ਕਿਸਾਨੀ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ : ਗੁਰਮੀਤ ਸਿੰਘ
ਕਿਸਾਨੀ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ : ਗੁਰਮੀਤ ਸਿੰਘ
ਸਾਊਥ ਏਸ਼ੀਆ ਯੂਥ ਫ਼ੋਰਮ ਨੇ ਕੀਤੀ ਕਿਸਾਨੀ ਮੋਰਚੇ ਦੀ ਹਮਾਇਤ
ਨਵੀਂ ਦਿੱਲੀ, 27 ਦਸੰਬਰ (ਹਰਦੀਪ ਸਿੰਘ ਭੌਗਲ): ਦੇਸ਼ ਦਾ ਹਰ ਵਰਗ ਖੇਤੀ ਕਾਨੂੰਨਾਂ ਵਿਰੁਧ ਜਾਰੀ ਕਿਸਾਨੀ ਸੰਘਰਸ਼ ਦਾ ਹਿੱਸਾ ਬਣ ਰਿਹਾ ਹੈ | ਇਸ ਦੌਰਾਨ ਸਾਊਥ ਏਸ਼ੀਆ ਯੂਥ ਫ਼ੋਰਮ ਨੇ ਵੀ ਕਿਸਾਨੀ ਅੰਦੋਲਨ 'ਚ ਯੋਗਦਾਨ ਪਾਇਆ ਹੈ | ਸੰਸਥਾ ਦੇ ਨੁਮਾਇੰਦੇ ਗੁਰਮੀਤ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਸੰਸਥਾ ਇਹ ਮੰਨਦੀ ਹੈ ਕਿ ਬੰਗਲਾਦੇਸ਼, ਭਾਰਤ, ਸ੍ਰੀਲੰਕਾ ਤੇ ਪਾਕਿਸਤਾਨ ਦਾ ਖ਼ਿੱਤਾ ਇਕ ਸੀ | ਸਾਨੂੰ ਵੰਡ ਕੇ ਕਮਜ਼ੋਰ ਕੀਤਾ ਗਿਆ | ਦੁਨੀਆਂ ਦਾ ਸੱਭ ਤੋਂ ਉਪਜਾਊ ਪੌਣ-ਪਾਣੀ, ਜ਼ਮੀਨ ਤੇ ਸਭ ਤੋਂ ਮਜ਼ਬੂਤ ਲੋਕ ਇਸ ਖ਼ਿੱਤੇ ਨਾਲ ਸਬੰਧਤ ਸਨ | ਹਾਕਮਾਂ ਨੇ ਸਾਨੂੰ ਵੰਡ ਕੇ ਆਪਸ ਵਿਚ ਹੀ ਲੜਾਇਆ |
ਇਸ ਦੌਰਾਨ ਕਿਸਾਨਾਂ ਨੂੰ ਸਮਰਥਨ ਦੇਣ ਲਈ ਕਾਨਪੁਰ ਤੋਂ ਪਹੁੰਚੇ ਨੌਜਵਾਨ ਨੇ ਕਿਹਾ ਕਿ ਇਹ ਦੁਨੀਆਂ ਦਾ ਸੱਭ ਤੋਂ ਵੱਡਾ ਅੰਦੋਲਨ ਹੈ | ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਸਰਕਾਰ ਨਹੀਂ ਮੰਨਦੇ, ਇਹ ਸਰਕਾਰ ਨਹੀਂ ਬਲਕਿ ਬੈਂਕ ਆਫ਼ ਇੰਗਲੈਂਡ ਤੇ ਬੈਂਕ ਆਫ਼ ਇੰਟਰਨੈਸ਼ਨਲ ਸੈਟਲਮੈਂਟ ਦੇ ਏਜੰਟ ਹਨ | ਇਨ੍ਹਾਂ ਨੂੰ ਸਰਕਾਰ ਕਹਿਣਾ ਮਤਲਬ ਸਰਕਾਰ ਸ਼ਬਦ ਦੀ 'ਬੇਇੱਜ਼ਤੀ' ਕਰਨਾ ਹੈ |
ਕਿਸਾਨੀ ਸੰਘਰਸ਼ ਬਾਰੇ ਗੱਲ ਕਰਦਿਆਂ ਗੁਰਮੀਤ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਪਹਿਲੇ ਕਿਸਾਨ ਗੁਰੂ ਹਨ | ਇਹ ਕਿਸਾਨ ਲਹਿਰ ਬਾਬੇ ਨਾਨਕ ਦੀ ਖੇਤੀ ਨੂੰ ਬਚਾਵੇਗੀ | ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦਾ ਸੰਘਰਸ਼ ਹੈ ਪਰ ਸਾਰੀਆਂ ਸਿਆਸੀ ਪਾਰਟੀਆਂ ਇਸ ਸੰਘਰਸ਼ ਦਾ ਲਾਹਾ ਲੈ ਰਹੀਆਂ ਹਨ | ਗੁਰਮੀਤ ਸਿੰਘ ਨੇ ਦਸਿਆ ਕਿ ਸਰਕਾਰ ਕਿਸਾਨਾਂ ਨੂੰ ਖ਼ਾਲਿਸਤਾਨੀ, ਅਤਿਵਾਦੀ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਰਾਜਸਥਾਨ, ਉਤਰਾਖੰਡ ਤੇ ਹਰਿਆਣਾ ਦੇ ਲੋਕਾਂ ਨੇ ਸਰਕਾਰ ਨੂੰ ਠੋਕਵਾਂ ਜਵਾਬ ਦਿਤਾ ਹੈ | ਹੋਰ ਸੂਬੇ ਦੇ ਲੋਕਾਂ ਨੇ ਪੱਗ ਦਾ ਰੁਤਬਾ ਅਪਣੇ ਸਿਰ 'ਤੇ ਰੱਖ ਲਿਆ ਹੈ | ਗੁਰਮੀਤ ਸਿੰਘ ਨੇ ਕਿਹਾ ਕਿ ਸਾਊਥ ਏਸ਼ੀਆ ਯੂਥ ਫ਼ੋਰਮ ਕਿਸਾਨੀ ਸੰਘਰਸ਼ ਦੀ ਪੂਰਨ ਤੌਰ 'ਤੇ ਹਮਾਇਤ ਕਰਦੀ ਹੈ |