ਹਰਿੰਦਰ ਕੋਹਲੀ ਦੇ ਘਰ ਦੀ ਦੀਵਾਰ 'ਤੇ ਚੜ੍ਹੇ ਕਿਸਾਨ, ਵੱਡੇ ਟਕਰਾਅ ਦੀ ਸਥਿਤੀ ਬਣੀ

ਏਜੰਸੀ

ਖ਼ਬਰਾਂ, ਪੰਜਾਬ

ਹਰਿੰਦਰ ਕੋਹਲੀ ਦੇ ਘਰ ਦੀ ਦੀਵਾਰ 'ਤੇ ਚੜ੍ਹੇ ਕਿਸਾਨ, ਵੱਡੇ ਟਕਰਾਅ ਦੀ ਸਥਿਤੀ ਬਣੀ

image

ਐਸ.ਪੀ ਚੀਮਾ, ਡੀਐਸਪੀ ਸੌਰਵ ਜਿੰਦਲ ਵਲੋਂ ਮੌਕੇ 'ਤੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ 


ਪਟਿਆਲਾ, 27 ਦਸੰਬਰ (ਤੇਜਿੰਦਰ ਫ਼ਤਿਹਪੁਰ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਮਾਮਲੇ ਵਿਚ ਭਾਜਪਾ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਅਤੇ ਉਸ ਦੇ ਪਰਵਾਰ ਨੂੰ ਤੀਸਰੇ ਦਿਨ ਘਰ ਵਿਚ ਨਜ਼ਰਬੰਦ ਰੱਖਣ ਦੇ ਬਾਅਦ ਅੱਜ ਕਿਸਾਨ ਘਰ ਦੀ ਦੀਵਾਰਾਂ 'ਤੇ ਚੜ੍ਹ ਗਏ |  ਇਸ ਮੌਕੇ ਕਿਸਾਨਾਂ ਨੇ ਧਮਕੀ ਦਿਤੀ ਹੈ ਕਿ ਜੇਕਰ 29 ਨੂੰ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਨਾਲ ਹੋਣ ਵਾਲੀ ਮੀਟਿੰਗ ਵਿਚ ਕੋਈ ਸਹੀ ਹੱਲ ਨਾਂ ਨਿਕਲਿਆ ਤਾਂ ਵਿਰੋਧ ਵਿਚ ਹਰਿੰਦਰ ਕੋਹਲੀ ਦੇ ਘਰ ਦਾ ਵਾਟਰ ਸਪਲਾਈ ਕੁਨੈਕਸ਼ਨ ਕੱਟ ਦਿਤਾ ਜਾਵੇਗਾ | ਮਾਮਲਾ ਗਰਮਾਉੁਾਦਿਆਂ ਦੇਖ ਐਸ.ਪੀ ਟ੍ਰੈਫ਼ਿਕ ਪਲਵਿੰਦਰ ਚੀਮਾ, ਡੀ. ਐਸ. ਪੀ ਸੌਰਵ ਜਿੰਦਲ, ਥਾਣਾ ਲਾਹੌਰੀ ਗੇਟ ਦੇ ਇੰਚਾਰਜ ਜਸਪ੍ਰੀਤ ਸਿੰਘ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਕਿਸਾਨਾਂ ਨੂੰ ਸਮਝਾਇਆ ਕਿ ਸਹੀ ਤਰੀਕੇ ਨਾਲ ਹੀ ਰੋਸ ਪ੍ਰਦਰਸ਼ਨ ਕਰਨ ਅਤੇ ਪ੍ਰਦਰਸ਼ਨ ਨਿਜੀ ਨਾ ਹੋਣ ਦੇਣ | 
ਕਿਸਾਨਾਂ ਨੇ ਹਰਿੰਦਰ ਕੋਹਲੀ ਦੇ ਘਰ ਦੇ ਦੋਵੇਂ ਗੇਟ ਬੰਦ ਕਰ ਦਿਤੇ ਸੀ ਅਤੇ ਧਮਕੀ ਦਿਤੀ ਸੀ ਕਿ ਉਨ੍ਹਾਂ ਦੇ ਪਰਵਾਰ ਦਾ ਕੋਈ ਵੀ ਮੈਂਬਰ ਨਾ ਉਹ ਬਾਹਰ ਨਿਕਲਣ ਦੇਣਗੇ ਅਤੇ ਨਾ ਅੰਦਰ ਜਾਣ ਦੇਣਗੇ | ਇਸ ਲਈ ਐਸ.ਪੀ ਸਿਟੀ ਪਲਵਿੰਦਰ ਚੀਮਾ ਨੇ ਕਿਸਾਨਾਂ ਨੂੰ ਸਮਝਾ ਕੇ ਘਰ ਦਾ ਇਕ ਗੇਟ ਵੀ ਖੁਲਵਾਇਆ | ਐਸ.ਐਸ.ਟੀ ਨਗਰ ਸਥਿਤ ਹਰਿੰਦਰ ਕੋਹਲੀ ਦੇ ਘਰ ਦੇ ਅੱਗੇ ਜੁਟੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੈਂਕੜੇ ਮੈਂਬਰਾਂ ਨੇ ਥਾਲੀਆਂ ਬਜਾ ਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਵਿਰੁਧ ਰੋਸ ਪ੍ਰਦਰਸ਼ਨ ਕੀਤਾ | ਜ਼ਿਲ੍ਹਾ ਪ੍ਰਧਾਨ ਜੰਗ ਸਿੰਘ ਭਟੇੜੀ ਨੇ ਕਿਹਾ ਕਿ ਜਦੋਂ ਤਕ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤਕ ਭਾਜਪਾ ਦਾ ਵਿਰੋਧ ਇਸੇ ਤਰ੍ਹਾਂ ਜਾਰੀ ਰਹੇਗਾ | 

    ਫੋਟੋ ਨੰ: 27 ਪੀਏਟੀ 9
ਭਾਜਪਾ ਨੇਤਾ ਹਰਿੰਦਰ ਕੋਹਲੀ ਦੇ ਘਰ ਦੇ ਬਾਹਰ ਥਾਲੀਆਂ ਵਜਾ ਕੇ ਪ੍ਰਦਰਸ਼ਨ ਕਰਦੇ ਹੋਏ ਕਿਸਾਨ ਨਾਲ ਕੋਹਲੀ ਦੇ ਘਰ ਦੀ ਦੀਵਾਰ ਟੱਪ ਰਿਹਾ ਇਕ ਕਿਸਾਨ ਨੌਜਵਾਨ |