ਸਿੱਧੂ ਵਲੋਂ ਬੀ ਆਰ ਟੀ ਐਸ ਪ੍ਰਾਜੈਕਟ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਬੀ ਆਰ ਟੀ ਐਸ ਪ੍ਰਾਜੈਕਟ (ਬੱਸ ਰੈਪਿਡ ਟਰਾਂਜ਼ਿਟ ਸਿਸਟਮ) ਦੀ ਮੁਕੰਮਲ ਰੂਪ ਵਿਚ ਸ਼ੁਰੂਆਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ...

Navjot Sidhu launches BRTS project

ਅੰਮ੍ਰਿਤਸਰ  : ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਬੀ ਆਰ ਟੀ ਐਸ ਪ੍ਰਾਜੈਕਟ (ਬੱਸ ਰੈਪਿਡ ਟਰਾਂਜ਼ਿਟ ਸਿਸਟਮ) ਦੀ ਮੁਕੰਮਲ ਰੂਪ ਵਿਚ ਸ਼ੁਰੂਆਤ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਤੀ। ਇਸ ਵਿਚ ਦੋ ਰੂਟਾਂ 'ਤੇ ਚੱਲਣ ਵਾਲੀਆਂ 93 ਏ. ਸੀ. ਬਸਾਂ ਅਤੇ ਵਿਸ਼ਵ ਪਧਰੀ ਮੈਟਰੋ ਬੱਸ ਟਰਮੀਨਲ ਸ਼ਾਮਲ ਹੈ। ਕਰੀਬ 545 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਸਾਂਝੀ ਭਾਈਵਾਲੀ ਨਾਲ ਹੋਂਦ ਵਿਚ ਆਇਆ ਅਤੇ ਹੁਣ ਤਕ ਇਹ ਭਾਰਤ ਦੇ 12 ਸ਼ਹਿਰਾਂ ਜਿਸ ਵਿਚ ਅਹਿਮਦਾਬਾਦ, ਜੈਪੂਰ, ਸੂਰਤ, ਪੂਨਾ, ਰਾਜਕੋਟ, ਵਿਜੈਵਾੜਾ, ਇੰਦੌਰ, ਭੁਵਨੇਸ਼ਵਰ, ਜੈਪੁਰ, ਵਿਸ਼ਾਖ਼ਾਪਟਨਮ, ਭੋਪਾਲ ਅਤੇ ਹੁਬਲੀ ਵਿਚ ਚੱਲ ਰਿਹਾ ਹੈ।

ਇਹ ਬਸਾਂ ਅੱਜ ਤੋਂ ਤਿੰਨ ਮਹੀਨੇ ਤਕ ਹਰ ਯਾਤਰੀ ਨੂੰ ਮੁਫ਼ਤ ਸਫ਼ਰ ਕਰਵਾਉਣਗੀਆਂ। ਇਸ ਸਮੇਂ ਮਗਰੋਂ ਸਕੂਲੀ ਬੱਚੇ ਮੁਫ਼ਤ, ਕਾਲਜ ਵਿਦਿਆਰਥੀ 66 ਫ਼ੀ ਸਦੀ ਰਿਆਇਤ, ਸੀਨੀਅਰ ਸਿਟੀਜ਼ਨ ਅਤੇ ਦਿਵਿਆਂਗ 50 ਫ਼ੀ ਸਦੀ ਰਿਆਇਤ ਨਾਲ ਸਫ਼ਰ ਦੀ ਸਹੂਲਤ ਲੈ ਸਕਣਗੇ। ਯਾਤਰੀ 25 ਰੁਪਏ ਦਾ ਕਾਰਡ ਬਣਾ ਕੇ ਇਕ ਦਿਨ ਵਿਚ ਬਿਨਾਂ ਕਿਸੇ ਸੀਮਾ ਦੇ ਸਫ਼ਰ ਕਰ ਸਕਣਗੇ। 31 ਕਿਲੋਮੀਟਰ ਦੇ ਰੂਟ ਜਿਸ ਵਿਚ ਇੰਡੀਆ ਗੇਟ ਤੋਂ ਵੇਰਕਾ, ਵੇਰਕਾ ਤੋਂ ਅੰਮ੍ਰਿਤਸਰ ਐਂਟਰੀ ਗੇਟ ਅਤੇ ਇੰਡੀਆ ਗੇਟ ਤੋਂ ਅੰਮ੍ਰਿਤਸਰ ਐਂਟਰੀ ਗੇਟ ਸ਼ਾਮਲ ਹੈ, ਤਕ ਅੱਜ ਤੋਂ 97 ਬੱਸਾਂ ਦਾ ਕਾਫ਼ਲਾ ਚਾਲੂ ਕੀਤਾ ਹੈ ਅਤੇ

ਹਰ ਰੂਟ 'ਤੇ ਚਾਰ ਮਿੰਟ ਬਾਅਦ ਬੱਸ ਸਰਵਿਸ ਹੋਵੇਗੀ। ਇਸ ਰੂਟ 'ਤੇ ਬਣੇ 47 ਬੱਸ ਅੱਡਿਆਂ ਵਿਚ ਲੱਗੀਆਂ ਸਕਰੀਨਾਂ 'ਤੇ ਬੱਸ ਦੀ ਆਮਦ ਨਾਲੋ-ਨਾਲ ਵੇਖੀ ਜਾ ਸਕੇਗੀ। ਹਰ ਬੱਸ ਵਿਚ ਕੈਮਰੇ, ਜੀ ਪੀ ਐਸ, ਆਟੋਮੈਟਿਕ ਦਰਵਾਜ਼ੇ, ਏ.ਸੀ ਆਦਿ ਦੀ ਸਹੂਲਤ ਦਿਤੀ ਹੋਈ ਹੈ। ਸਿੱਧੂ ਨੇ ਬੱਸ ਟਿਕਟ ਲਈ ਬਣੇ ਐਪ ਦੀ ਸ਼ੁਰੂਆਤ ਵੀ ਕੀਤੀ ਅਤੇ ਦਸਿਆ ਕਿ ਸਮਾਰਟ ਕਾਰਡ ਜ਼ਰੀਏ ਸਫ਼ਰ ਕਰਨ ਵਾਲੇ ਯਾਤਰੀ ਨੂੰ 20 ਫ਼ੀ ਸਦੀ ਦੀ ਛੋਟ ਦਿਤੀ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਓ. ਪੀ. ਸੋਨੀ, ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਰਾਜ ਕੁਮਾਰ ਵੇਰਕਾ, ਅਧਿਕਾਰੀ ਹਾਜ਼ਰ ਸਨ।