1992 'ਚ ਚੋਣ ਲੜ ਚੁੱਕੇ ਕਿਸਾਨ ਆਗੂ ਨੇ ਦੱਸਿਆ ਕੀ ਹੋਵੇਗਾ ‘ਸੰਯੁਕਤ ਸਮਾਜ ਮੋਰਚੇ’ ਦਾ ਏਜੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦਾ ਸਭ ਤੋਂ ਵੱਡਾ ਮੁੱਦਾ ਖੇਤੀਬਾੜੀ ਅਤੇ ਹੋਰ ਕਾਰੋਬਾਰਾਂ ਨੂੰ ਕਾਰਪੋਰੇਟਾਂ ਤੋਂ ਬਚਾਉਣਾ ਹੈ।

Kulwant Sandhu

ਚੰਡੀਗੜ੍ਹ (ਚਰਨਜੀਤ ਸਿੰਘ ਸੁਰਖ਼ਾਬ): ਕਿਸਾਨ ਅੰਦੋਲਨ ਫਤਹਿ ਕਰਨ ਤੋਂ ਬਾਅਦ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਵਿਚੋਂ 22 ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਕਿਸਾਨਾਂ ਵਲੋਂ ਸੰਯੁਕਤ ਸਮਾਜ ਮੋਰਚਾ ਨਾਂਅ ਦੀ ਪਾਰਟੀ ਬਣਾਈ ਗਈ ਹੈ। ਇਸ ਬਾਰੇ ਗੱਲ਼ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦਾ ਸਭ ਤੋਂ ਵੱਡਾ ਮੁੱਦਾ ਖੇਤੀਬਾੜੀ ਅਤੇ ਹੋਰ ਕਾਰੋਬਾਰਾਂ ਨੂੰ ਕਾਰਪੋਰੇਟਾਂ ਤੋਂ ਬਚਾਉਣਾ ਹੈ। ਸੰਯੁਕਤ ਸਮਾਜ ਪਾਰਟੀ ਦੇ ਮੁੱਦਿਆਂ ਬਾਰੇ ਉਹਨਾਂ ਕਿਹਾ ਕਿ ਖੇਤੀਬਾੜੀ ਤੋਂ ਬਾਅਦ ਸਿਹਤ, ਸਿੱਖਿਆ ਅਤੇ ਰੁਜ਼ਗਾਰ ਬਹੁਤ ਵੱਡਾ ਮੁੱਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਉਹ ਵਾਅਦਾ ਕਰਾਂਗੇ, ਜਿਸ ਨੂੰ ਪੂਰਾ ਕਰ ਸਕੀਏ। ਲੋਕ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਹਨ।

ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਸਾਡੀ ਉਹਨਾਂ ਨਾਲ ਗੱਲਬਾਤ ਨਹੀਂ ਚੱਲ ਰਹੀ। ਅਸੀਂ 117 ਸੀਟਾਂ ’ਤੇ ਲੜਨ ਦਾ ਐਲਾਨ ਕੀਤਾ ਹੈ। ਬਾਅਦ ਵਿਚ ਸਥਿਤੀ ਅਨੁਸਾਰ ਫੈਸਲਾ ਲਿਆ ਜਾਵੇਗਾ ਪਰ ਫਿਲਹਾਲ ਇਸ ਦੀ ਕੋਈ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਉਹ ਕਿਸੇ ਇਕ ਲੀਡਰ ਦੇ ਨਾਂਅ ’ਤੇ ਵੋਟ ਨਹੀਂ ਮੰਗੀ ਜਾਵੇਗੀ, ਸਾਂਝੇ ਤੌਰ ’ਤੇ ਚੋਣ ਲੜੀ ਜਾਵੇਗੀ। ਕਿਸਾਨ ਸਮੂਹਿਕ ਅਗਵਾਈ ਨਾਲ ਜਿੱਤਣ ਲਈ ਅੱਗੇ ਆਉਣਗੇ।

