ਰਾਤ ਨੂੰ ਟਿੱਪਰ ਚੁੱਕੇ, ਕਰਸ਼ਰ ’ਤੇ ਜ਼ਬਰਦਸਤੀ ਮਾਲ ਭਰਵਾਇਆ, ਦਿਨ ਦਿਹਾੜੇ ‘ਜ਼ਬਤੀ’ ਦਾ ਡਰਾਮਾ: ਭਾਜਪਾ ਆਗੂ ਵਿਨੀਤ ਜੋਸ਼ੀ
ਪੰਜਾਬ ਪੁਲਿਸ ’ਤੇ ਗੰਭੀਰ ਦੋਸ਼, ਭਾਜਪਾ ਵੱਲੋਂ ਸੀ.ਬੀ.ਆਈ. ਜਾਂਚ ਦੀ ਮੰਗ
ਨਯਾਗਾਂਵ: ਮੋਹਾਲੀ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਮਾਈਨਿੰਗ ਦੇ ਖ਼ਿਲਾਫ਼ ਐਸ.ਐਸ.ਪੀ. ਮੋਹਾਲੀ ਦੀ ਅਗਵਾਈ ਹੇਠ ਚਲਾਇਆ ਗਿਆ ਕਥਿਤ ਪੁਲਿਸ ਅਭਿਆਨ ਅੱਖਾਂ ਵਿੱਚ ਧੂੜ ਪਾਉਣ, ਸੱਚਾਈ ਨੂੰ ਛੁਪਾਉਣ ਅਤੇ ਆਮ ਲੋਕਾਂ ਨੂੰ ਭਟਕਾਉਣ ਦਾ ਇੱਕ ਡਰਾਮਾ ਸੀ। ਇਹ ਗੰਭੀਰ ਦੋਸ਼ ਅੱਜ ਭਾਰਤੀ ਜਨਤਾ ਪਾਰਟੀ, ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਲਗਾਏ।
ਜੋਸ਼ੀ ਨੇ ਕਿਹਾ ਕਿ ਜਿਸ ਵੇਲੇ ਐਸ.ਐਸ.ਪੀ. ਮੋਹਾਲੀ ਮਾਜਰੀ ਥਾਣੇ ਚ ਮੀਡੀਆ ਨੂੰ ਮਾਈਨਿੰਗ ਖ਼ਿਲਾਫ਼ ਕੀਤੀ ਕਾਰਵਾਈ ਬਾਰੇ ਜਾਣਕਾਰੀ ਦੇ ਰਹੇ ਸਨ, ਉਸੇ ਸਮੇਂ ਥਾਣੇ ਦੇ ਬਾਹਰ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਇਕੱਠੇ ਹੋ ਕੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਲਿਆ ਰਹੇ ਸਨ। ਲੋਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਟਿੱਪਰਾਂ ਨੂੰ “ਜ਼ਬਤ” ਦਿਖਾਇਆ ਗਿਆ, ਉਹ ਅਸਲ ਵਿੱਚ ਰਾਤ ਦੇ ਸਮੇਂ ਪੁਲਿਸ ਵੱਲੋਂ ਪਾਰਕਿੰਗ ਸਟੈਂਡ ਤੋਂ ਚੁੱਕੇ ਗਏ, ਫਿਰ ਇੱਕ ਕਰਸ਼ਰ ’ਤੇ ਲੈ ਜਾ ਕੇ ਉਨ੍ਹਾਂ ਵਿੱਚ ਜ਼ਬਰਦਸਤੀ ਮਾਈਨਿੰਗ ਮਟੀਰੀਅਲ ਭਰਵਾਇਆ ਗਿਆ ਅਤੇ ਬਾਅਦ ਵਿੱਚ ਮਾਜਰੀ ਥਾਣੇ ਦੇ ਬਾਹਰ ਖੜ੍ਹਾ ਕਰ ਕੇ “ਕਾਰਵਾਈ” ਦਾ ਡਰਾਮਾ ਰਚਿਆ ਗਿਆ।
ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਜਦੋਂ ਟਿੱਪਰ ਚਾਲਕਾਂ ਨੇ ਵਾਹਨ ਚਲਾਉਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨਾਲ ਮਾਰ-ਕੁੱਟ ਕੀਤੀ ਗਈ। ਇਤਨਾ ਹੀ ਨਹੀਂ, ਕਰਸ਼ਰ ’ਤੇ ਸੁੱਤੇ ਮਜ਼ਦੂਰਾਂ ਦੇ ਦਰਵਾਜ਼ੇ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ, ਪਿਟਿਆ ਗਿਆ ਅਤੇ ਡਰਾਉਂਦਿਆਂ ਟਿੱਪਰਾਂ ਵਿੱਚ ਮਟੀਰੀਅਲ ਭਰਵਾਇਆ ਗਿਆ।
ਦੋਸ਼ ਹੋਰ ਵੀ ਗੰਭੀਰ ਇਸ ਕਰਕੇ ਬਣ ਜਾਂਦੇ ਹਨ ਕਿ ਪੁਲਿਸ ਪੈਟਰੋਲ ਪੰਪ ਅਤੇ ਕਰਸ਼ਰ—ਦੋਹਾਂ ਥਾਵਾਂ ਤੋਂ ਸੀਸੀਟੀਵੀ ਕੈਮਰਿਆਂ ਦੀ ਡੀ.ਵੀ.ਆਰ. ਜ਼ਬਤ ਕਰ ਕੇ ਲੈ ਗਈ, ਜਿਸ ਨਾਲ ਸ਼ੱਕ ਹੋਰ ਡੂੰਘਾ ਹੋ ਜਾਂਦਾ ਹੈ।
ਜੋਸ਼ੀ ਨੇ ਕਿਹਾ ਕਿ ਜਾਂ ਤਾਂ ਹੇਠਲੇ ਪੱਧਰ ਦੇ ਅਧਿਕਾਰੀਆਂ ਨੇ ਐਸ.ਐਸ.ਪੀ. ਮੋਹਾਲੀ ਨੂੰ ਗੁਮਰਾਹ ਕੀਤਾ ਹੈ ਜਾਂ ਫਿਰ ਇਹ ਸਭ ਕੁਝ ਉਨ੍ਹਾਂ ਦੀ ਜਾਣਕਾਰੀ ਵਿੱਚ ਹੋਇਆ—ਦੋਹਾਂ ਹੀ ਸਥਿਤੀਆਂ ਬਹੁਤ ਚਿੰਤਾਜਨਕ ਹਨ। ਉਨ੍ਹਾਂ ਨੇ ਇਹ ਵੀ ਸਵਾਲ ਉਠਾਇਆ ਕਿ ਜਦੋਂ ਐਸ.ਐਸ.ਪੀ. ਮੀਡੀਆ ਨਾਲ ਗੱਲ ਕਰ ਕੇ ਬਾਹਰ ਨਿਕਲੇ, ਤਾਂ ਉਨ੍ਹਾਂ ਨੇ ਇਕੱਠੇ ਹੋਏ ਲੋਕਾਂ ਦੀ ਗੱਲ ਸੁਣੇ ਬਿਨਾਂ ਹੀ ਉਥੋਂ ਜਾਣਾ ਕਿਉਂ ਠੀਕ ਸਮਝਿਆ।
ਅੰਤ ਵਿੱਚ ਜੋਸ਼ੀ ਨੇ ਮੰਗ ਕੀਤੀ ਕਿ ਜੇ ਐਸ.ਐਸ.ਪੀ. ਮੋਹਾਲੀ ਸਚਮੁੱਚ ਇਮਾਨਦਾਰ ਹਨ, ਤਾਂ ਇਨ੍ਹਾਂ ਗੰਭੀਰ ਦੋਸ਼ਾਂ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਜਾਂ ਰਾਜ ਸਰਕਾਰ ਦੀ ਕੋਈ ਵੀ ਏਜੰਸੀ ਸੁਤੰਤਰ ਜਾਂਚ ਕਰਨ ਦੇ ਯੋਗ ਨਹੀਂ ਹੈ, ਖ਼ਾਸ ਕਰਕੇ ਜਦੋਂ ਗੈਰਕਾਨੂੰਨੀ ਮਾਈਨਿੰਗ ਨੂੰ ਸੁਰੱਖਿਆ ਦੇਣ ਦੇ ਦੋਸ਼ ਖਰੜ ਦੀ ਵਿਧਾਯਕ ਅਨਮੋਲ ਗਗਨ ਮਾਨ ਅਤੇ ਪੰਜਾਬ ਪੁਲਿਸ ’ਤੇ ਲੱਗ ਰਹੇ ਹਨ।