ਸਾਬਕਾ ਐਸ.ਐਸ.ਪੀ ਕੋਲੋਂ ਅੱਠ ਘੰਟੇ ਪੁੱਛ-ਪੜਤਾਲ
ਬਹਿਬਲ ਕਲਾ ਕਾਂਡ 'ਚ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਪੁਲਿਸ ਹਿਰਾਸਤ 'ਚ ਲੈਣ ਮਗਰੋਂ ਪੁਲਿਸ ਨੇ ਦੇਰ ਰਾਤ ਕਰੀਬ 10:30 ਵਜੇ......
ਕੋਟਕਪੂਰਾ : ਬਹਿਬਲ ਕਲਾ ਕਾਂਡ 'ਚ ਸਾਬਕਾ ਐਸ.ਐਸ.ਪੀ ਚਰਨਜੀਤ ਸ਼ਰਮਾ ਨੂੰ ਪੁਲਿਸ ਹਿਰਾਸਤ 'ਚ ਲੈਣ ਮਗਰੋਂ ਪੁਲਿਸ ਨੇ ਦੇਰ ਰਾਤ ਕਰੀਬ 10:30 ਵਜੇ ਉਸ ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਰਿਹਾਇਸ਼ 'ਤੇ ਪੇਸ਼ ਕੀਤਾ ਜਿਨ੍ਹਾਂ ਉਸ ਨੂੰ ਅੱਠ ਦਿਨਾਂ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ। ਸਦਰ ਥਾਣਾ ਫ਼ਰੀਦਕੋਟ ਵਿਖੇ ਐਸਆਈਟੀ ਦੇ ਇੰਚਾਰਜ ਏਡੀਜੀਪੀ ਪ੍ਰਮੋਦ ਬਾਨ ਅਤੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਚਰਨਜੀਤ ਸ਼ਰਮਾ ਕੋਲੋਂ ਲਗਾਤਾਰ 8 ਘੰਟੇ ਪੁੱਛ-ਪੜਤਾਲ ਕੀਤੀ। ਕੁੰਵਰਵਿਜੈ ਪ੍ਰਤਾਪ ਸਿੰਘ ਨੇ ਚਰਨਜੀਤ ਸ਼ਰਮਾ ਕੋਲੋਂ ਪੁੱਛ-ਪੜਤਾਲ ਕਰਨ ਦੀ ਪੁਸ਼ਟੀ ਤਾਂ ਕੀਤੀ
ਪਰ ਹੋਰ ਵੇਰਵੇ ਦੇਣ ਤੋਂ ਇਨਕਾਰ ਕਰ ਦਿਤਾ। 'ਸਿੱਟ' ਵਲੋਂ ਉਕਤ ਸਾਬਕਾ ਐਸ.ਐਸ.ਪੀ ਤੋਂ ਇਲਾਵਾ ਸਾਬਕਾ ਐਸ.ਪੀ. ਬਿਕਰਮਜੀਤ ਸਿੰਘ ਅਤੇ ਉਸ ਵੇਲੇ ਬਾਜਾਖ਼ਾਨਾ ਵਿਖੇ ਤਾਇਨਾਤ ਰਹੇ ਐਸ.ਐਚ.ਓ. ਅਮਰਜੀਤ ਸਿੰਘ ਕੁਲਾਰ ਨੂੰ ਥਾਣਾ ਬਾਜਾਖ਼ਾਨਾ ਵਿਖੇ ਦਰਜ ਮੁਕੱਦਮਾ ਨੰਬਰ 130, ਮਿਤੀ 21-10-2015, ਆਈਪੀਸੀ ਦੀ ਧਾਰਾ 302/307/34 ਅਤੇ ਅਸਲਾ ਐਕਟ ਦੀ ਧਾਰਾ 25/27/54/59 ਤਹਿਤ ਪੁੱਛ-ਪੜਤਾਲ ਕਰਨ ਲਈ ਸਿੱਟ ਪੁਲਿਸ ਕੰਪਲੈਕਸ,
82 ਬਟਾਲੀਅਨ ਪੀ.ਏ.ਪੀ ਚੰਡੀਗੜ੍ਹ ਵਿਖੇ 11:30 ਵਜੇ ਹਾਜ਼ਰ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ। ਜਾਂਚ ਟੀਮ ਦੇ ਘੇਰੇ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾ, ਬਾਲੀਵੁਡ ਕਲਾਕਾਰ ਅਕਸ਼ੈ ਕੁਮਾਰ ਆ ਚੁਕੇ ਹਨ। ਇਸ ਮਾਮਲੇ ਵਿਚ ਚਰਜਨੀਤ ਸ਼ਰਮਾ ਦੀ ਪਹਿਲੀ ਗ੍ਰਿਫ਼ਤਾਰੀ ਹੈ।