ਉਹਨਾਂ ਦਾਅਵਾ ਕੀਤਾ ਕਿ ਹੋਰ ਕਿਸਾਨ ਜਥੇਬੰਦੀਆਂ ਉਹਨਾਂ ਦਾ ਵਿਰੋਧ ਨਹੀਂ ਕਰਨਗੀਆਂ, ਉਹ ਕਿਸਾਨਾਂ ਦੀ ਪਾਰਟੀ ਦਾ ਸਾਥ ਦੇਣਗੇ, ਹਾਲਾਂਕਿ ਉਹਨਾਂ ਦੇ ਆਗੂ ਸਟੇਜ ਉੱਤੇ ਨਹੀਂ ਆਉਣਗੇ। ਕਿਸਾਨ ਆਗੂ ਨੇ ਦੱਸਿਆ ਕਿ ਉਹਨਾਂ ਨੇ 1992 ਵਿਚ ਵੀ ਚੋਣ ਲੜੀ ਸੀ ਅਤੇ ਉਹ ਜਿੱਤ ਚੁੱਕੇ ਸਨ ਪਰ ਉਹਨਾਂ ਨੂੰ ਸਿਸਟਮ ਵਿਚ ਘਪਲੇਬਾਜ਼ੀ ਨਾਲ ਹਰਾ ਦਿੱਤਾ ਗਿਆ। ਉਹਨਾਂ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ ਕਿਉਂਕਿ ਹੁਣ ਲੋਕ ਸੂਝਵਾਨ ਹੋ ਚੁੱਕੇ ਹਨ ਅਤੇ ਕਿਸਾਨਾਂ ਨੂੰ ਬਹੁਤ ਵੱਡਾ ਸਮਰਥਨ ਹਾਸਲ ਹੈ।

ਕੁਲਵੰਤ ਸਿੰਘ ਨੇ ਦੱਸਿਆ ਕਿ ਚੋਣਾਂ ਸਬੰਧੀ 32 ਕਿਸਾਨ ਜਥੇਬੰਦੀਆਂ ਦੀ ਕਈ ਵਾਰ ਮੀਟਿੰਗ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਕੋਈ ਵੀ ਜਥੇਬੰਦੀ ਚੋਣ ਲੜ ਸਕਦੀ ਹੈ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦਾ ਨਾਂਅ ਨਹੀਂ ਵਰਤਿਆ ਜਾਵੇਗਾ। ਕਿਸਾਨੀ ਹੱਕਾਂ ਦੀ ਲੜਾਈ ਲਈ 32 ਕਿਸਾਨ ਜਥੇਬੰਦੀਆਂ ਇਕਜੁੱਟ ਰਹਿਣਗੀਆਂ। ਉਹਨਾਂ ਕਿਹਾ ਕਿ ਲੋਕ ਵੋਟਾਂ ਜ਼ਰੂਰ ਪਾਉਂਦੇ ਹਨ ਅਤੇ ਕਿਸਾਨ ਵੀ ਵੋਟਾਂ ਪਾਉਣ ਜਾਂਦੇ ਹਨ, ਉਹ ਅਕਾਲੀ ਦਲ, ਭਾਜਪਾ ਜਾਂ ਕਾਂਗਰਸ ਨੂੰ ਵੋਟਾਂ ਨਹੀਂ ਦੇਣਗੇ, ਉਹ ਕਿਸਾਨਾਂ ਨੂੰ ਹੀ ਵੋਟ ਦੇਣਗੇ। ਕਿਸਾਨ ਆਗੂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਕੋਈ ਪਾਰਟੀ ਨਹੀਂ ਸਗੋਂ ਇਕ ਮੋਰਚਾ ਹੈ, ਜਿਸ ਵਿਚ ਕੋਈ ਵੀ ਸ਼ਾਮਲ ਹੋ ਸਕਦਾ ਹੈ। ਉਹਨਾਂ ਕਿਹਾ ਕਿ ਡਾ. ਸਵੈਮਾਣ ਸਿੰਘ, ਜੂਝਦਾ ਪੰਜਾਬ ਮੰਚ ਨਾਲ ਜੁੜੇ ਸਿਤਾਰੇ ਵੀ ਕਿਸਾਨਾਂ ਦਾ ਸਾਥ ਦੇਣਗੇ।