ਸ.ਜੋਗਿੰਦਰ ਸਿੰਘ ਸਪੋਕਸਮੈਨ ਤੇ ਸ਼੍ਰੋਮਣੀ ਕਮੇਟੀ ਲਈ ਮਾਪਦੰਡ ਵੱਖੋ-ਵੱਖਰੇ ਕਿਉਂ? : ਸਿਰਸਾ
328 ਪਾਵਨ ਸਰੂਪਾਂ ਦੇ ਇਨਸਾਫ਼ ਲਈ ਜਥੇਦਾਰ ਗੜਗੱਜ ਨੂੰ ਸੌਂਪਿਆ ਪੱਤਰ
ਕੋਟਕਪੂਰਾ : ਇਸੇ ਮਹੀਨੇ 7 ਦਸੰਬਰ ਨੂੰ ਭਾਈ ਬਲਦੇਵ ਸਿੰਘ ਵਡਾਲਾ ਦੀ ਸ਼ਿਕਾਇਤ ’ਤੇ 328 ਲਾਪਤਾ ਪਾਵਨ ਸਰੂਪਾਂ ਦੇ ਇਨਸਾਫ਼ ਲਈ ਦਰਜ ਹੋਏ ਮਾਮਲੇ ਸਬੰਧੀ ਇਨਸਾਫ਼ ਦੀ ਮੰਗ ਕਰਦਿਆਂ ਧਾਰਮਕ ਸ਼ਖਸ਼ੀਅਤ ਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਅਕਾਲ ਤਖ਼ਤ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਆਖਿਆ ਕਿ ਐਫ਼ਆਈਆਰ ਨੰਬਰ 108 ਵਿਚ ਨਾਮਜਦ ਮੁਲਜ਼ਮਾਂ ਨੂੰ ਬਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਅਨੇਕਾਂ ਕਮੇਟੀ ਮੈਂਬਰਾਂ ਵਲੋਂ ਪੰਥ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੀ ਧਰਮ ਵਿਚ ਦਖ਼ਲਅੰਦਾਜ਼ੀ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਹੈ।
ਸ਼ਿਕਾਇਤਕਰਤਾ ਮੁਤਾਬਕ ਸ. ਜੋਗਿੰਦਰ ਸਿੰਘ ਸਪੋਕਸਮੈਨ ਨੇ ਅਪਣੇ ਅਖ਼ਬਾਰ ਵਿਚ ਸਾਲ 2010 ਵਿਚ ਸੰਪਾਦਕੀ ਪ੍ਰਕਾਸ਼ਿਤ ਕੀਤੀ ਪਰ ਵਿਰੋਧ ਹੋਣ ’ਤੇ ਉਨ੍ਹਾਂ ਸੰਪਾਦਕੀ ਵਾਪਸ ਲੈਣ ਦਾ ਐਲਾਨ ਕਰਦਿਆਂ ਲਿਖਤੀ ਮਾਫ਼ੀ ਵੀ ਮੰਗੀ ਪਰ ਤਖ਼ਤਾਂ ਦੇ ਜਥੇਦਾਰਾਂ ਨੇ ਉਸ ਸਮੇਂ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਸਮੇਤ ਹਰਨਾਮ ਸਿੰਘ ਧੁੰਮਾ ਅਤੇ ਅਨੇਕਾਂ ਸਿੱਖ ਸ਼ਕਲਾਂ ਵਾਲੀਆਂ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਆਗੂਆਂ ਨਾਲ ਮਿਲ ਕੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇ ਕੇ ਸ.