ਪੰਜਾਬ ਨੇ 'ਸਵੱਸਥ ਭਾਰਤ ਯਾਤਰਾ' ਵਿਚ ਹਾਸਲ ਕੀਤਾ ਬੈਸਟ ਪਰਫਾਰਮਿੰਗ ਸਟੇਟ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਅਧੀਨ ਭਾਰਤ ਦੀ ਫੂਡ ਸੇਫਟੀ ਅਤੇ ਸਟੈਂਡਰਜ਼ ਅਥਾਰਟੀ (ਐਫ.ਐਸ.ਐਸ.ਏ.ਆਈ) ਵੱਲੋਂ ਸ਼ੁਰੂ ਕੀਤੀ 'ਸੱਵਸਥ ਭਾਰ...

Swasth Bharat Yatra

ਚੰਡੀਗੜ੍ਹ : ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ ਅਧੀਨ ਭਾਰਤ ਦੀ ਫੂਡ ਸੇਫਟੀ ਅਤੇ ਸਟੈਂਡਰਜ਼ ਅਥਾਰਟੀ (ਐਫ.ਐਸ.ਐਸ.ਏ.ਆਈ) ਵੱਲੋਂ ਸ਼ੁਰੂ ਕੀਤੀ 'ਸੱਵਸਥ ਭਾਰਤ ਯਾਤਰਾ' ਮੁਹਿੰਮ  ਵਿਚ ਪੰਜਾਬ ਨੂੰ ਬੈਸਟ ਪਰਫਾਰਮਿੰਗ ਸਟੇਟ ਪੁਰਸਕਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਭਾਰਤ ਦੇ ਛੋਟੇ ਰਾਜਾਂ ਦੀ ਸ਼੍ਰੇਣੀ ਵਿਚ ਪੰਜਾਬ ਨੂੰ ਸਭ ਤੋਂ ਵਧੀਆ ਸੂਬਾ ਐਲਾਨਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਪੰਜਾਬ ਦੇ ਅੰਮ੍ਰਿਤਸਰ ਅਤੇ ਬਟਾਲਾ ਦੀ ਬੈਸਟ ਸਿਟੀਜ਼ ਵਜੋਂ ਚੋਣ ਕੀਤੀ ਗਈ ਹੈ।

ਸ੍ਰੀ ਮਹਿੰਦਰਾ ਨੇ ਅੱਗੇ ਕਿਹਾ ਕਿ ਤੰਦਰੁਸਤ ਪੰਜਾਬ ਮਿਸ਼ਨ ਨੂੰ 'ਸੱਵਸਥ ਭਾਰਤ ਯਾਤਰਾ' ਦੇ ਘੇਰੇ ਵਿਚ ਲਿਆਉਣ ਲਈ ਸੂਬੇ ਵਿਚ ਇਸਦਾ ਵਿਸਥਾਰ ਕੀਤਾ ਗਿਆ ਅਤੇ ਜੰਮੂ ਕਸ਼ਮੀਰ ਤੋਂ ਪੰਜਾਬ ਵਿਚ ਇਸ ਯਾਤਰਾ ਦੇ ਦਾਖ਼ਲੇ ਉਪਰੰਤ 2 ਦਸੰਬਰ, 2018 ਨੂੰ ਗੁਰਦਾਸਪੁਰ ਤੋਂ ਇਸਦੀ ਸ਼ੁਰੂਆਤ ਕੀਤੀ ਗਈ। ਸਿਹਤ ਵਿਭਾਗ, ਪੰਜਾਬ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ.ਡੀ.ਏ.) ਵਿੰਗ ਨੇ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸੂਬੇ ਵਿੱਚ ਯਾਤਰਾ ਦੀਆਂ ਗਤੀਵਿਧੀਆਂ ਨੂੰ ਕੋਆਰਡੀਨੇਟ ਕੀਤਾ।

