗਿਆ ਕਿ ਅਜੇਪਾਲ ਕੱਲ ਤੋਂ ਹੀ ਰੂਪਾ ਦੇ ਘਰ ਦੇ ਨੇੜੇ ਆਉਣ-ਜਾਣ ਲੱਗ ਪਿਆ। ਅੱਜ ਸ਼ਾਮ ਉਹ ਆਪਣੀ ਭੈਣ ਅਤੇ ਮਾਂ ਦੇ ਨਾਲ ਰੂਪਾ ਦੇ ਘਰ ਗਿਆ ਸੀ, ਤਾਂ ਜੋ ਮਾਮਲੇ ਨੂੰ ਸ਼ਾਂਤੀ ਨਾਲ ਹੱਲ ਕੀਤਾ ਜਾਵੇ।
ਪਰਿਵਾਰ ਮੁਤਾਬਕ ਰੂਪਾ ਦੇ ਘਰ ਵਿੱਚ ਇੱਕ ਨਿਹੰਗ ਸਿੰਘ ਰਹਿੰਦਾ ਸੀ, ਜਿਸ ਨੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੂੰ ਬੁਲਾਇਆ। ਤਿੰਨਾਂ ਨੇ ਮਿਲ ਕੇ ਅਜੇਪਾਲ ਨੂੰ ਧਮਕੀਆਂ ਦਿਤੀਆਂ ਅਤੇ ਅਚਾਨਕ ਕਿਰਪਾਨਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਾਇਆ ਕਿ ਨਿਹੰਗ ਸਿੰਘਾਂ ਨੇ ਪਹਿਲਾਂ ਮਾਂ ਤੇ ਭੈਣ ਨਾਲ ਵੀ ਹੱਥਾਪਾਈ ਕੀਤੀ ਤੇ ਫਿਰ ਅਜੇਪਾਲ ਦਾ ਪਿੱਛਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਭੈਣ ਤੇ ਪਤਨੀ ਕੋਮਲਪ੍ਰੀਤ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਸਖ਼ਤ ਸਜਾਵਾਂ ਦੇਣ ਦੀ ਮੰਗ ਕੀਤੀ ਹੈ।
ਪਰਿਵਾਰ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾ ਦਿਤੀ ਹੈ। ਏ.ਸੀ.ਪੀ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਮੁਲਜ਼ਮਾਂ ਨੂੰ ਫੌਰੀ ਗ੍ਰਿਫ਼ਤਾਰ ਕਰਨ ਅਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਸਾਡੇ 22 ਸਾਲਾ ਪੁੱਤਰ ਨੂੰ ਬੇਗੁਨਾਹ ਮਾਰਿਆ ਗਿਆ। ਸਾਨੂੰ ਇਨਸਾਫ਼ ਚਾਹੀਦਾ ਹੈ।