ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘ ਦਲਾਂ ਵਲੋਂ ਅੱਜ ਸਜਾਇਆ ਜਾਵੇਗਾ ਖ਼ਾਲਸਾਈ ਮਹੱਲਾ
ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਨਿਹੰਗ ਸਿੰਘ ਦਲਾਂ ਵਲੋਂ ਅੱਜ ਸਜਾਇਆ ਜਾਵੇਗਾ ਖ਼ਾਲਸਾਈ ਮਹੱਲਾ
ਫ਼ਤਿਹਗੜ੍ਹ ਸਾਹਿਬ, 27 ਦਸੰਬਰ (ਸਵਰਨਜੀਤ ਸਿੰਘ ਸੇਠੀ): ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਸ਼ੋ੍ਰਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਸ਼ੋ੍ਰਮਣੀ ਪੰਥ ਅਕਾਲੀ ਬੱੁਢਾ ਦਲ ਪੰਜਵਾਂ ਤਖ਼ਤ ਚੱਲਦਾ ਵਹੀਰ ਚੱਕਰਵਰਤੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਵਿਖੇ ਹਰ ਸਾਲ ਦੀ ਤਰ੍ਹਾਂ ਧਾਰਮਕ ਦੀਵਾਨ ਚਲ ਰਹੇ ਹਨ, ਜਿਨ੍ਹਾਂ ਦੀ ਸਮਾਪਤੀ 28 ਦਸੰਬਰ ਨੂੰ ਹੋਵੇਗੀ ਅਤੇ ਅੰਮਿ੍ਤ ਸੰਚਾਰ ਵੀ ਹੋਵੇਗਾ | ਇਥੇ ਹੀ ਨਿਹੰਗ ਸਿੰਘਾਂ ਦੇ ਲਾਇਸੈਂਸ ਨਵੇਂ ਬਣਾਏ ਅਤੇ ਪੁਰਾਣੇ ਰੀਨਿਊ ਕੀਤੇ ਜਾ ਰਹੇ ਹਨ |
ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ ਸਾਹਿਬ ਅਤੇ ਸਰਬਲੋਹ ਗ੍ਰੰਥ ਦੇ ਆਖੰਡ ਪਾਠਾਂ ਦੇ ਭੋਗ ਉਪਰੰਤ 28 ਦਸੰਬਰ ਨੂੰ ਦੁਪਹਿਰ 12 ਵਜੇ ਅੱਜ ਪੁਰਾਤਨ ਪ੍ਰੰਪਰਾਵਾਂ ਤੇ ਰਵਾਇਤਾਂ ਮੁਤਾਬਕ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਖ਼ਾਲਸਾਈ ਮਹੱਲਾ ਸਮੁੱਚੀਆਂ ਨਿਹੰਗ ਸਿੰਘ ਦਲਾਂ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਮੈਦਾਨ ਵਿਚ ਖੇਡਿਆ ਜਾਵੇਗਾ | ਉਨ੍ਹਾਂ ਕਿਹਾ ਕਿ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੋਂ ਨਿਹੰਗ ਸਿੰਘ ਗੁਰੂ ਦੀਆਂ ਲਾਡਲੀਆਂ ਫ਼ੌਜਾਂ ਦਾ ਮਹੱਲਾ ਆਰੰਭ ਹੋ ਕੇ ਗੁਰਦੁਆਰਾ ਠੰਢਾ ਬੁਰਜ, ਗੁਰਦੁਆਰਾ ਫ਼ਤਹਿਗੜ੍ਹ ਸਾਹਿਬ, ਨਿਸ਼ਾਨ ਕਿਲ੍ਹਾ (ਥੇਹ) ਬਾਬਾ ਬੰਦਾ ਸਿੰਘ ਬਹਾਦਰ, ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ, ਗੁਰਦੁਆਰਾ ਸ਼ਹੀਦ ਸਿੰਘਾਂ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕਾਲਜ ਦੇ ਖੁੱਲ੍ਹੇ ਮੈਦਾਨ ਵਿਚ ਘੋੜ ਦੌੜਾਂ ਹੋਣਗੀਆਂ |
ਨਿਹੰਗ ਸਿੰਘ ਇਕ ਤੋਂ ਦੋ, ਦੋ ਤੋਂ ਚਾਰ ਅਤੇ ਚਾਰ ਤੋਂ ਛੇ, ਛੇ ਘੋੜਿਆਂ 'ਤੇ ਖਲੋ ਕੇ ਨਿਹੰਗ ਸਿੰਘ ਘੋੜਿਆਂ ਨੂੰ ਦੌੜਾਉਣਗੇ ਅਤੇ ਵੱਧ ਤੋਂ ਵੱਧ ਕਿੱਲੇ ਪੁੱਟ ਕੇ ਇਨਾਮ ਪ੍ਰਾਪਤ ਕਰਨਗੇ | ਗਤਕੇ ਦੇ ਖੁੱਲ੍ਹੇ ਪ੍ਰਦਰਸ਼ਨ ਰਾਹੀਂ ਨਿਹੰਗ ਸਿੰਘ ਗਤਕੇ ਦੇ ਜੌਹਰ ਵਿਖਾਉਣਗੇ |