ਬਠਿੰਡਾ ’ਚ ਮਹਿਲਾ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲਾਸ਼ ਨੂੰ ਖਾਲੀ ਪਲਾਟ ਵਿੱਚ ਸੁੱਟ ਕੇ ਅਣਪਛਾਤੇ ਹੋਏ ਫ਼ਰਾਰ

Woman murdered in Bathinda

ਬਠਿੰਡਾ: ਬਠਿੰਡਾ ’ਚ ਮਹਿਲਾ ਦਾ ਕਤਲ ਹੋਣ ਦੀ ਖਬਰ ਹੈ। ਜਾਣਕਾਰੀ ਦਿੰਦੇ ਹੋਏ ਐਸਪੀਸੀਟੀ ਨਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਡੇ ਥਾਣਾ ਕਨਾਲ ਏਰੀਏ ਦੇ ਵਿੱਚ ਸੂਚਨਾ ਪ੍ਰਾਪਤ ਹੋਈ ਸੀ ਕਿ ਇੱਕ ਮਹਿਲਾ ਜੋ ਕਿ ਘਰ ਤੋਂ ਲਾਪਤਾ ਹੋਈ ਹੈ ਅਤੇ ਬਠਿੰਡਾ ਦੇ ਇੱਕ ਨਿਜੀ ਕੰਪਨੀ ਦੇ ਸ਼ੋਅਰੂਮ ਵਿੱਚ ਕੰਮ ਕਰਦੀ ਹੈ, ਰੋਜ਼ਾਨਾ ਹੀ ਆਪਣੇ ਕੰਮ ਕਾਰ ਲਈ ਜਾਂਦੀ ਸੀ, ਪ੍ਰੰਤੂ ਬੀਤੇ ਕੱਲ੍ਹ ਤੋਂ ਉਹ ਘਰ ਵਾਪਸ ਨਹੀਂ ਪਰਤੀ। ਕਾਫੀ ਭਾਲ ਕੀਤੀ ਗਈ ਅਤੇ ਸੂਚਨਾ ਨਾ ਮਿਲਣ ਤੋਂ ਬਾਅਦ ਆਖਿਰਕਾਰ ਸਾਡੇ ਵੱਲੋਂ ਜਾਂਚ ਪੜਤਾਲ ਸ਼ੁਰੂ ਕੀਤੀ ਗਈ, ਤਾਂ ਕੁਝ ਦੂਰੀ ਉੱਤੇ ਹੀ ਖਾਲੀ ਪਲਾਟ ਵਿੱਚ ਮਹਿਲਾ ਦੀ ਲਾਸ਼ ਮਿਲੀ, ਜਿਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਹੋਇਆ ਹੈ।

ਸਾਡੀ ਵੱਖ ਵੱਖ ਟੀਮਾਂ ਜਾਂਚ ਪੜਤਾਲ ਕਰ ਰਹੀਆਂ ਹਨ ਅਤੇ ਜਲਦ ਇਸ ਪੂਰੇ ਮਾਮਲੇ ਨੂੰ ਸੁਲਝਾਇਆ ਜਾਵੇਗਾ। ਦੱਸ ਦੇਈਏ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਇਸ ਮਹਿਲਾ ਦੀ ਲਵ ਮੈਰਿਜ ਹੋਈ ਸੀ ਅਤੇ ਬਠਿੰਡਾ ਦੇ ਗੋਪਾਲ ਨਗਰ ਕਿਰਾਏ ਦੇ ਮਕਾਨ ’ਚ ਰਹਿੰਦੇ ਸਨ ਅਤੇ ਇਹਨਾਂ ਦੇ ਇੱਕ ਦੋ ਸਾਲ ਦਾ ਬੱਚਾ ਵੀ ਹੈ। ਮੌਕੇ ’ਤੇ ਪੁੱਜੇ ਮ੍ਰਿਤਕ ਮਹਿਲਾ ਦੇ ਪਤੀ ਨੇ ਕਿਹਾ ਹੈ ਕਿ ਸਾਡੀ ਲਵ ਮੈਰਿਜ ਹੋਈ ਸੀ ਅਤੇ ਕੁਝ ਵਿਅਕਤੀਆਂ ਉਪਰ ਮੈਨੂੰ ਸ਼ੱਕ ਹੈ ਜੋ ਕਿ ਪੁਲਿਸ ਨੂੰ ਦੱਸੇ ਜਾ ਰਹੇ ਹਨ।