ਅਸ਼ਵਨੀ ਸ਼ਰਮਾ ਨੇ ਕੀਤਾ ਕੈਪਟਨ ਦਾ ਬਚਾਅ, ਸੀਟਾਂ ਦੇ ਬਟਵਾਰੇ ਨੂੰ ਲੈ ਕੇ ਵੀ ਕਹੀ ਵੱਡੀ ਗੱਲ
ਪੰਜਾਬ ਵਿਚ ਭਾਜਪਾ ਪੂਰੇ ਜੋਸ਼ ਨਾਲ ਚੋਣਾਂ ਲੜੇਗੀ
ਚੰਡੀਗੜ੍ਹ - 5 ਜਨਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਆਉਣ ’ਤੇ ਹੋਣ ਵਾਲੀ ਰੈਲੀ ਨੂੰ ਲੈ ਕੇ ਸੂਬੇ ਦੀ ਬੀਜੇਪੀ ਲੀਡਰਸ਼ਿਪ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ’ਚ ਭਾਜਪਾ ਦੀ ਜਿੱਤ ਲਾਜ਼ਮੀ ਹੈ। 5 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਆਉਣ ’ਤੇ ਪੰਜਾਬ ਵਿਚ ਇਤਿਹਾਸ ਰਚਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ 5 ਜਨਵਰੀ ਨੂੰ ਉਨ੍ਹਾਂ ਲੋਕਾਂ ਨੂੰ ਜਵਾਬ ਮਿਲ ਜਾਵੇਗਾ, ਜੋ ਕਹਿੰਦੇ ਹਨ ਕਿ ਭਾਜਪਾ ਪਹਿਲੀ ਵਾਰ 117 ਸੀਟਾਂ ’ਤੇ ਚੋਣ ਲੜ੍ਹਨ ਜਾ ਰਹੀ ਹੈ।
ਡਰੱਗ ਮਾਮਲੇ ’ਚ ਬਿਕਰਮ ਮਜੀਠੀਆ ’ਤੇ ਦਰਜ ਕੀਤੇ ਗਏ ਮੁਕੱਦਮੇ ’ਤੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਮਸਲਾ ਕਾਨੂੰਨ ਅਧੀਨ ਹੈ। ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਕਾਨੂੰਨ ਇਸ ਮਾਮਲੇ ਦੇ ਸਬੰਧ ’ਚ ਨਿਆਂ ਜ਼ਰੂਰ ਕਰੇਗਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ, ਉਸ ਸਬੰਧੀ ਪੁੱਛੇ ਗਏ ਸਵਾਲ ’ਤੇ ਅਸ਼ਵਨੀ ਸ਼ਰਮਾ ਨੇ ਕਿਹਾ ਇਕ ਵਿਅਕਤੀ ਦੇ ਹੱਥ ਕੁੱਝ ਨਹੀਂ ਹੁੰਦਾ, ਸਗੋਂ ਹਰ ਚੀਜ਼ ਦੇ ਲਈ ਪੂਰੀ ਕੈਬਨਿਟ ਨੇ ਫ਼ੈਸਲਾ ਲੈਣਾ ਹੁੰਦਾ ਹੈ, ਜਿਸ ਤੋਂ ਬਾਅਦ ਹੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੁੰਦੀ ਹੈ।
ਉਹਨਾਂ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਪੂਰੇ ਜੋਸ਼ ਨਾਲ ਚੋਣਾਂ ਲੜੇਗੀ। ਉਨ੍ਹਾਂ ਨੇ ਸੀਟਾਂ ਦੀ ਵੰਡ ਸਬੰਧੀ ਰਣਨੀਤੀ ਦਾ ਵੀ ਖੁਲਾਸਾ ਕੀਤਾ। ਪੰਜਾਬ ਵਿਚ ਦਲਿਤ ਨੂੰ ਮੁੱਖ ਮੰਤਰੀ ਬਣਾਉਣ ਬਾਰੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਅੰਤਿਮ ਫੈਸਲਾ ਸੰਸਦੀ ਬੋਰਡ ਵੱਲੋਂ ਲਿਆ ਜਾਵੇਗਾ। ਇਸ ਦੇ ਨਾਲ ਹੀ ਸਹੀ ਸਮੇਂ 'ਤੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਗਠਜੋੜ ਵਿਚ ਸਾਰੀਆਂ ਪਾਰਟੀਆਂ ਦੇ ਦੋ-ਦੋ ਪ੍ਰਤੀਨਿਧੀ ਹੋਣਗੇ। ਉਹ ਮਿਲ ਕੇ ਫੈਸਲਾ ਕਰਨਗੇ ਕਿ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਦੇਣੀਆਂ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਜਪਾ ਨੇ ਸਾਢੇ 4 ਸਾਲ ਕੈਪਟਨ ਨੂੰ ਬਹੁਤ ਬੁਰਾ ਭਲਾ ਕਿਹਾ ਹੈ ਤੇ ਹੁਣ ਉਨ੍ਹਾਂ ਨਾਲ ਕਿਸ ਆਧਾਰ 'ਤੇ ਸਮਝੌਤਾ ਹੋਇਆ ਹੈ ਤਾਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਾਅਦਾ ਪੂਰਾ ਨਾ ਕਰਨ ਲਈ ਸਿਰਫ਼ ਕੈਪਟਨ ਹੀ ਨਹੀਂ ਸਗੋਂ ਪੂਰੀ ਕਾਂਗਰਸ ਜ਼ਿੰਮੇਵਾਰ ਹੈ। ਸ਼ਰਮਾ ਨੇ ਜਵਾਬ ਦਿੱਤਾ ਕਿ ਇਸ ਲਈ ਕੈਬਨਿਟ ਜ਼ਿੰਮੇਵਾਰ ਹੈ।
ਪੰਜਾਬ ਦੇ ਹਾਲਾਤ ਖ਼ਰਾਬ ਹਨ ਅਤੇ ਭਾਜਪਾ ਪੰਜਾਬ ਦੇ ਹਾਲਾਤ ਸੁਧਾਰਨ ਲਈ ਮੈਦਾਨ ਵਿਚ ਆ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਜਨਵਰੀ ਨੂੰ ਫਿਰੋਜ਼ਪੁਰ ਵਿਚ ਪੀਜੀਆਈ ਸੈਟੇਲਾਈਟ ਸੈਂਟਰ ਦਾ ਉਦਘਾਟਨ ਕਰਨਗੇ। ਇਸ ਪ੍ਰੋਗਰਾਮ ਨੂੰ ਲੈ ਕੇ ਭਾਜਪਾ ਫਿਰੋਜ਼ਪੁਰ 'ਚ ਵੱਡੀ ਰੈਲੀ ਕਰੇਗੀ। ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਇਤਿਹਾਸਕ ਹੋਵੇਗੀ। ਪ੍ਰਧਾਨ ਮੰਤਰੀ ਦੀ ਫੇਰੀ ਤੋਂ ਬਾਅਦ ਪੰਜਾਬ ਦਾ ਚੋਣ ਮਾਹੌਲ ਪੂਰੇ ਜੋਬਨ 'ਤੇ ਸ਼ੁਰੂ ਹੋ ਜਾਵੇਗਾ, ਵਰਕਰਾਂ ਦਾ ਮਨੋਬਲ ਉੱਚਾ ਹੋਵੇਗਾ।