ਪੰਜਾਬ 2024 : ਕਿਸਾਨਾਂ ਨੇ ਸ਼ੁਰੂ ਕੀਤਾ ਦੂਜਾ ਅੰਦੋਲਨ, ਅਕਾਲੀ ਦਲ ਨੂੰ ਇਕ ਤੋਂ ਬਾਅਦ ਇਕ ਝਟਕੇ
ਇਹ ਸਾਲ 104 ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਲਈ ਖਾਸ ਤੌਰ ’ਤੇ ਮਹੱਤਵਪੂਰਨ ਰਿਹਾ ਹੈ, ਜਿਸ ਦੀ ਸਿਆਸੀ ਸਥਿਤੀ ਪਿਛਲੇ ਕੁੱਝ ਸਾਲਾਂ ’ਚ ਕਮਜ਼ੋਰ ਹੋਈ ਹੈ
ਚੰਡੀਗੜ੍ਹ : ਪੰਜਾਬ ’ਚ ਇਸ ਸਾਲ ਕਿਸਾਨ ਅੰਦੋਲਨ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਲੋਂ ਅਪਣੀਆਂ ਗਲਤੀਆਂ ਲਈ ਜਨਤਕ ਤੌਰ ’ਤੇ ਪ੍ਰਾਸ਼ਚਿਤ ਕਰਨਾ, ਪਾਰਟੀ ਆਗੂ ਸੁਖਬੀਰ ਸਿੰਘ ਬਾਦਲ ਦਾ ਹਮਲੇ ’ਚ ਵਾਲ-ਵਾਲ ਬਚਣਾ ਅਤੇ ਲੋਕ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਸਮੇਤ ਬਹੁਤ ਸਾਰੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਹਨ।
ਪੰਜਾਬ ’ਚ ਲੋਕ ਸਭਾ ਚੋਣਾਂ ਦੇ ਨਤੀਜੇ ਕਈ ਕਾਰਨਾਂ ਕਰ ਕੇ ਕਮਾਲ ਦੇ ਸਨ। ਕਾਂਗਰਸ ਨੇ ਸੂਬੇ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਸੱਤ ਸੀਟਾਂ ਜਿੱਤੀਆਂ ਅਤੇ ਡਿਬਰੂਗੜ੍ਹ ਜੇਲ ’ਚ ਬੰਦ ਸਿੱਖ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਵਜੋਂ ਸੰਸਦ ਪਹੁੰਚੇ। ‘ਆਪ’ ਲੋਕ ਸਭਾ ਚੋਣਾਂ ’ਚ ਚੰਗਾ ਪ੍ਰਦਰਸ਼ਨ ਕਰਨ ’ਚ ਅਸਫਲ ਰਹੀ। ਹਾਲਾਂਕਿ, ਪਾਰਟੀ ਨੇ ਸਾਲ ਦੇ ਅਖੀਰ ’ਚ ਹੋਈਆਂ ਵਿਧਾਨ ਸਭਾ ਉਪ ਚੋਣਾਂ ’ਚ ਚਾਰ ’ਚੋਂ ਤਿੰਨ ਸੀਟਾਂ ਜਿੱਤੀਆਂ।
ਰੱਦ ਕੀਤੇ ਗਏ ਖੇਤੀ ਕਾਨੂੰਨਾਂ ਵਿਰੁਧ ਅਪਣਾ ਵਿਰੋਧ ਪ੍ਰਦਰਸ਼ਨ ਖਤਮ ਕਰਨ ਦੇ ਦੋ ਸਾਲ ਬਾਅਦ, ਕਿਸਾਨਾਂ ਨੇ ਫ਼ਰਵਰੀ ’ਚ ਕੇਂਦਰ ਸਰਕਾਰ ਨੂੰ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਕਾਨੂੰਨੀ ਗਰੰਟੀ ਸਮੇਤ ਅਪਣੀਆਂ ਮੰਗਾਂ ਦੀ ਯਾਦ ਦਿਵਾਉਣ ਲਈ ਅਪਣਾ ਵਿਰੋਧ ਪ੍ਰਦਰਸ਼ਨ ਦੁਬਾਰਾ ਸ਼ੁਰੂ ਕੀਤਾ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ’ਚ ਕਿਸਾਨ ਦਿੱਲੀ ਚਲੋ ਮਾਰਚ ਲਈ ਪੰਜਾਬ ਅਤੇ ਹਰਿਆਣਾ ਦਰਮਿਆਨ ਸ਼ੰਭੂ ਅਤੇ ਖਨੌਰੀ ਸਰਹੱਦਾਂ ’ਤੇ ਇਕੱਠੇ ਹੋਏ। ਉਨ੍ਹਾਂ ਨੂੰ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਨੇ ਰੋਕਿਆ।
