ਅਕਾਲੀ-ਭਾਜਪਾ 'ਚ ਸੱਭ ਅੱਛਾ ਨਹੀਂ, ਦੂਰੀਆਂ ਵਧੀਆਂ
ਪਿਛਲੇ ਕੁੱਝ ਦਿਨਾਂ ਤੋਂ ਬੇਸ਼ਕ ਮੀਡੀਆ ਵਿਚ ਅਕਾਲੀ ਭਾਜਪਾ ਵਲੋਂ ਅੰਮ੍ਰਿਤਸਰ, ਲੁਧਿਆਣਾ ਦੀਆਂ ਲੋਕ ਸਭਾ ਸੀਟਾਂ ਵਿਚ ਅਦਲਾ-ਬਦਲੀ.......
ਚੰਡੀਗੜ੍ਹ : ਪਿਛਲੇ ਕੁੱਝ ਦਿਨਾਂ ਤੋਂ ਬੇਸ਼ਕ ਮੀਡੀਆ ਵਿਚ ਅਕਾਲੀ ਭਾਜਪਾ ਵਲੋਂ ਅੰਮ੍ਰਿਤਸਰ, ਲੁਧਿਆਣਾ ਦੀਆਂ ਲੋਕ ਸਭਾ ਸੀਟਾਂ ਵਿਚ ਅਦਲਾ-ਬਦਲੀ ਦੀ ਚਰਚਾ ਚੱਲ ਰਹੀ ਹੈ ਪਰ ਦੋਹਾਂ ਪਾਰਟੀਆਂ ਵਿਚ ਨਵੇਂ ਜੋੜ-ਤੋੜਾਂ ਕਾਰਨ ਅੰਦਰੋਂ ਖਿੱਚੋਤਾਣ ਵਧ ਗਈ ਹੈ ਅਤੇ ਦੋਹਾਂ ਪਾਰਟੀਆਂ ਵਿਚ ਸੱਭ ਕੁੱਝ ਅੱਛਾ ਨਹੀਂ ਅਤੇ ਦੂਰੀਆਂ ਵੱਧ ਰਹੀਆਂ ਹਨ। ਅਕਾਲੀ ਦਲ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਮਹਿਸੂਸ ਹੋ ਰਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਉਨ੍ਹਾਂ ਦੇ ਕਾਡਰ ਨੂੰ ਖੋਰਾ ਲਾਇਆ ਜਾ ਰਿਹਾ ਹੈ।
ਪਿਛਲੇ ਦਿਨੀਂ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਸ੍ਰੀ ਐਵਾਰਡ ਮਿਲਣ 'ਤੇ ਜਿਥੇ ਹੈਰਾਨੀ ਹੋਈ ਹੈ, ਉਥੇ ਅਕਾਲੀ ਦਲ ਵਿਚ ਭਾਜਪਾ ਦੇ ਰੋਸ ਤੇ ਸ਼ੰਕੇ ਪਾਏ ਜਾਣ ਲੱਗੇ ਹਨ। ਮਿਲੀ ਜਾਣਕਾਰੀ ਅਨੁਸਾਰ ਸਿੱਖ ਆਗੂਆਂ ਨੂੰ ਦਿਤੇ ਐਵਾਰਡਾਂ ਪ੍ਰਤੀ ਅਕਾਲੀ ਦਲ ਨੇ ਕਿਸੀ ਵੀ ਆਗੂ ਨੂੰ ਜਾਣਕਾਰੀ ਨਹੀਂ ਸੀ। ਇਥੋਂ ਤਕ ਕਿ ਪ੍ਰਕਾਸ਼ ਸਿੰਘ ਬਾਦਲ ਨੇ ਮੰਨਿਆ ਹੈ ਕਿ ਦੋਹਾਂ ਐਵਾਰਡਾਂ ਸਬੰਧੀ ਨਾ ਤਾਂ ਪਾਰਟੀ ਦੇ ਕਿਸੇ ਆਗੂ ਨੂੰ ਪੁਛਿਆ ਗਿਆ ਅਤੇ ਨਾ ਹੀ ਜਾਣਕਾਰੀ ਦਿਤੀ ਗਈ।
