Amritsar News: ਘੋੜੀਆਂ ਰੱਖਣ ਦੇ ਸ਼ੌਕੀ ਮੁੰਡਿਆਂ ਨੇ ਬੈਂਕ 'ਚ ਮਾਰਿਆ ਡਾਕਾ, ਲੁੱਟ ਤੋਂ ਬਾਅਦ 1 ਲੱਖ 15 ਹਜ਼ਾਰ ਦੀ ਖ਼ਰੀਦੀ ਘੋੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Amritsar News: ਨੌਜਵਾਨਾਂ ਵੱਲੋਂ HDFC ਬੈਂਕ 'ਚ 3 ਲੱਖ ਤੋਂ ਵੱਧ ਦੀ ਲੁੱਟ ਨੂੰ ਦਿੱਤਾ ਸੀ ਅੰਜਾਮ

Amritsar Bank loot Case news in punjabi

ਅੰਮ੍ਰਿਤਸਰ: ਅਕਸਰ ਹੀ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀਆਂ ਦੇ ਸ਼ੌਂਕ ਅਵੱਲੇ ਹੁੰਦੇ ਹਨ ਅਤੇ ਪੰਜਾਬੀ ਆਪਣੇ ਸ਼ੌਕ ਲਈ ਜਾਣੇ ਜਾਂਦੇ ਹਨ ਪਰ ਜ਼ਿਲ੍ਹਾ ਤਰਨਤਾਰਨ ਦੇ ਦੋ ਨੌਜਵਾਨਾਂ ਨੇ ਆਪਣੇ ਸ਼ੌਕ ਖ਼ਾਤਰ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਐਚ.ਡੀ.ਐਫ਼.ਸੀ ਬੈਂਕ ਵਿਚ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ 3 ਲੱਖ ਤੋਂ ਵੱਧ ਦੀ ਲੁੱਟ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵਾਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ 20 ਦਸੰਬਰ 2024 ਨੂੰ ਅੰਮ੍ਰਿਤਸਰ ਮਹਿਤਾ ਰੋਡ ਉੱਪਰ ਐਚ.ਡੀ.ਐਫ਼.ਸੀ ਬੈਂਕ ਵਿਚ ਦੋ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਿਸ ਵਿੱਚ ਉਹਨਾਂ ਨੇ 3 ਲੱਖ 96 ਹਜ਼ਾਰ ਦੀ ਲੁੱਟ ਕੀਤੀ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਤੇ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਲਿਆ ਹੈ।

ਜਿਨਾਂ ਦੀ ਪਹਿਚਾਣ ਲਵਪ੍ਰੀਤ ਸਿੰਘ ਅਤੇ ਗੁਰਨੂਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਕੋਲੋਂ ਇਕ ਲੱਖ ਰੁਪਏ ਨਕਦੀ, ਇਕ 32 ਬੋਰ ਦੀ ਪਿਸਤੌਲ ਅਤੇ ਪੰਜ ਜ਼ਿੰਦਾ ਰੌਂਦ ਅਤੇ ਇਕ ਕਾਰ ਅਤੇ ਦੋ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵੱਲੋਂ ਬੈਂਕ ਵਿੱਚ ਲੁੱਟ ਕਰਨ ਤੋਂ ਬਾਅਦ ਇਕ 1 ਲੱਖ 15 ਹਜ਼ਾਰ ਦੀ ਘੋੜੀ ਵੀ ਖ਼ਰੀਦੀ ਗਈ ਸੀ।

ਉਹਨਾਂ ਦੱਸਿਆ ਕਿ ਇਹ ਨੌਜਵਾਨ ਘੋੜੀਆਂ ਰੱਖਣ ਦੇ ਸ਼ੌਕੀਨ ਸਨ ਜਿਸ ਕਰ ਕੇ ਇਹਨਾਂ ਵੱਲੋਂ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਈ ਛੋਟੇ ਮੋਟੇ ਖ਼ਰਚੇ ਕੀਤੇ। ਫ਼ਿਲਹਾਲ ਪੁਲਿਸ ਨੇ ਇਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ 1 ਲੱਖ ਰੁਪਏ ਬਰਾਮਦ ਕੀਤੇ ਗਏ ।ਬਾਕੀ ਦੀ ਰਕਮ ਵੀ ਪੁਲਿਸ ਇਹਨਾਂ ਤੋਂ ਜਲਦ ਰਿਕਵਰ ਕਰ ਲਵੇਗੀ। ਪੁਲਿਸ ਦਾ ਕਹਿਣਾ ਕਿ ਫ਼ਿਲਹਾਲ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।