ਖਨੌਰੀ ’ਚ ਪ੍ਰਦਰਸ਼ਨਕਾਰੀਆਂ ਅਤੇ ਹਰਿਆਣਾ ਦੇ ਸੁਰੱਖਿਆ ਕਰਮਚਾਰੀਆਂ ਵਿਚਾਲੇ ਝੜਪ ’ਚ ਇਕ ਕਿਸਾਨ ਦੀ ਮੌਤ ਹੋ ਗਈ। ਫ਼ਰਵਰੀ ਤੋਂ, ਕਿਸਾਨ ਦੋ ਸਰਹੱਦਾਂ ’ਤੇ ਡੇਰਾ ਲਾ ਰਹੇ ਹਨ ਅਤੇ ਦਿੱਲੀ ਵਲ ਮਾਰਚ ਕਰਨ ਦੀਆਂ ਕਈ ਅਸਫਲ ਕੋਸ਼ਿਸ਼ਾਂ ਕਰ ਚੁਕੇ ਹਨ।
ਇਹ ਸਾਲ 104 ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਲਈ ਖਾਸ ਤੌਰ ’ਤੇ ਮਹੱਤਵਪੂਰਨ ਰਿਹਾ ਹੈ, ਜਿਸ ਦੀ ਸਿਆਸੀ ਸਥਿਤੀ ਪਿਛਲੇ ਕੁੱਝ ਸਾਲਾਂ ’ਚ ਕਮਜ਼ੋਰ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ 2007 ਤੋਂ 2017 ਤਕ ਪੰਜਾਬ ’ਚ ਅਕਾਲੀ ਦਲ ਦੀ ਸਰਕਾਰ ਵਲੋਂ ਕੀਤੀਆਂ ਗਲਤੀਆਂ ਲਈ ਪਾਰਟੀ ਨੂੰ ਫਟਕਾਰ ਲਗਾਈ। ਸੁਖਬੀਰ ਸਿੰਘ ਬਾਦਲ ਨੇ ਨਵੰਬਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ ਕਿਉਂਕਿ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਉਨ੍ਹਾਂ ਨੂੰ ‘ਤਨਖਈਆ’ (ਧਾਰਮਕ ਦੁਰਵਿਵਹਾਰ ਦਾ ਦੋਸ਼ੀ) ਐਲਾਨਿਆ ਸੀ। ਅਕਾਲੀ ਆਗੂਆਂ ਦੇ ਇਕ ਹਿੱਸੇ ਨੇ ਉਨ੍ਹਾਂ ਵਿਰੁਧ ਬਗਾਵਤ ਕਰ ਦਿਤੀ ਸੀ ਅਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਬਾਗ਼ੀ ਆਗੂਆਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚ ਕਰਨ ਤੋਂ ਬਾਅਦ ਬਾਦਲ ਅਤੇ ਕਈ ਹੋਰ ਆਗੂਆਂ ਨੇ ਸੇਵਾਦਾਰਾਂ ਵਜੋਂ ਸੇਵਾ ਨਿਭਾਈ ਅਤੇ ਅਕਾਲੀ ਸਰਕਾਰ ਦੌਰਾਨ ਹੋਈਆਂ ਗਲਤੀਆਂ ਦਾ ਪ੍ਰਾਸ਼ਚਿਤ ਕਰਨ ਲਈ ਭਾਂਡੇ ਅਤੇ ਪਖਾਨੇ ਸਾਫ਼ ਕੀਤੇ।
ਦਸੰਬਰ ਵਿਚ ਜਦੋਂ ਬਾਦਲ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਵ੍ਹੀਲਚੇਅਰ ’ਤੇ ਬੈਠੇ ਸਨ ਤਾਂ ਇਕ ਸਾਬਕਾ ਖਾਲਿਸਤਾਨੀ ਖਾੜਕੂ ਨਰਾਇਣ ਸਿੰਘ ਚੌੜਾ ਨੇ ਉਨ੍ਹਾਂ ’ਤੇ ਗੋਲੀਆਂ ਚਲਾਈਆਂ ਪਰ ਸਾਦੇ ਕੱਪੜਿਆਂ ਵਿਚ ਇਕ ਪੁਲਿਸ ਮੁਲਾਜ਼ਮ ਨੇ ਹਮਲਾਵਰ ਨੂੰ ਕਾਬੂ ਕਰ ਲਿਆ ਅਤੇ ਬਾਦਲ ਦੀ ਜਾਨ ਬਚ ਗਈ।