ਇਹ ਵੀ ਚਰਚਾ ਹੈ ਕਿ ਭਾਜਪਾ ਦੇ ਸੀਨੀਅਰ ਆਗੂਆਂ ਕਮਲ ਸ਼ਰਮਾ ਅਤੇ ਤੀਕਸ਼ਣ ਸੂਦ ਨੇ ਅੱਜ ਸੁਖਦੇਵ ਸਿੰਘ ਢੀਂਡਸਾ ਨਾਲ ਮੁਲਾਕਾਤ ਕੀਤੀ ਹੈ। ਮੁਲਾਕਾਤ ਬਾਰੇ ਸ. ਢੀਂਡਸਾ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਆਗੂ ਉਨ੍ਹਾਂ ਨੂੰ ਮਿਲਣ ਲਈ ਆਏ ਸਨ। ਉਹ ਵਧਾਈ ਦੇਣ ਆਏ ਸਨ। 2017 ਦੀਆਂ ਅਸੈਂਬਲੀ ਚੋਣਾਂ ਸਮੇਂ ਭਾਜਪਾ ਦੀ ਭੂਮਿਕਾ ਤੋਂ ਵੀ ਅਕਾਲੀ ਦਲ ਖ਼ਫ਼ਾ ਹੈ। ਅਕਾਲੀ ਦਲ ਨੂੰ ਮਹਿਸੂਸ ਹੋ ਰਿਹਾ ਹੈ ਕਿ ਆਪ ਦੀ ਸਿਆਸੀ ਤਾਕਤ ਨੂੰ ਰੋਕਣ ਲਈ ਭਾਜਪਾ ਨੇ ਅਪਣੀਆਂ ਵੋਟਾਂ ਅਕਾਲੀ ਦਲ ਨੂੰ ਭੁਗਤਾਉਣ ਦੀ ਬਜਾਏ ਕਾਂਗਰਸ ਨੂੰ ਭੁਗਤਾਈਆਂ।
ਇਥੇ ਹੀ ਬਸ ਨਹੀਂ, ਅਕਾਲੀ ਦਲ ਪਿਛਲੇ ਚਾਰ ਸਾਲਾਂ ਤੋਂ ਕਿਸਾਨਾਂ ਨੂੰ ਰਾਹਤ ਦੇਣ ਲਈ ਜ਼ੋਰ ਲਾਉਂਦਾ ਆ ਰਿਹਾ ਹੈ ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਅਕਾਲੀ ਦਲ ਦੀ ਪ੍ਰਵਾਹ ਨਹੀਂ ਕੀਤੀ। ਮਿਲੀ ਜਾਣਕਾਰੀ ਅਨੁਸਾਰ ਅਕਾਲੀ ਦਲ ਦਾ ਕਾਡਰ ਵੀ ਪਾਰਟੀ ਲੀਡਰਸ਼ਿਪ ਤੋਂ ਖ਼ਫ਼ਾ ਹੈ ਕਿ ਜਦ ਕੇਂਦਰ ਸਰਕਾਰ 'ਚ ਉਨ੍ਹਾਂ ਦੀ ਗੱਲ ਸੁਣੀ ਨਹੀਂ ਜਾਂਦੀ ਤਾਂ ਫਿਰ ਅਕਾਲੀ ਦਲ ਭਾਜਪਾ ਨਾਲ ਕਿਉਂ ਚਿੰਬੜਿਆ ਪਿਆ ਹੈ। ਦੂਜੇ ਪਾਸੇ, ਪੰਜਾਬ ਭਾਜਪਾ ਲੋਕ ਸਭਾ ਸੀਟਾਂ ਦੀ ਅਕਾਲੀ-ਭਾਜਪਾ ਦੇ ਹੱਕ ਵਿਚ ਨਹੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਅੰਮ੍ਰਿਤਸਰ ਜਾਂ ਹੁਸ਼ਿਆਰਪੁਰ 'ਚੋਂ ਕੋਈ ਵੀ ਸੀਟ ਅਕਾਲੀ ਦਲ ਨੂੰ ਦਿਤੀ ਜਾਂਦੀ ਹੈ