ਜੋਗਿੰਦਰ ਸਿੰਘ ਵਿਰੁਧ ਐਫ਼ਆਈਆਰ ਨੰਬਰ 29 ਦਰਜ ਕਰਵਾਈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਤਰਲੋਚਨ ਸਿੰਘ ਨੇ ਲੇਖਕ ਇਕਬਾਲ ਸਿੰਘ ਢਿੱਲੋਂ ਵਿਰੁਧ ਮਾਮਲਾ ਦਰਜ ਕਰਵਾਇਆ। ਸਾਲ 1999 ਵਿਚ ਖ਼ਾਲਸਾ ਦਿਵਸ ਦੇ 300 ਸਾਲਾ ਸ਼ਤਾਬਦੀ ਸਮਾਗਮਾ ਮੌਕੇ ਹਿੰਦੀ ਵਿਚ ਸ਼੍ਰੋਮਣੀ ਕਮੇਟੀ ਨੇ ਗੁਰੂ ਸਾਹਿਬਾਨ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਾਲੀ ਸਿੱਖ ਇਤਿਹਾਸ ਪੁਸਤਕ ਛਾਪੀ ਪਰ ਉਸ ਨੂੰ ਵਾਪਸ ਲੈਣ ਦਾ ਆਖ ਕੇ ਮਾਮਲਾ ਦਬਾਅ ਦਿਤਾ ਗਿਆ। ਸਿਰਸਾ ਨੇ ਪੱਤਰ ਵਿਚ ਅਜਿਹੀਆਂ ਅਨੇਕਾਂ ਹੋਰ ਉਦਾਹਰਨਾ ਦਿੰਦਿਆਂ ਆਖਿਆ ਕਿ ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਅਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ ਪੰਥ ਦਾ ਨੁਕਸਾਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਨਵੀਂ ਪੀੜ੍ਹੀ ਪੰਥ ਵਿਰੋਧੀ ਸ਼ਕਤੀਆਂ ਦੀ ਇਸ ਦਲੀਲ ਦਾ ਜਵਾਬ ਕਿਵੇਂ ਦੇਵੇਗੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾ, ਮੈਂਬਰਾਂ, ਸਕੱਤਰਾਂ, ਉੱਚ ਅਧਿਕਾਰੀਆਂ ਨੇ ਪੰਥ ਵਿਰੋਧੀ ਸ਼ਕਤੀਆਂ ਅਰਥਾਤ ਸਿੱਖ ਵਿਰੋਧੀ ਤਾਕਤਾਂ ਨੂੰ ਖ਼ੁਸ਼ ਕਰਨ ਲਈ ਚਾਰ ਛਿੱਲੜਾਂ ਖਾਤਰ ਗੁਰੂ ਸਾਹਿਬਾਨ ਜੀ ਦੇ ਸ਼ਾਨਾਮੱਤੇ ਇਤਿਹਾਸ ਨੂੰ ਇਕ ਸਾਜਿਸ਼ ਤਹਿਤ ਮਾੜੀ ਨੀਅਤ ਨਾਲ ਮਿੱਟੀ ਵਿਚ ਮਿਲਾਉਣ ਦੀ ਕੋਸ਼ਿਸ਼ ਕੀਤੀ ਹੈ। ਸਿਰਸਾ ਨੇ ਪੁੱਛਿਆ ਕਿ ਕੀ ਇਹ ਚੰਦੂ ਪਾਪੀ, ਮਸੰਦ, ਗੰਗੂ, ਸੁੱਚਾ ਨੰਦ, ਮੱਸਾ ਰੰਗੜ, ਨਰੈਣੂ ਮਹੰਤ ਆਦਿਕ ਦੇ ਵਾਰਸ ਹਨ? ਜਾਂ ਉਨ੍ਹਾਂ ਤੋਂ ਵੀ ਵੱਡੇ ਦੋਸ਼ੀ ਹਨ, ਜਿਨ੍ਹਾ ਨੇ ਇਨ੍ਹਾਂ ਨੂੰ ਵੀ ਮਾਤ ਪਾ ਦਿਤੀ ਹੈ। ਉਨ੍ਹਾ ਆਖਿਆ ਕਿ ਭਾਵੇਂ ਉਪਰੋਕਤ ਮਸੰਦਾਂ ਨੇ ਸਿੱਖਾਂ ’ਤੇ ਵੱਡੇ ਵੱਡੇ ਜ਼ੁਲਮ ਕੀਤੇ ਪਰ ਕਿਸੇ ਇਕ ਨੇ ਵੀ ਗੁਰੂ ਸਾਹਿਬਾਨ ਵਿਰੁਧ ਅਪਸ਼ਬਦ ਨਹੀਂ ਲਿਖੇ ਅਤੇ ਨਾ ਹੀ ਅਜਿਹੀ ਕੋਈ ਵਿਵਾਦਤ ਕਿਤਾਬ ਲਿਖੀ। ਉਨ੍ਹਾਂ ਆਖਿਆ ਕਿ 328 ਪਾਵਨ ਸਰੂਪਾਂ ਦੇ ਸਬੰਧ ਵਿਚ 28 ਦਸੰਬਰ ਨੂੰ ਬੁਲਾਈ ਗਈ ਇਕੱਤਰਤਾ ਵਿਚ ਜਾਂ ਤਾਂ ਜਥੇਦਾਰ ਨਿਰਪੱਖ ਅਤੇ ਦਲੇਰਾਨਾ ਫ਼ੈਸਲਾ ਸੁਣਾਉਣਗੇ ਜਾਂ ਉਨ੍ਹਾਂ ਨੂੰ ਵੀ ਸਿੱਖ ਕੌਮ ਗਿਆਨੀ ਗੁਰਬਚਨ ਸਿੰਘ ਵਾਲੀ ਕਤਾਰ ਵਿਚ ਖਲੋਤਾ ਦੇਖੇਗੀ।