ਉਨ੍ਹਾਂ ਕਿਹਾ ਕਿ '' ਸਹੀ ਖਾਣਾ ਅਤੇ ਸੁਰੱਖਿਅਤ ਖਾਣਾ '' ਵਿਸ਼ੇ ਅਧੀਨ 25 ਦਿਨਾ ਸੱਵਸਥ ਭਾਰਤ-ਤੰਦਰੁਸਤ ਪੰਜਾਬ ਯਾਤਰਾ ਨੇ ਸੂਬੇ ਦੇ ਮੁੱਖ ਜ਼ਿਲ੍ਹਿਆਂ ਨੂੰ ਕਵਰ ਕੀਤਾ। ਸਹੀ ਖਾਣਾ ਅਤੇ ਸੁਰੱਖਿਅਤ ਖਾਣਾ ਬਾਰੇ ਲੋਕਾਂ ਨੂੰ ਜਾਗਰੂਕ ਪੈਦਾ ਕਰਨ ਲਈ ਫੂਡ ਬਿਜਨਸ ਓਪਰੇਟਰਾਂ, ਐਨ ਜੀ ਓਜ਼, ਵਿਦਿਆਰਥੀਆਂ ਅਤੇ ਆਮ ਜਨਤਾ ਨੇ ਇਸ ਮੁਹਿੰਮ ਵਿਚ ਹਿੱਸਾ ਲਿਆ। ਇਸ ਸ਼ਾਨਦਾਰ ਮੁਹਿੰਮ ਤਹਿਤ ਹਜ਼ਾਰਾਂ ਫੂਡ ਬਿਜਨਸ ਓਪਰੇਟਰਾਂ ਨੂੰ ਪੌਸ਼ਟਿਕ, ਸੰਤੁਲਿਤ ਤੇ ਸੁਰੱਖਿਅਤ ਭੋਜਨ, ਗੁਣਵੱਤਾ ਅਤੇ ਸਫਾਈ ਬਾਰੇ ਸਿਖਲਾਈ ਦੇਣ ਲਈ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ।

ਸ੍ਰੀ ਕੇ.ਐਸ. ਪੰਨੂੰ ਕਮਿਸ਼ਨਰ, ਐਫ.ਡੀ.ਏ. ਵੱਲੋਂ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਰਾਜ ਮੰਤਰੀ, ਸਿਹਤ ਸ੍ਰੀ ਅਸ਼ਵਨੀ ਕੁਮਾਰ ਚੌਬੇ ਪਾਸੋਂ ਇਹ ਐਵਾਰਡ ਹਾਸਲ ਕੀਤਾ ਗਿਆ। ਇਹ ਪੁਰਸਕਾਰ ਹਾਸਲ ਕਰਨ ਲਈ ਐਫ.ਡੀ.ਏ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਨੂੰ ਸਖ਼ਤ ਮਿਹਨਤ ਲਈ ਵਧਾਈ ਦਿੰਦਿਆਂ ਸਿਹਤ ਮੰਤਰੀ ਨੇ ਤੰਦਰੁਸਤ ਖਾਣ ਅਤੇ ਤੰਦਰੁਸਤ ਜਿਉਣ ਦੇ ਸੰਦੇਸ਼ ਦੇ ਵਧੇਰੇ ਪ੍ਰਸਾਰ ਲਈ ਠੋਸ ਉਪਰਾਲੇ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿਤਾ।

ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਕੀਤੀਆਂ ਪਹਿਲਕਦਮੀਆਂ 'ਤੇ ਜ਼ੋਰ ਦਿੰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿਹਤ ਵਿਭਾਗ ਦੇ ਐਫ.ਡੀ.ਏ. ਵਿੰਗ ਵੱਲੋਂ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿਚ ਦੁੱਧ ਅਤੇ ਖੁਰਾਕੀ ਵਸਤਾਂ ਦੇ ਨਿਯਮਤ ਨਮੂਨੇ ਲਏ ਜਾ ਰਹੇ ਹਨ ਤਾਂ ਜੋ ਸੂਬੇ ਦੇ ਨਾਗਰਿਕਾਂ ਲਈ ਪੋਸ਼ਟਿਕ ਅਤੇ ਸੁਰੱÎਖਅਤ ਭੋਜਨ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਪਿਛਲੇ 2 ਸਾਲਾਂ ਦੌਰਾਨ ਦੁੱਧ ਅਤੇ ਖੁਰਾਕੀ ਵਸਤਾਂ ਦੀ ਮਿਲਾਵਟਖੋਰੀ 'ਤੇ ਸਖ਼ਤ ਨਿਗਰਾਨੀ ਰੱਖਣ ਲਈ ਸਿਹਤ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਉਤਪਾਦਕਾਂ ਅਤੇ ਵਿਕਰੇਤਾਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।