ਤਾਂ ਇਸ ਦਾ ਭਾਜਪਾ ਨੂੰ ਨੁਕਸਾਨ ਹੈ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਦੇ ਲੋਕ ਸਭਾ ਹਲਕਿਆਂ 'ਚ ਪੈਂਦੇ ਵਿਧਾਨ ਸਭਾ ਹਲਕਿਆਂ ਵਿਚੋਂ ਹੀ ਉਨ੍ਹਾਂ ਦੇ ਜ਼ਿਆਦਾ ਵਿਧਾਇਕ ਜਿੱਤ ਪ੍ਰ²ਾਪਤ ਕਰਦੇ ਹਨ। ਇਸ ਲਈ ਇਹ ਸੀਟਾਂ ਛੱਡਣਾ ਭਾਜਪਾ ਲਈ ਨੁਕਸਾਨਦੇਹ ਹੈ। ਮਿਲੀ ਜਾਣਕਾਰੀ ਅਨੁਸਾਰ ਹੁਣ ਵੀ ਅਕਾਲੀ ਦਲ ਵਲੋਂ ਦਬਾਅ ਬਣਾਇਆ ਜਾ ਰਿਹਾ ਹੈ ਕਿ ਪੇਸ਼ ਹੋਣ ਵਾਲੇ ਕੇਂਦਰੀ ਬਜਟ ਵਿਚ ਕਿਸਾਨਾਂ ਨੂੰ ਕੋਈ ਨਾ ਕੋਈ ਅਹਿਮ ਰਾਹਤ ਦਿਤੀ ਜਾਵੇ। ਰਾਹਤ ਮਿਲਦੀ ਹੈ ਜਾਂ ਨਹੀਂ, ਇਹ ਤਾਂ ਬਜਟ ਪੇਸ਼ ਹੋਣ 'ਤੇ ਪਤਾ ਲੱਗੇਗਾ
ਪਰ ਇਸ ਸਮੇਂ ਦੋਹਾਂ ਪਾਰਟੀਆਂ ਵਿਚ ਸੱਭ ਕੁੱਝ ਅੱਛਾ ਨਹੀਂ। ਦੂਰੀਆਂ ਵਧ ਰਹੀਆਂ ਹਨ। ਅਕਾਲੀ ਦਲ ਵਿਚ ਸ਼ੰਕੇ ਵਧ ਰਹੇ ਹਨ ਕਿ ਭਾਜਪਾ ਹੀ ਉਨ੍ਹਾਂ ਦੇ ਕਾਡਰ ਨੂੰ ਖੋਰਾ ਲਗਾ ਰਹੀ ਹੈ। ਭਾਜਪਾ ਦੀ ਨੀਅਤ 'ਤੇ ਵੀ ਸ਼ੰਕੇ ਪ੍ਰਗਟ ਹੋ ਰਹੇ ਹਨ। ਭਾਜਪਾ ਨੂੰ ਲਗਦਾ ਹੈ ਕਿ ਨਾਰਾਜ਼ ਆਗੂਆਂ ਨੂੰ ਨਾਲ ਲੈ ਕੇ ਪੰਜਾਬ ਵਿਚ ਉਹ ਅਪਣਾ ਆਧਾਰ ਬਿਹਤਰ ਬਣਾ ਸਕਦੀ ਹੈ। ਦੂਜੇ ਪਾਸੇ, ਅਕਾਲੀ ਦਲ ਵੀ ਮਹਿਸੂਸ ਕਰ ਰਿਹਾ ਹੈ ਕਿ ਭਾਜਪਾ ਦੀਆਂ ਵੋਟਾਂ ਤਾਂ ਅਕਾਲੀ ਦਲ ਨੂੰ ਪੈਂਦੀਆਂ ਨਹੀਂ ਅਤੇ ਉਨ੍ਹਾਂ ਨਾਲੋਂ ਤੋੜ-ਵਿਛੋੜੇ ਦਾ ਕੋਈ ਨੁਕਸਾਨ ਨਹੀਂ।